ਰਿਟਾ. ਡੀ. ਐੱਸ. ਪੀ. ਦੇ ਨਾਲ ਠੱਗੀ ਕਰਨ ਵਾਲੇ 2 ਦਿਨ ਦੇ ਪੁਲਸ ਰਿਮਾਂਡ ''ਤੇ
Monday, Mar 26, 2018 - 06:27 AM (IST)

ਜਲੰਧਰ, (ਮਹੇਸ਼)- ਰਿਟਾ. ਡੀ. ਐੱਸ. ਪੀ. ਦੇ ਨਾਲ ਠੱਗੀ ਕਰਨ ਦੇ ਮਾਮਲੇ ਵਿਚ ਥਾਣਾ 1 ਦੀ ਪੁਲਸ ਵੱਲੋਂ ਸ਼ਨੀਵਾਰ ਨੂੰ ਫੜੇ ਗਏ 2 ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਮੁਲਜ਼ਮ ਰਾਜਿੰਦਰ ਕੁਮਾਰ ਉਰਫ ਵਿਜੇ ਕੁਮਾਰ ਪੁੱਤਰ ਜਗੀਰ ਸਿੰਘ ਵਾਸੀ ਮਹਿਤਾਬਗੜ੍ਹ, ਕਪੂਰਥਲਾ ਤੇ ਦਿਨੇਸ਼ ਕੁਮਾਰ ਪੁੱਤਰ ਗੁਰਚਰਨ ਸਿੰਘ ਵਾਸੀ ਉਤਮ ਗਾਰਡਨ ਕਾਲੋਨੀ ਥਾਣਾ-1 ਜਲੰਧਰ ਨੇ ਜਾਅਲੀ ਦਸਤਾਵੇਜ਼ ਬਣਾ ਕੇ ਰਿਟਾ. ਡੀ. ਐੱਸ. ਪੀ. ਅਸ਼ਵਨੀ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਵਿਵੇਕ ਨਗਰ ਬੈਂਕ ਕਾਲੋਨੀ ਤੋਂ ਉਸ ਦੇ ਘਰ ਦੇ ਨਾਲ ਲੱਗਦੇ ਖਾਲੀ ਪਲਾਟ ਨੂੰ ਲੈ ਕੇ ਸੌਦਾ ਕੀਤਾ ਸੀ। ਰਿਟਾ. ਡੀ. ਐੱਸ. ਪੀ. ਨੂੰ ਠੱਗੀ ਦਾ ਸ਼ੱਕ ਹੋਣ 'ਤੇ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਦੇ ਬਾਅਦ ਥਾਣਾ-1 ਵਿਚ ਆਈ. ਪੀ. ਸੀ. ਦੀ ਧਾਰਾ 419, 420, 465, 467, 468, 471, 474 ਤੇ 120-ਬੀ ਦੇ ਤਹਿਤ ਉਕਤ ਦੋਵਾਂ ਮੁਲਜ਼ਮਾਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ।
ਐੱਸ. ਐੱਚ. ਓ. ਰਛਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਨੂੰ ਵੀ ਬੇਨਕਾਬ ਕੀਤਾ ਜਾਵੇਗਾ।