ਯੂ. ਪੀ. ਤੋਂ ਇਲਾਜ ਕਰਵਾਉਣ ਆਈ ਅੌਰਤ ਦੀ ਸੜਕ ਹਾਦਸੇ ’ਚ ਮੌਤ

Thursday, Aug 09, 2018 - 06:41 AM (IST)

ਯੂ. ਪੀ. ਤੋਂ ਇਲਾਜ ਕਰਵਾਉਣ ਆਈ ਅੌਰਤ ਦੀ ਸੜਕ ਹਾਦਸੇ ’ਚ ਮੌਤ

ਮੋਹਾਲੀ, (ਕੁਲਦੀਪ)- ਉਤਰ ਪ੍ਰਦੇਸ਼  (ਯੂ. ਪੀ.) ਦੇ ਬਰੇਲੀ ਸ਼ਹਿਰ ਤੋਂ ਆਪਣੀ ਕਿਡਨੀ ਦਾ ਇਲਾਜ ਕਰਵਾਉਣ ਪਤੀ ਨਾਲ ਮੋਹਾਲੀ ਆਈ ਅੌਰਤ ਦੀ ਇਕ ਸਡ਼ਕ ਹਾਦਸੇ ਵਿਚ ਮੌਤ ਹੋ ਗਈ।  ਮ੍ਰਿਤਕਾ ਦਾ ਨਾਂ ਸ਼ਸ਼ੀ ਗੁਪਤਾ (53) ਦੱਸਿਆ ਜਾਂਦਾ ਹੈ। ਪੁਲਸ ਨੇ ਮ੍ਰਿਤਕਾ ਦੇ ਪਤੀ  ਦੇ ਬਿਆਨਾਂ ’ਤੇ ਕਾਰ ਚਾਲਕ ਖਿਲਾਫ ਕੇਸ ਦਰਜ ਕਰਕੇ ਕਾਰ ਕਬਜ਼ੇ ਵਿਚ ਲੈ ਲਈ ਹੈ।   ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕਾ ਦੇ ਪਤੀ ਗਿਆਨ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਉਹ ਉਤਰਾਖੰਡ ਦੇ ਦੇਹਰਾਦੂਨ ਸ਼ਹਿਰ ਵਿਚ ਇਕ ਇੰਸ਼ੋਰੈਂਸ ਕੰਪਨੀ ਵਿਚ ਮੈਨੇਜਰ ਵਜੋਂ ਤਾਇਨਾਤ ਹੈ ਤੇ ਉਹ ਮੂਲ ਰੂਪ ਵਿਚ ਉਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ਦਾ ਰਹਿਣ ਵਾਲਾ ਹੈ। ਉਸ ਦੀ ਪਤਨੀ ਸ਼ਸ਼ੀ ਗੁਪਤਾ ਦੀ ਕਿਡਨੀ ਦਾ ਫੋਰਟਿਸ ਹਸਪਤਾਲ ਮੋਹਾਲੀ ਤੋਂ ਇਲਾਜ ਚੱਲ ਰਿਹਾ ਹੈ। ਅੱਜ  ਉਹ ਆਪਣੀ ਪਤਨੀ ਸ਼ਸ਼ੀ ਗੁਪਤਾ ਨੂੰ ਲੈ ਕੇ ਟਰੇਨ ਰਾਹੀਂ ਚੰਡੀਗਡ਼੍ਹ ਆਇਆ, ਜਿਥੋਂ ਟੈਕਸੀ ਕੈਬ ਕਰਕੇ ਉਹ ਮੋਹਾਲੀ ਦੇ ਫੇਜ਼-11 ਪਹੁੰਚ ਗਏ। 
 ਟੈਕਸੀ ਤੋਂ ਉੱਤਰ ਕੇ ਉਹ ਫੋਰਟਿਸ ਹਸਪਤਾਲ ਲਈ ਆਟੋ ਆਦਿ ਲੈਣ ਲਈ ਜੈਬਰਾ ਕਰਾਸਿੰਗ ’ਤੇ  ਪੈਦਲ ਸਡ਼ਕ ਪਾਰ ਕਰ ਰਹੇ ਸਨ ਕਿ ਚੰਡੀਗਡ਼੍ਹ ਤੋਂ ਆਈ ਇਕ ਚਿੱਟੇ ਰੰਗ ਦੀ ਡਸਟਰ ਕਾਰ ਨੇ  ਸ਼ਸ਼ੀ  ਗੁਪਤਾ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ, ਜਿਸ ਕਾਰਨ  ਉਹ ਸਡ਼ਕ ’ਤੇ ਕਾਫ਼ੀ ਦੂਰ ਜਾ ਕੇ ਡਿਗੀ ਤੇ  ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਇਸ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ ਤੇ ਉਸ ਨੂੰ ਸਿਵਲ ਹਸਪਤਾਲ ਫੇਜ਼-6 ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।   ਪੁਲਸ ਨੇ ਅੌਰਤ ਨੂੰ ਹਿੱਟ ਕਰਨ ਵਾਲੀ ਚੰਡੀਗਡ਼੍ਹ ਨੰਬਰ ਡਸਟਰ ਕਾਰ ਨੂੰ ਕਬਜ਼ੇ ਵਿਚ ਲੈ  ਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਸ ਨੇ ਪੁਲਸ ਸਟੇਸ਼ਨ ਫੇਜ਼-11 ਵਿਚ ਕਾਰ ਚਾਲਕ ਗੁਰਸਿਮਰਨ ਸਿੰਘ ਨਿਵਾਸੀ ਮਕਾਨ ਨੰਬਰ-52, ਸ਼ਿਵਾਲਿਕ ਇਨਕਲੇਵ ਮਨੀਮਾਜਰਾ (ਚੰਡੀਗਡ਼੍ਹ) ਖਿਲਾਫ ਕੇਸ ਦਰਜ ਕਰ ਲਿਆ ਹੈ।  


Related News