ਇਟਲੀ ''ਚ ਸੜਕ ਹਾਦਸੇ ''ਚ ਮਾਰੇ ਗਏ ਨੌਜਵਾਨ ਦੀ ਇਕ ਮਹੀਨੇ ਬਾਅਦ ਲਾਸ਼ ਪੁੱਜੀ ਘਰ, ਦੇਖ ਪਰਿਵਾਰ ਹੋਇਆ ਹਾਲੋ-ਬੇਹਾਲ (pics

Monday, Aug 14, 2017 - 07:05 PM (IST)

ਇਟਲੀ ''ਚ ਸੜਕ ਹਾਦਸੇ ''ਚ ਮਾਰੇ ਗਏ ਨੌਜਵਾਨ ਦੀ ਇਕ ਮਹੀਨੇ ਬਾਅਦ ਲਾਸ਼ ਪੁੱਜੀ ਘਰ, ਦੇਖ ਪਰਿਵਾਰ ਹੋਇਆ ਹਾਲੋ-ਬੇਹਾਲ  (pics

ਭੋਗਪੁਰ(ਰਾਣਾ)— ਇਟਲੀ ਦੇ ਸ਼ਹਿਰ ਰੋਮ 'ਚ 19 ਜੁਲਾਈ 2017 ਨੂੰ ਹੋਏ ਇਕ ਸੜਕ ਹਾਦਸੇ 'ਚ ਮਾਰੇ ਗਏ ਭੋਗਪੁਰ ਦੇ ਨੌਜਵਾਨ ਕਮਲਜੀਤ ਸਿੰਘ ਦੀ ਮ੍ਰਿਤਕ ਦੇਹ ਅੱਜ ਲਗਭਗ ਇਕ ਮਹੀਨੇ ਬਾਅਦ ਭੋਗਪੁਰ ਪਹੁੰਚੀ। ਕਮਲਜੀਤ ਦੀ ਲਾਸ਼ ਨੂੰ ਦੇਖ ਪਰਿਵਾਰ ਹਾਲੋ-ਬੇਹਾਲ ਹੋ ਗਿਆ। ਇਸ ਮੌਕੇ ਪੂਰੇ ਸ਼ਹਿਰ 'ਚ ਮਾਹੌਲ ਸੋਗਮਈ ਬਣ ਗਿਆ। ਜ਼ਿਕਰਯੋਗ ਹੈ ਕਿ ਭੋਗਪੁਰ ਦੇ ਰਵਿਦਾਸ ਨਗਰ ਦੇ ਵਾਰਡ ਨੰਬਰ-6 'ਚ ਰਹਿਣ ਵਾਲਾ ਕਮਲਜੀਤ ਸਿੰਘ ਪੁੱਤਰ ਗੁਰਬਚਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਟਲੀ ਦੇ ਰੋਮ 'ਚ ਰਹਿ ਰਿਹਾ ਸੀ। ਉਸ ਨੂੰ ਇਟਲੀ 'ਚ ਪੱਕੇ ਹੋਏ ਨੂੰ ਸਿਰਫ ਇਕ ਸਾਲ ਹੀ ਹੋਇਆ ਸੀ। ਤਿੰਨ ਮਹੀਨੇ ਪਹਿਲਾਂ ਹੀ ਉਹ ਛੁੱਟੀ ਕੱਟਣ ਲਈ ਆਪਣੇ ਘਰ ਆਇਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਪਰਿਵਾਰ ਦੇ ਨਾਲ ਉਸ ਦੀ ਇਹ ਆਖਰੀ ਮਿਲਣੀ ਸੀ। 

PunjabKesari

ਕਮਲਜੀਤ ਸਿੰਘ ਨਾਲ ਵਾਪਰੀ ਇਸ ਦੁੱਖਭਰੀ ਘਟਨਾ ਨੂੰ ਬਿਆਨ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 19 ਜੁਲਾਈ ਨੂੰ ਜਦੋਂ ਉਹ ਰੋਮ 'ਚ ਆਪਣੇ ਘਰੋਂ ਸਵੇਰੇ ਕੰਮ 'ਤੇ ਜਾਣ ਲਈ ਸਾਈਕਲ 'ਤੇ ਰਵਾਨਾ ਹੋਇਆ ਸੀ ਤਾਂ ਰਸਤੇ 'ਚ ਤਿੰਨ ਇਟਾਲੀਅਨ ਵਿਅਕਤੀ ਜੋ ਨਸ਼ੇ 'ਚ ਧੁੱਤ ਸਨ, ਉਨ੍ਹਾਂ ਨੇ ਆਪਣੀ ਗੱਡੀ ਉਸ ਦੇ ਸਾਈਕਲ 'ਚ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜ਼ਖਮੀ ਹਾਲਤ 'ਚ ਉਸ ਨੂੰ ਐਂਬੂਲੈਂਸ ਰਾਹੀ ਹਸਪਤਾਲ ਲਿਜਾਇਆ ਗਿਆ, ਜਿੱਥੇ 4 ਘੰਟੇ ਬਾਅਦ ਉਸ ਦੀ ਮੌਤ ਹੋ ਗਈ। ਸੋਮਵਾਰ ਨੂੰ ਉਸ ਦੇ ਪਰਿਵਾਰ ਵਾਲੇ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਉਸ ਦੀ ਮ੍ਰਿਤਕ ਦੇਹ ਲੈ ਕੇ ਆਏ ਅਤੇ ਸੋਗਮਈ ਮਾਹੌਲ 'ਚ ਸਵੇਰੇ 11 ਵਜੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸੋਗਮਈ ਬਣੇ ਮਾਹੌਲ 'ਚ ਭੁੱਬਾ ਮਾਰ ਕੇ  ਰੋ ਰਹੇ ਪਰਿਵਾਰ ਦੀ ਹਾਲਤ ਨੂੰ ਦੇਖ ਹਰ ਕਿਸੇ ਦੀਆਂ ਅੱਖਾਂ ਨਮ ਨਜ਼ਰ ਆਈਆਂ। ਇਸ ਮੌਕੇ ਸਾਬਕਾ ਕੌਂਸਲਰ ਰਾਕੇਸ਼ ਕੁਮਾਰ ਬੰਗਾ, ਸੂਬੇਦਾਰ ਰਮੇਸ਼ ਸਮੇਤ ਕਈ ਹੋਰ ਵਿਅਕਤੀ ਵੀ ਮੌਜੂਦ ਰਹੇ।


Related News