ਸੜਕ ਹਾਦਸੇ ’ਚ ਜਾਨ ਗਵਾਉਣ ਵਾਲੇ ਵਿਅਕਤੀ ਦੇ ਪਰਿਵਾਰ ਲਈ 35.35 ਲੱਖ ਦਾ ਕਲੇਮ ਮਨਜ਼ੂਰ
Tuesday, Apr 05, 2022 - 03:23 PM (IST)
ਚੰਡੀਗੜ੍ਹ (ਸੰਦੀਪ) : 4 ਸਾਲ ਪਹਿਲਾਂ ਜ਼ੀਰਕਪੁਰ ਵਿਚ ਵਾਪਰੇ ਸੜਕ ਹਾਦਸੇ ਵਿਚ ਜਾਨ ਗਵਾਉਣ ਵਾਲੇ ਮਨੀਸ਼ ਦੇ ਪਰਿਵਾਰ ਲਈ ਐੱਮ. ਏ. ਸੀ. ਟੀ. (ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ) ਨੇ 35.35 ਲੱਖ ਰੁਪਏ ਕਲੇਮ ਦਿੱਤੇ ਜਾਣ ਦਾ ਫ਼ੈਸਲਾ ਸੁਣਾਇਆ ਹੈ। ਉਸ ਦੇ ਪਰਿਵਾਰ ਵੱਲੋਂ ਕਲੇਮ ਪਟੀਸ਼ਨ ਫਾਈਲ ਕੀਤੀ ਗਈ ਸੀ। ਦਰਜ ਪਟੀਸ਼ਨ ਵਿਚ ਪਰਿਵਾਰ ਵੱਲੋਂ ਕਿਹਾ ਸੀ ਕਿ ਮਨੀਸ਼ ਜ਼ੀਰਕਪੁਰ ਦੀ ਇਕ ਨਿੱਜੀ ਕੰਪਨੀ ਵਿਚ ਬਤੌਰ ਸੀਨੀਅਰ ਮਰਚੇਂਡਾਈਜ਼ਰ ਕੰਮ ਕਰਦਾ ਸੀ। ਉਹ 33 ਹਜ਼ਾਰ ਰੁਪਏ ਮਹੀਨੇਵਾਰ ਕਮਾਈ ਕਰਦਾ ਸੀ। ਉਸ ’ਤੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਸੀ। ਪਰਿਵਾਰ ਨੇ ਅਦਾਲਤ ਤੋਂ ਕਲੇਮ ਪਟੀਸ਼ਨ ਦਰਜ ਕਰ ਕੇ 80 ਲੱਖ ਰੁਪਏ ਕਲੇਮ ਦਿੱਤੇ ਜਾਣ ਦੀ ਮੰਗ ਕੀਤੀ ਸੀ। ਅਦਾਲਤ ਨੇ ਸਾਰੇ ਹਾਲਾਤ ਨੂੰ ਧਿਆਨ ਵਿਚ ਰੱਖਦੇ ਹੋਏ ਪਰਿਵਾਰ ਨੂੰ 35.35 ਲੱਖ ਰੁਪਏ ਕਲੇਮ ਦਿੱਤੇ ਜਾਣ ਦਾ ਫ਼ੈਸਲਾ ਸੁਣਾਇਆ।
ਇਹ ਸੀ ਮਾਮਲਾ
ਜਾਣਕਾਰੀ ਅਨੁਸਾਰ 18 ਫਰਵਰੀ, 2018 ਦੀ ਰਾਤ ਮਨੀਸ਼ ਆਪਣੀ ਕੰਪਨੀ ਦਾ ਇਕ ਪ੍ਰੋਗਰਾਮ ਅਟੈਂਡ ਕਰ ਕੇ ਰਾਜਪੁਰਾ ਤੋਂ ਜ਼ੀਰਕਪੁਰ ਵੱਲ ਆ ਰਿਹਾ ਸੀ। ਉਹ ਆਪਣੇ ਦੋਸਤ ਨਾਲ ਕਾਰ ਵਿਚ ਸੀ। ਕਾਰ ਉਸ ਦਾ ਦੋਸਤ ਚਲਾ ਰਿਹਾ ਸੀ। ਜਿਵੇਂ ਹੀ ਉਹ ਜ਼ੀਰਕਪੁਰ ਕੋਲ ਪਹੁੰਚੇ ਤਾਂ ਇਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਲਪੇਟ ਵਿਚ ਲੈ ਲਿਆ। ਟਰੱਕ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਹਾਦਸੇ ਵਿਚ ਮਨੀਸ਼ ਅਤੇ ਉਸ ਦਾ ਦੋਸਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਦੋਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਮਨੀਸ਼ ਨੇ ਦਮ ਤੋੜ ਦਿੱਤਾ ਸੀ। ਸਬੰਧਿਤ ਥਾਣਾ ਪੁਲਸ ਨੇ ਮੁਲਜ਼ਮ ਟਰੱਕ ਚਾਲਕ ਖ਼ਿਲਾਫ਼ ਬਣਦੀ ਅਪਰਾਧਿਕ ਧਾਰਾ ਤਹਿਤ ਕੇਸ ਦਰਜ ਕੀਤਾ ਸੀ।