ਜਲੰਧਰ-ਚੁਗਿੱਟੀ ਫਲਾਈਓਵਰ 'ਤੇ ਬੱਸ ਤੇ ਟਿੱਪਰ ਦੀ ਭਿਆਨਕ ਟੱਕਰ
Monday, Mar 04, 2019 - 04:29 PM (IST)
ਜਲੰਧਰ (ਸੋਨੂੰ)— ਜਲੰਧਰ-ਚੁਗਿੱਟੀ ਫਲਾਈਓਵਰ 'ਤੇ ਬਜਰੀ ਨਾਲ ਭਰੇ ਟਿੱਪਰ ਦੀ ਬੱਸ ਨਾਲ ਜ਼ਬਰਦਸਤ ਟੱਕਰ ਹੋਣ ਕਰਕੇ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਇਕ ਦੀ ਮੌਤ ਹੋ ਗਈ ਜਦਕਿ ਦਰਜਨ ਤੋਂ ਜ਼ਿਆਦਾ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਕ ਨਿੱਜੀ ਕੰਪਨੀ ਦੀ ਬੱਸ ਅੰਮ੍ਰਿਤਸਰ ਤੋਂ ਜਲੰਧਰ ਵੱਲ ਆ ਰਹੀ ਸੀ ਕਿ ਚੁਗਿੱਟੀ ਫਲਾਈਓਵਰ 'ਤੇ ਬਜਰੀ ਨਾਲ ਭਰੇ ਟਿੱਪਰ ਨੇ ਅਚਾਨਕ ਬਰੇਕ ਲਗਾ ਦਿੱਤੀ। ਇਸੇ ਦੌਰਾਨ ਬੱਸ ਅਤੇ ਟਿੱਪਰ ਦੀ ਜ਼ਬਰਦਸਤ ਟੱਕਰ ਹੋ ਗਈ। ਬੱਸ 'ਚ ਬੈਠੀਆਂ ਸਵਾਰੀਆਂ ਦੇ 'ਚੋਂ ਇਕ ਬਜ਼ੁਰਗ ਦੀ ਮੌਤ ਹੋ ਗਈ ਅਤੇ ਜਦਕਿ ਦਰਜਨ ਤੋਂ ਜ਼ਿਆਦਾ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਅਤੇ ਵੱਖ-ਵੱਖ ਨਿੱਜੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।
ਹਾਦਸੇ 'ਚ ਬੱਸ ਦੇ ਪੂਰੀ ਤਰ੍ਹਾਂ ਪਰਖੱਚੇ ਉੱਡ ਗਏ ਸਨ। ਪਤਾ ਲੱਗਾ ਹੈ ਕਿ ਬੱਸ ਚਾਲਕ ਦੀ ਲਾਪਰਵਾਹੀ ਕਾਰਨ ਹੀ ਉਕਤ ਹਾਦਸਾ ਹੋਇਆ ਹੈ, ਉਹ ਬੱਸ ਚਲਾਉਂਦੇ ਸਮੇਂ ਮੋਬਾਇਲ 'ਤੇ ਗੱਲ ਕਰ ਰਿਹਾ ਸੀ ਅਤੇ ਇਸੇ ਦੌਰਾਨ ਉਸ ਦੀ ਬੱਸ ਅੱਗੇ ਜਾ ਰਹੇ ਟਿੱਪਰ ਨਾਲ ਜਾ ਟਕਰਾਈ। ਇਸੇ ਦੌਰਾਨ ਉਥੋਂ ਨਿਕਲ ਰਹੀ ਇਕ ਕਾਰ ਵੀ ਬੱਸ ਨਾਲ ਟਕਰਾ ਗਈ। ਤਿੰਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ (70) ਪੁੱਤਰ ਅਮਰ ਸਿੰਘ ਵਾਸੀ ਸੁਦਰਸ਼ਨ ਨਗਰ ਅੰਮ੍ਰਿਤਸਰ ਵਜੋਂ ਹੋਈ ਹੈ ਜਦਕਿ ਜ਼ਖਮੀਆਂ 'ਚ ਅਮਰਜੀਤ ਕੌਰ ਪਤਨੀ ਤ੍ਰਿਲੋਕ ਸਿੰਘ ਵਾਸੀ ਬਸਤੀ ਬਾਵਾ ਖੇਲ ਜਲੰਧਰ, ਸੁਰਿੰਦਰ ਕੌਰ ਵਾਸੀ ਫਗਵਾੜਾ, ਪ੍ਰਭਜੋਤ ਕੌਰ ਵਾਸੀ ਨਡਾਲਾ, ਜੋਤੀ, ਹਸਪਤਾਲ 'ਚ ਭਰਤੀ ਅਮਰਜੀਤ ਕੌਰ ਅਤੇ ਸੈਕਰਡ ਹਾਰਟ ਹਸਪਤਾਲ 'ਚ ਇਲਾਜ ਅਧੀਨ ਸੁਰਿੰਦਰ ਕੌਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਦਕਿ ਹੋਰ ਮਰੀਜ਼ ਖਤਰੇ ਤੋਂ ਬਾਹਰ ਹਨ। ਕੁਝ ਛੁੱਟੀ ਲੈ ਕੇ ਸ਼ਾਮ ਨੂੰ ਘਰ ਵੀ ਚਲੇ ਗਏ ਹਨ। ਉਧਰ, ਕਾਰ ਅਤੇ ਟਿੱਪਰ ਚਾਲਕ ਸੁਰੱਖਿਅਤ ਹਨ। ਸਵਾਰੀਆਂ ਮੁਤਾਬਕ ਹੀ ਹਾਦਸੇ ਸਮੇਂ ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਹੀ ਨਿੱਜੀ ਕੰਪਨੀ ਦੀ ਬੱਸ ਦੀ ਸਪੀਡ ਚਾਲਕ ਨੇ 80 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਜ਼ਿਆਦਾ ਰੱਖੀ ਹੋਈ ਸੀ। ਮੌਕੇ 'ਤੇ ਪਹੁੰਚੇ ਥਾਣਾ ਰਾਮਾ ਮੰਡੀ ਦੇ ਹੈੱਡ ਕਾਂਸਟੇਬਲ ਜਾਂਚ ਅਧਿਕਾਰੀ ਜਰਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਦੀਪ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ 'ਚ ਰੱਖਿਆ ਗਿਆ ਹੈ। ਕਲ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।
ਬੱਸ 'ਚ ਫਸੀਆਂ ਸਵਾਰੀਆਂ ਨੂੰ ਭਾਰੀ ਮੁਸ਼ਕਲ ਨਾਲ ਕੱਢਿਆ ਬਾਹਰ
ਰਾਮਾ ਮੰਡੀ ਥਾਣੇ ਦੀ ਪੁਲਸ ਤੇ ਉਥੇ ਇਕੱਠੇ ਲੋਕਾਂ ਦੀ ਭੀੜ ਨੇ ਭਾਰੀ ਮੁਸ਼ਕਲ ਨਾਲ ਬੱਸ 'ਚ ਫਸੀਆਂ ਹੋਈਆਂ ਸਵਾਰੀਆਂ ਨੂੰ ਬਾਹਰ ਕੱਢਿਆ ਤੇ ਐਂਬੂਲੈਂਸ ਰਾਹੀਂ ਹਸਪਤਾਲਾਂ 'ਚ ਪਹੁੰਚਾਇਆ। ਜਾਮ 'ਚ ਫਸੇ ਲੋਕ ਵੀ ਆਪਣੇ ਵਾਹਨਾਂ ਤੋਂ ਹੇਠਾਂ ਉਤਰ ਕੇ ਬੱਸ ਤੋਂ ਸਵਾਰੀਆਂ ਨੂੰ ਬਾਹਰ ਕੱਢ ਰਹੇ ਸਨ।
ਬੱਸ ਚਾਲਕ ਫਰਾਰ, ਕੇਸ ਦਰਜ
ਐੱਸ. ਐੱਚ. ਓ. ਰਾਮਾ ਮੰਡੀ ਸੁਖਜੀਤ ਸਿੰਘ ਨੇ ਦੱਸਿਆ ਕਿ ਬਾਬਾ ਬੁੱਢਾ ਜੀ ਟਰਾਂਸਪੋਰਟ ਕੰਪਨੀ ਅੰਮ੍ਰਿਤਸਰ ਦੀ ਹਾਦਸਾਗ੍ਰਸਤ ਬੱਸ ਦਾ ਚਾਲਕ ਮੌਕੇ ਤੋਂ ਹੀ ਬੱਸ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਬੱਸ ਨੂੰ ਆਪਣੇ ਕਬਜ਼ੇ 'ਚ ਲੈ ਕੇ ਚਾਲਕ ਖਿਲਾਫ ਥਾਣਾ ਰਾਮਾ ਮੰਡੀ 'ਚ ਕੇਸ ਦਰਜ ਕਰ ਲਿਆ ਹੈ। ਉਸ ਦੀ ਭਾਲ 'ਚ ਰੇਡ ਕੀਤੀ ਜਾ ਰਹੀ ਹੈ।
ਬੱਸ ਚਾਲਕ ਦੀ ਪਿਛਲੀ ਸੀਟ 'ਤੇ ਬੈਠਾ ਸੀ ਮ੍ਰਿਤਕ
70 ਸਾਲਾ ਬਜ਼ੁਰਗ ਗੁਰਦੀਪ ਸਿੰਘ ਬੱਸ ਚਾਲਕ ਦੀ ਪਿੱੱਛੇ ਵਾਲੀ ਸੀਟ 'ਤੇ ਬੈਠਾ ਸੀ। ਹਾਦਸਾ ਹੁੰਦਿਆਂ ਹੀ ਉਹ ਉਥੇ ਹੀ ਦੱਬ ਗਿਆ। ਉਸ ਦੇ ਨਾਲ ਹੀ ਗੰਭੀਰ ਜ਼ਖਮੀ ਔਰਤਾਂ ਅਮਰਜੀਤ ਕੌਰ ਤੇ ਸੁਰਿੰਦਰ ਕੌਰ ਬੈਠੀਆਂ ਸਨ। ਗੁਰਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।