ਤੇਜ਼ ਰਫਤਾਰ ਟਿੱਪਰ ਨੇ ਮੋਟਰਸਾਈਕਲ ਨੂੰ ਲਿਆ ਆਪਣੀ ਲਪੇਟ ''ਚ, ਇਕ ਦੀ ਮੌਤ
Saturday, May 05, 2018 - 03:09 PM (IST)

ਬਟਾਲਾ (ਬੇਰੀ) - ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਮੱਧੋਆਣਾ ਵਿਖੇ ਟਿੱਪਰ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਦਿਆਲਗੜ੍ਹ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਮਹਿਲਾ ਚੌਕ ਜ਼ਿਲਾ ਸੰਗਰੂਰ ਆਪਣੇ ਮੋਟਰਸਾਈਕਲ ਨੰ. ਪੀ.ਬੀ.31ਡੀ-8257 'ਤੇ ਸਵਾਰ ਹੋ ਕੇ ਗੁਰਦਾਸਪੁਰ ਤੋਂ ਬਟਾਲਾ ਆ ਰਿਹਾ ਸੀ ਅਤੇ ਜਦੋਂ ਪਿੰਡ ਮਧੋਆਣਾ ਵਿਖੇ ਪਹੁੰਚਿਆ ਤਾਂ ਪਿਛੋਂ ਆ ਰਹੇ ਤੇਜ ਰਫਤਾਰ ਟਿੱਪਰ ਨੇ ਟੱਕਰ ਮਾਰ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ ਟਿੱਪਰ ਨੂੰ ਸੁਖਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਰੜ੍ਹ ਚਲਾ ਰਿਹਾ ਸੀ, ਜਿਸ ਕਾਰਨ ਗੁਰਮੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਮੋਟਰਸਾਈਕਲ ਵੀ ਚਕਨਾਚੂਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਟਿੱਪਰ ਚਾਲਕ ਨੂੰ ਟਿੱਪਰ ਸਮੇਤ ਕਬਜ਼ੇ 'ਚ ਲੈ ਲਿਆ ਅਤੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ। ਇਸ ਮੌਕੇ ਏ. ਐੱਸ. ਆਈ ਬਲਦੇਵ ਸਿੰਘ ਨੇ ਅੱਗੇ ਦੱਸਿਆ ਕਿ ਮ੍ਰਿਤਕ ਦੇ ਭਰਾ ਗੁਰਮੇਲ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਮਹਿਲਾ ਚੌਕ ਦੇ ਬਿਆਨਾਂ 'ਤੇ ਟਿਪਰ ਚਾਲਕ ਵਿਰੁੱਧ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ।