ਸੜਕ ''ਤੇ ਲਟਕਦੀ ਬਿਜਲੀ ਦੀ ਤਾਰ ਕਾਰਨ ਰਾਹਗੀਰ ਹੋਏ ਪ੍ਰੇਸ਼ਾਨ

Sunday, Jun 10, 2018 - 10:55 AM (IST)

ਲੁਧਿਆਣਾ (ਸਲੂਜਾ) - ਹਨੇਰੀ ਅਤੇ ਬਾਰਿਸ਼ ਦੇ ਬਾਅਦ ਸਲੇਮ ਟਾਬਰੀ ਇਲਾਕੇ 'ਚ ਮੇਨ ਰੋਡ 'ਤੇ ਸੜਕ ਵਿਚਕਾਰ ਬਿਜਲੀ ਦੀ ਤਾਰ ਲਟਕਦੀ ਰਹੀ। ਬਿਜਲੀ ਦੀ ਤਾਰ 'ਤੇ ਇਕ ਭਾਰੀ ਦਰੱਖਤ ਡਿੱਗਣ ਨਾਲ ਤਾਰਾਂ ਖਿੱਲਰ ਗਈਆਂ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਸ ਸਬੰਧ 'ਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਬਕਾਇਦਾ ਸੂਚਨਾ ਦੇਣ ਦੇ ਬਾਵਜੂਦ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। 
ਹੈਰਾਨੀ ਦੀ ਗੱਲ ਹੈ ਕਿ ਕੁਝ ਦੂਰੀ 'ਤੇ ਹੀ ਬਿਜਲੀ ਵਿਭਾਗ ਦਾ ਦਫਤਰ ਤੇ ਸ਼ਿਕਾਇਤ ਕੇਂਦਰ ਹੈ। ਇਸ ਰੋਡ ਤੋਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਕੰਮਕਾਜ ਲਈ ਨਿਕਲਦੇ ਹਨ ਪਰ ਨਾ ਤਾਂ ਕਿਸੇ ਅਧਿਕਾਰੀ ਤੇ ਨਾ ਹੀ ਮੁਲਾਜ਼ਮ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ। ਜੇਕਰ ਇਸ ਰੋਡ 'ਤੇ ਪਾਵਰਕਾਮ ਦੀ ਨਾਲਾਇਕੀ ਕਾਰਨ ਕਿਸੇ ਦੀ ਜਾਨ-ਮਾਲ ਦਾ ਨੁਕਸਾਨ ਹੋ ਗਿਆ ਤਾਂ ਫਿਰ ਉਸ ਲਈ ਜ਼ਿਲਾ ਪ੍ਰਸ਼ਾਸਨ ਕਿਸ ਨੂੰ ਜ਼ਿੰਮੇਵਾਰ ਠਹਿਰਾਏਗਾ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕਰਦੀ ਆ ਰਹੀ ਹੈ ਜਦਕਿ ਦੂਸਰੇ ਪਾਸੇ ਬਿਜਲੀ ਵਿਭਾਗ ਸੜਕ ਵਿਚਕਾਰ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਇਕ ਨਿਸ਼ਚਿਤ ਸਮੇਂ ਦੌਰਾਨ ਮੁਰੰਮਤ ਕਰਨ 'ਚ ਸਮਰੱਥ ਨਹੀਂ ਹੈ।  


Related News