ਨਾਕੇ ਦੌਰਾਨ ਨੌਜਵਾਨ ਨੇ ASI ''ਤੇ ਚੜ੍ਹਾਈ ਸੀ ਗੱਡੀ, ਹੁਣ ਇਲਾਜ ਅਧੀਨ ਹੋਈ ਮੌਤ
Monday, Jun 08, 2020 - 03:50 PM (IST)
ਜਲੰਧਰ (ਮਹੇਸ਼)— ਪਿਛਲੇ ਦਿਨੀਂ ਪਿੰਡ ਹਜ਼ਾਰਾ ਨੇੜੇ ਹੁਸ਼ਿਆਰਪੁਰ ਹਾਈਵੇਅ 'ਤੇ ਨਾਕੇ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਜ਼ਖਮੀ ਏ. ਐੱਸ. ਆਈ. ਬਲਬੀਰ ਸਿੰਘ ਨੇ ਅੱਜ ਦਮ ਤੋੜ ਦਿੱਤਾ। ਦਰਅਸਲ ਪਿੰਡ ਹਜ਼ਾਰਾ ਕੋਲ ਹੁਸ਼ਿਆਰਪੁਰ ਹਾਈਵੇਅ 'ਤੇ ਨਾਕੇ 'ਤੇ ਖੜ੍ਹੇ ਏ. ਐੱਸ. ਆਈ. ਬਲਬੀਰ ਸਿੰਘ ਇਕ ਤੇਜ਼ ਰਫਤਾਰ ਕਾਰ ਨਾਲ ਟੱਕਰ ਹੋਣ ਕਰਕੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਉਕਤ ਏ. ਐੱਸ. ਆਈ.ਰਾਮਾਮੰਡੀ ਦੇ ਜੌਹਲ ਹਸਪਤਾਲ 'ਚ ਇਲਾਜ ਅਧੀਨ ਸਨ, ਜਿੱਥੇ ਅੱਜ ਸਵੇਰੇ ਉਨ੍ਹਾਂ ਨੇ ਦਮ ਤੋੜ ਦਿੱਤਾ। ਥਾਣਾ ਪਤਾਰਾ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਦਕਿ ਦੋਸ਼ੀ ਨੂੰ ਪੁਲਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ, ਜੋਕਿ ਇਕ ਬੈਂਕ ਦਾ ਮੈਨੇਜਰ ਹੈ ਅਤੇ ਪਿੰਡ ਦੂਹੜੇ ਥਾਣਾ ਆਦਮਪੁਰ ਦਾ ਰਹਿਣ ਵਾਲਾ ਹੈ।
ਨਾਕੇ ਦੌਰਾਨ ਏ.ਐੱਸ.ਆਈ. ਬਲਬੀਰ ਸਿੰਘ 'ਤੇ ਨੌਜਵਾਨ ਨੇ ਚੜ੍ਹਾਈ ਸੀ ਗੱਡੀ
ਪਿੰਡ ਹਜ਼ਾਰਾ ਦੇ ਮੋੜ 'ਤੇ 17 ਮਈ ਦੇਰ ਰਾਤ ਥਾਣਾ ਪਤਾਰਾ ਦੀ ਪੁਲਸ ਦੇ ਲੱਗੇ ਨਾਕੇ ਦੌਰਾਨ ਉਥੇ ਤਾਇਨਾਤ ਏ. ਐੱਸ. ਆਈ. 'ਤੇ ਇਕ ਨੌਜਵਾਨ ਨੇ ਕਾਰ ਚੜ੍ਹਾ ਦਿੱਤੀ ਸੀ, ਜਿਸ ਨਾਲ ਬਲਬੀਰ ਸਿੰਘ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਜ਼ਖ਼ਮੀ ਹਾਲਤ 'ਚ ਉਨ੍ਹਾਂ ਨੂੰ ਜੌਹਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜੌਹਲ ਹਸਪਤਾਲ ਦੇ ਪ੍ਰਮੁੱਖ ਡਾ. ਬੀ.ਐੱਸ. ਜੌਹਲ ਮੁਤਾਬਕ ਬਲਬੀਰ ਸਿੰਘ ਦੇ ਸਿਰ 'ਤੇ ਜ਼ਿਆਦਾ ਸੱਟ ਲੱਗ ਗਈ ਸੀ ਅਤੇ ਆਈ. ਸੀ. ਯੂ. 'ਚ ਦਾਖਲ ਸਨ।
ਉਕਤ ਤੇਜ਼ ਰਫਤਾਰ ਕਾਰ ਨੂੰ ਆਦਮਪੁਰ ਦੇ ਪਿੰਡ ਦੂਹੜੇ ਦਾ ਰਹਿਣ ਵਾਲਾ ਨੌਜਵਾਨ ਬਲਰਾਜ ਸਿੰਘ ਪੁੱਤਰ ਮਨੋਹਰ ਸਿੰਘ ਚਲਾ ਰਿਹਾ ਸੀ। ਪਹਿਲਾਂ ਉਸ ਨੇ ਰੋਡ 'ਤੇ ਬੈਰੀਕੇਡਜ਼ ਤੋੜੇ ਅਤੇ ਉਸ ਦੇ ਬਾਅਦ ਉਥੇ ਮੌਜੂਦ ਏ. ਐੱਸ. ਆਈ. 'ਤੇ ਕਾਰ ਚੜ੍ਹਾ ਦਿੱਤੀ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਪਤਾਰਾ 'ਚ ਆਈ. ਪੀ. ਸੀ. ਦੀ ਧਾਰਾ 279, 337, 338, 188, 269 ਅਤੇ 270 ਦੇ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੀ ਕਾਰ ਵੀ ਪੁਲਸ ਦੇ ਕਬਜ਼ੇ 'ਚ ਹੈ।