ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਪੰਜਾਬ ਪੁਲਸ ਵਲੋਂ ਰੋਡ ਸੇਫ਼ਟੀ ਡਰਾਈਵ ਦੀ ਸ਼ੁਰੂਆਤ

Tuesday, Apr 05, 2022 - 09:54 AM (IST)

ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਪੰਜਾਬ ਪੁਲਸ ਵਲੋਂ ਰੋਡ ਸੇਫ਼ਟੀ ਡਰਾਈਵ ਦੀ ਸ਼ੁਰੂਆਤ

ਚੰਡੀਗੜ੍ਹ/ਜਲੰਧਰ (ਰਮਨਜੀਤ, ਧਵਨ) - ਸੂਬੇ ਵਿਚ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਅਤੇ ਸੜਕ ਸੁਰੱਖਿਆ ਦੀ ਸਥਿਤੀ ਵਿਚ ਸੁਧਾਰ ਕਰਨ ਲਈ, ਪੰਜਾਬ ਪੁਲਸ ਨੇ ‘ਮੂਵਿੰਗ ਟ੍ਰੈਫਿਕ ਵਾਇਲੇਸ਼ਨ’ ’ਤੇ ਕੇਂਦ੍ਰਿਤ ਸੂਬਾ ਪੱਧਰੀ ਰੋਡ ਸੇਫ਼ਟੀ ਐਜੂਕੇਸ਼ਨ ਅਤੇ ਇਨਫੋਰਸਮੈਂਟ ਡਰਾਈਵ ਦੀ ਸ਼ੁਰੂਆਤ ਕੀਤੀ ਹੈ। ‘ਮੂਵਿੰਗ ਟ੍ਰੈਫਿਕ ਵਾਇਲੇਸ਼ਨ’ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣਾ, ਹੈਲਮੇਟ ਨਾ ਪਾਉਣਾ ਜਾਂ ਸੀਟ-ਬੈਲਟ ਨਾ ਲਗਾਉਣਾ, ਤੇਜ਼ ਰਫ਼ਤਾਰ, ਹਾਈ ਬੀਮ, ਗੱਡੀ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਕਰਨਾ ਅਤੇ ਟ੍ਰੈਫ਼ਿਕ ਸਿਗਨਲ ਤੋੜਨਾ ਸ਼ਾਮਲ ਹੈ।

ਡੀ. ਜੀ. ਪੀ. ਵੀ. ਕੇ. ਭਾਵੜਾ ਨੇ ਕਿਹਾ ਕਿ ਸਾਰੀ ਇਨਫੋਰਸਮੈਂਟ ਰਣਨੀਤੀ ਪਿਛਲੇ ਸਾਲ ਦੇ ਰੁਝਾਨਾਂ ਅਤੇ ਸੜਕ ਹਾਦਸਿਆਂ ਕਾਰਨਾਂ ਦੇ ਆਧਾਰ ’ਤੇ ਵਿਉਂਤਬੱਧ ਕੀਤੀ ਗਈ ਹੈ। ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਸੜਕ ਹਾਦਸਿਆਂ ਵਿਚ ਰੋਜ਼ਾਨਾ ਔਸਤਨ 11-12 ਕੀਮਤੀ ਜਾਨਾਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਧਿਆਨ ਕੇਂਦ੍ਰਿਤ ਕਰਕੇ ਰੋਕਿਆ ਜਾ ਸਕਦਾ ਹੈ ਜਾਂ ਇਨ੍ਹਾਂ ਹਾਦਸਿਆਂ ਦੀ ਗੰਭੀਰਤਾ ਨੂੰ ਘਟਾਇਆ ਜਾ ਸਕਦਾ ਹੈ। 

ਉਨ੍ਹਾਂ ਅੱਗੇ ਕਿਹਾ ਕਿ ਜ਼ਿਆਦਾਤਰ ਸੜਕ ਦੁਰਘਟਨਾਵਾਂ ਅੱਧੀ ਰਾਤ ਨੂੰ ਹੁੰਦੀਆਂ ਹਨ, ਜਿਨ੍ਹਾਂ ਵਿਚ ਜ਼ਿਆਦਾ ਮੌਤਾਂ ਹੁੰਦੀਆਂ ਹਨ, ਨੂੰ ਰੋਕਣ ਲਈ ਐਡਵਾਂਸਡ ਟ੍ਰੈਫਿਕ ਮੈਨੇਜਮੈਂਟ ਟੈਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਟ੍ਰੈਫਿਕ ਪੁਲਸ ਕਰਮਚਾਰੀਆਂ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ। ਪੰਜਾਬ ਟਰਾਂਸਪੋਰਟ ਵਿਭਾਗ ਵਲੋਂ ਸਕੂਲੀ ਜ਼ੋਨਾਂ ਵਿਚ ਵਾਹਨਾਂ ਦੀ ਗਤੀ ਸੀਮਾ 25 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੇ ਜਾਣ ਤੋਂ ਬਾਅਦ ਡੀ.ਜੀ.ਪੀ. ਨੇ ਟ੍ਰੈਫ਼ਿਕ ਪੁਲਸ ਨੂੰ ਇਨ੍ਹਾਂ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਦੇ ਹੁਕਮ ਦਿੱਤੇ। ਜੇਕਰ ਕੋਈ ਇਸ ਗਤੀ ਸੀਮਾ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਤੁਰੰਤ ਚਲਾਨ ਕੱਟਣ ਦੇ ਸਖ਼ਤ ਹੁਕਮ ਵੀ ਦਿੱਤੇ ਗਏ ਹਨ।

ਏ. ਡੀ. ਜੀ. ਪੀ. ਟ੍ਰੈਫ਼ਿਕ ਅਮਰਦੀਪ ਸਿੰਘ ਰਾਏ ਨੇ ਸਮੂਹ ਜ਼ਿਲ੍ਹਾ ਟ੍ਰੈਫਿਕ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਆਉਣ-ਜਾਣ ਵਾਲੇ ਲੋਕਾਂ ਨੂੰ ਜਾਗਰੂਕ ਕਰਕੇ, ਉਨ੍ਹਾਂ ਨੂੰ ‘ਮੂਵਿੰਗ ਟ੍ਰੈਫਿਕ ਵਾਇਲੇਸ਼ਨ’ ਨੂੰ ਘੱਟ ਤੋਂ ਘੱਟ ਕਰਨ ’ਤੇ ਜ਼ੋਰ ਦੇਣ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਚ, ਮੁਹਿੰਮ ਦੇ ਪਹਿਲੇ 15 ਦਿਨ ਆਉਣ-ਜਾਣ ਵਾਲੇ ਲੋਕਾਂ ਨੂੰ ਸੁਚੇਤ ਕਰਨ ਲਈ ਸੜਕ ਸੁਰੱਖਿਆ ਸਬੰਧੀ ਸਿੱਖਿਆ ਅਤੇ ਜਾਗਰੂਕਤਾ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਸਖ਼ਤੀ ਨਾਲ ਇਨਫੋਰਸਮੈਂਟ ਡਰਾਈਵ ਚਲਾਈ ਜਾਵੇਗੀ।


author

rajwinder kaur

Content Editor

Related News