ਟਰਾਲੇ ਦੀ ਲਪੇਟ ’ਚ ਆਉਣ ਕਾਰਨ ਫੌਜ ਦੇ 2 ਜਵਾਨਾਂ ਦੀ ਮੌਤ, 2 ਜ਼ਖਮੀ (ਤਸਵੀਰਾਂ)
Wednesday, Dec 11, 2019 - 12:48 PM (IST)
ਭਵਾਨੀਗੜ੍ਹ (ਵਿਕਾਸ) - ਸੁਨਾਮ-ਭਵਾਨੀਗੜ੍ਹ ਮੁੱਖ ਮਾਰਗ 'ਤੇ ਬੀਤੀ ਰਾਤ ਪਿੰਡ ਸੰਜੂਮਾਂ ਨੇੜੇ ਇਕ ਸਕਾਰਪੀਓ ਤੇ ਟਰੱਕ-ਟਰਾਲੇ ਦਰਮਿਆਨ ਭਿਆਨਕ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ’ਚ ਸਕਾਰਪਿਓ ਸਵਾਰ ਫ਼ੌਜ ਦੇ ਦੋ ਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਦੋ ਸਾਥੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਓਧਰ, ਘਟਨਾ ਸਥਾਨ ’ਤੇ ਪੁੱਜੇ ਮਹਿਲਾ ਚੌਕ ਪੁਲਸ ਚੌਕੀ ਦੇ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮਰਦਖੇੜਾ ਵਾਸੀ ਏਅਰਫੋਰਸ ਦਾ ਜਵਾਨ ਕਮਲਦੀਪ ਸਿੰਘ ਆਪਣੇ ਸਾਥੀਆਂ ਲਵਪ੍ਰੀਤ ਸਿੰਘ, ਚਿਰਾਗ ਨੈਣ ਤੇ ਪ੍ਰਦੀਪ ਨੈਣ ਨਾਲ ਮੰਗਲਵਾਰ ਦੇਰ ਰਾਤ ਸੰਗਰੂਰ ਤੋਂ ਕਿਸੇ ਵਿਆਹ ਸਮਾਗਮ 'ਚੋਂ ਵਾਪਸ ਆ ਰਿਹਾ ਸੀ। ਪਿੰਡ ਮਰਦਖੇੜਾ ਪੁੱਜਣ ’ਤੇ ਉਨ੍ਹਾਂ ਨੂੰ ਫੋਨ ਆਇਆ ਕਿ ਭਵਾਨੀਗੜ੍ਹ ਨੇੜੇ ਉਨ੍ਹਾਂ ਦੇ ਇਕ ਸਾਥੀ ਦੀ ਗੱਡੀ ਹਾਦਸਾਗ੍ਰਸਤ ਹੋ ਗਈ ਹੈ, ਜਿਸ ਦੀ ਮਦਦ ਕਰਨ ਲਈ ਚਾਰੋਂ ਦੋਸਤ ਭਵਾਨੀਗੜ੍ਹ ਰਵਾਨਾ ਹੋ ਗਏ। ਸੁਨਾਮ ਰੋਡ 'ਤੇ ਪਿੰਡ ਸਜੂੰਮਾ ਨੇੜੇ ਬਣ ਰਹੇ ਟੋਲ ਬੈਰੀਅਰ ਕੋਲ ਪੁੱਜਣ ’ਤੇ ਉਨ੍ਹਾਂ ਦੀ ਗੱਡੀ ਦੀ ਭਿਆਨਕ ਟੱਕਰ ਸਾਹਮਣੇ ਤੋਂ ਆ ਰਹੇ ਟਰੱਕ-ਟਰਾਲੇ ਨਾਲ ਹੋ ਗਈ।
ਲੋਕਾਂ ਮੁਤਾਬਕ ਸਕਾਰਪਿਓ ਚਲਾ ਰਹੇ ਕਮਲਦੀਪ ਸਿੰਘ ਤੇ ਚਿਰਾਗ ਨੈਣ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂਕਿ ਲਵਪ੍ਰੀਤ ਸਿੰਘ ਤੇ ਪ੍ਰਦੀਪ ਨੈਣ ਨੂੰ ਗੰਭੀਰ ਹਾਲਤ ’ਚ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ, ਜਿਖੇ ਦੋਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਟਰੱਕ-ਟਰਾਲਾ ਚਾਲਕ ਗੱਡੀ ਛੱਡ ਮੌਕੇ ਤੋਂ ਫਰਾਰ ਹੋ ਗਿਆ।
ਧਰਨੇ 'ਤੇ ਬੈਠੇ ਲੋਕ
ਹਾਦਸੇ ਮਗਰੋਂ ਗੁੱਸੇ 'ਚ ਆਏ ਇਲਾਕੇ ਦੇ ਲੋਕਾਂ ਨੇ ਅੱਜ ਸਵੇਰੇ ਟੋਲ ਪਲਾਜ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਹਤਰਜੀਤ ਸਿੰਘ ਦੀ ਅਗਵਾਈ ਹੇਠ ਸੁਨਾਮ-ਭਵਾਨੀਗੜ੍ਹ ਮੁੱਖ ਸੜਕ ’ਤੇ ਧਰਨਾ ਲਗਾ ਦਿੱਤਾ। ਧਰਨੇ 'ਤੇ ਬੈਠੇ ਲੋਕਾਂ ਨੇ ਕਿਹਾ ਕਿ ਇਹ ਹਾਦਸਾ ਇੱਥੇ ਲੱਗ ਰਹੇ ਟੋਲ ਪਲਾਜ਼ੇ ਕਾਰਨ ਵਾਪਰਿਆ ਹੈ। ਸੜਕ ਵਿਚਕਾਰ ਟੋਲ ਪਲਾਜ਼ਾ ਦੀ ਕਈ ਫੁੱਟ ਚੋੜੀ ਤੇ ਲੰਬੀ ਨੀਂਹ ਨਿੱਤ ਹਾਦਸਿਆਂ ਦਾ ਕਾਰਨ ਬਣ ਰਹੀ ਹੈ, ਜਿਸ ਨੂੰ ਹਟਾਇਆ ਨਹੀਂ ਜਾ ਰਿਹਾ। ਹਰਜੀਤ ਸਿੰਘ ਨੇ ਕਿਹਾ ਕਿ ਸੁਨਾਮ ਫੇਰੀ ਦੌਰਾਨ ਮੁੱਖ ਮੰਤਰੀ ਨੇ ਲੋਕਾਂ ਨੂੰ ਇੱਥੇ ਲਾਏ ਜਾ ਰਹੇ ਟੋਲ ਪਲਾਜ਼ਾ ਨੂੰ ਹਟਾਉਣ ਦਾ ਭਰੋਸਾ ਦਿੱਤਾ ਸੀ, ਜਿਸ ਨੂੰ ਹੁਣ ਤੱਕ ਨਹੀਂ ਹਟਾਇਆ ਗਿਆ। ਜਿਸ ਦੇ ਨਤੀਜੇ ਵਜੋਂ ਬੀਤੀ ਰਾਤ ਭਿਆਨਕ ਹਾਦਸਾ ਵਾਪਰ ਗਿਆ।