ਮਾਛੀਵਾੜਾ ਸਾਹਿਬ ''ਚ ਸੜਕ ਹਾਦਸੇ ਦੌਰਾਨ ਡਾਕੀਏ ਦੀ ਮੌਤ

Tuesday, Apr 20, 2021 - 12:48 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ-ਨੂਰਪੁਰ ਰੋਡ ’ਤੇ ਬੀਤੀ ਦੇਰ ਸ਼ਾਮ ਵਾਪਰੇ ਸੜਕ ਹਾਦਸੇ ਵਿਚ ਸਰਕਾਰੀ ਤੌਰ ’ਤੇ ਡਾਕੀਏ ਵੱਜੋਂ ਡਿਊਟੀ ਕਰਦੇ ਦਲਵੀਰ ਸਿੰਘ ਵਾਸੀ ਸ਼ੇਰਪੁਰ ਰਵਾੜਾ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦਲਵੀਰ ਸਿੰਘ ਪਿੰਡ ਹੰਬੋਵਾਲ ਬੇਟ ਵਿਖੇ ਡਾਕਘਰ ਵਿਚ ਡਾਕੀਏ ਵੱਜੋਂ ਡਿਊਟੀ ਕਰਦਾ ਸੀ ਅਤੇ ਬੀਤੀ ਸ਼ਾਮ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਸ਼ੇਰਪੁਰ ਰਵਾੜਾ ਤੋਂ ਮਾਛੀਵਾੜਾ ਵਿਖੇ ਹਸਪਤਾਲ ’ਚ ਦਾਖ਼ਲ ਆਪਣੀ ਧੀ ਲਈ ਖਾਣਾ ਲੈ ਕੇ ਆ ਰਿਹਾ ਸੀ। ਮਾਛੀਵਾੜਾ ਤੋਂ 2 ਕਿਲੋਮੀਟਰ ਪਹਿਲਾਂ ਸਾਹਮਣੇ ਤੋਂ ਆ ਰਹੇ ਟਰੈਕਟਰ-ਟਰਾਲੀ ਦੇ ਅਗਲੇ ਟਾਇਰ ਨਾਲ ਉਸਦਾ ਮੋਟਰਸਾਈਕਲ ਟਕਰਾ ਗਿਆ, ਜਿਸ ਕਾਰਨ ਉਹ ਸੰਤੁਲਨ ਗੁਆ ਬੈਠਾ ਅਤੇ ਉਸ ਦਾ ਸਿਰ ਟਰਾਲੀ ਵਿਚ ਜਾ ਵੱਜਾ। ਇਸ ਹਾਦਸੇ ’ਚ ਉਸਦੇ ਸਿਰ ’ਚ ਡੂੰਘੀ ਸੱਟ ਲੱਗੀ, ਜਿਸ ਕਾਰਨ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਦਲਵੀਰ ਸਿੰਘ ਦੀ ਲਾਸ਼ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ। ਦਲਵੀਰ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਧੀਆਂ ਤੇ ਇੱਕ ਪੁੱਤਰ ਛੱਡ ਗਿਆ। ਮ੍ਰਿਤਕ ਦਾ ਪੁੱਤਰ ਵਿਦੇਸ਼ ਹੰਗਰੀ ਵਿਖੇ ਰਹਿੰਦਾ ਹੈ, ਜਿਸ ਦੇ ਆਉਣ ਤੋਂ ਬਾਅਦ ਹੀ ਦਲਵੀਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮਾਛੀਵਾੜਾ ਪੁਲਸ ਵੱਲੋਂ ਮ੍ਰਿਤਕ ਦਲਵੀਰ ਸਿੰਘ ਦੇ ਭਤੀਜੇ ਨਿਰਮਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਵਾਹਨ ਨੂੰ ਜ਼ਬਤ ਕਰ ਲਿਆ ਹੈ।

ਨਾਨੇ ਦੀ ਮੌਤ ਤੋਂ ਕੁੱਝ ਘੰਟੇ ਬਾਅਦ ਦੋਹਤੇ ਨੇ ਲਿਆ ਜਨਮ

ਡਾਕੀਏ ਦਲਵੀਰ ਸਿੰਘ ਦੀ ਧੀ ਮਾਛੀਵਾੜਾ ਵਿਖੇ ਜਣੇਪੇ ਲਈ ਨਿੱਜੀ ਹਸਪਤਾਲ ’ਚ ਦਾਖ਼ਲ ਸੀ, ਜਿਸ ਨੂੰ ਮਿਲਣ ਲਈ ਉਹ ਬੀਤੀ ਦੇਰ ਸ਼ਾਮ ਮਾਛੀਵਾੜਾ ਹਸਪਤਾਲ ਵਿਖੇ ਆ ਰਿਹਾ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਨਾਨੇ ਦਲਵੀਰ ਸਿੰਘ ਦੀ ਮੌਤ ਹੋ ਗਈ ਪਰ ਕੁੱਝ ਘੰਟੇ ਬਾਅਦ ਉਸ ਦੇ ਦੋਹਤੇ ਨੇ ਜਨਮ ਲੈ ਲਿਆ ਪਰ ਨਾਨਾ ਆਪਣੇ ਦੋਹਤੇ ਦੀਆਂ ਖੁਸ਼ੀਆਂ ਨਾ ਦੇਖ ਸਕਿਆ।
 


Babita

Content Editor

Related News