ਟਰੈਕਟਰ-ਟਰਾਲੀ ਪਲਟਣ ਨਾਲ 2 ਨੌਜਵਾਨਾਂ ਦੀ ਮੌਤ, ਇਕ ਜ਼ਖਮੀ
Thursday, Sep 21, 2017 - 04:11 PM (IST)
ਗੜ੍ਹਸ਼ੰਕਰ(ਬੈਜ ਨਾਥ)— ਸ੍ਰੀ ਆਨੰਦਪੁਰ ਸਾਹਿਬ ਰੋਡ 'ਤੇ ਪਿੰਡ ਸੇਖੋਵਾਲ-ਬੀਤ ਦੀ ਹੱਦ ਅੰਦਰ ਜੀ. ਟੀ. ਰੋਡ 'ਤੇ ਜੇ. ਪੀ. ਪੈਟਰੋਲ ਪੰਪ ਨੇੜੇ ਮੋੜ ਕੱਟਣ ਸਮੇਂ ਇਕ ਬੇਕਾਬੂ ਹੋਈ ਟਰੈਕਟਰ-ਟਰਾਲੀ ਦੇ ਪਲਟਣ ਨਾਲ 2 ਨੌਜਵਾਨਾਂ ਦੀ ਮੌਤ ਅਤੇ ਤੀਜੇ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਜ਼ਿਲਾ ਬਰਨਾਲਾ ਦੀ ਤਹਿਸੀਲ ਤਪਾ ਮੰਡੀ ਦੇ ਪਿੰਡ ਟੱਲੇਵਾਲ ਦੇ ਜਰਨੈਲ ਸਿੰਘ (37) ਪੁੱਤਰ ਪ੍ਰੀਤਮ ਸਿੰਘ, ਹਰਦੀਪ ਸਿੰਘ (22) ਪੁੱਤਰ ਮੁਕੰਦ ਸਿੰਘ ਅਤੇ ਗੁਰਦੀਪ ਸਿੰਘ (28) ਪੁੱਤਰ ਹਰਬੰਸ ਸਿੰਘ ਆਪਣੇ ਸੋਨਾਲੀਕਾ ਟਰੈਕਟਰ ਨੰ. ਪੀ. ਬੀ 19 ਐੱਮ 7321 ਨਾਲ ਟਰਾਲੀ 'ਚ ਰੇਤ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਗੜ੍ਹਸ਼ੰਕਰ ਵੱਲ ਨੂੰ ਆ ਰਹੇ ਸਨ।
ਪੈਟਰੋਲ ਪੰਪ ਨੇੜੇ ਪੈਂਦੇ ਮੋੜ 'ਤੇ ਜਦੋਂ ਟਰੈਕਟਰ ਦਾ ਮੋੜ ਕੱਟਣ ਲੱਗੇ ਤਾਂ ਟਰਾਲੀ ਦੀ ਹੁੱਕ ਟੁੱਟ ਗਈ ਅਤੇ ਬੇਕਾਬੂ ਹੋਈ ਟਰਾਲੀ ਨੇ ਟਰੈਕਟਰ ਨੂੰ ਧੱਕਾ ਮਾਰ ਦਿੱਤਾ ਅਤੇ ਟਰੈਕਟਰ-ਟਰਾਲੀ ਦੋਵੇਂ ਸੜਕ ਨਾਲ ਲਗਦੇ ਖਤਾਨਾਂ ਵਿਚ ਡਿੱਗ ਕੇ ਪਲਟ ਗਏ, ਜਿਸ ਨਾਲ ਜਰਨੈਲ ਸਿੰਘ ਅਤੇ ਹਰਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੁਰਦੀਪ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ 'ਚ ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਸਵੀਰ ਸਿੰਘ ਏ. ਐੱਸ. ਆਈ. ਦੀ ਅਗਵਾਈ ਵਿਚ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
