RIMC ਦੇਹਰਾਦੂਨ ''ਚ ਦਾਖ਼ਲਾ ਲੈਣ ਵਾਲਿਆਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਨੂੰ ਹੋਵੇਗੀ ਪ੍ਰੀਖਿਆ
Wednesday, Aug 09, 2023 - 05:02 PM (IST)
ਚੰਡੀਗੜ੍ਹ : ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ, ਦੇਹਰਾਦੂਨ (ਉੱਤਰਾਖੰਡ) ਦੇ ਜੁਲਾਈ 2024 ਟਰਮ ਦੇ ਦਾਖ਼ਲੇ ਲਈ ਲਿਖ਼ਤੀ ਪ੍ਰੀਖਿਆ ਲਾਲਾ ਲਾਜਪਤ ਰਾਏ ਭਵਨ, ਸੈਕਟਰ-15, ਚੰਡੀਗੜ੍ਹ ਵਿਖੇ 2 ਦਸੰਬਰ, 2023 (ਸ਼ਨੀਵਾਰ) ਨੂੰ ਹੋਵੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ (ਆਰ. ਆਈ. ਐੱਮ. ਸੀ.) ਦੇ ਦਾਖ਼ਲੇ ਲਈ ਮੁੰਡੇ ਅਤੇ ਕੁੜੀਆਂ ਦੋਵੇਂ ਹੀ ਅਪਲਾਈ ਕਰ ਸਕਦੇ ਹਨ। ਉਮੀਦਵਾਰ ਦਾ ਜਨਮ 2 ਜੁਲਾਈ, 2011 ਤੋਂ 1 ਜਨਵਰੀ, 2013 ਦੇ ਦਰਮਿਆਨ ਹੋਇਆ ਹੋਵੇ। ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ 'ਚ 7ਵੀਂ ਜਮਾਤ 'ਚ ਪੜ੍ਹਦਾ ਹੋਵੇ ਜਾਂ 7ਵੀਂ ਪਾਸ ਹੋਵੇ। ਚੁਣੇ ਹੋਏ ਉਮੀਦਵਾਰ ਨੂੰ 8ਵੀਂ ਜਮਾਤ 'ਚ ਦਾਖ਼ਲਾ ਦਿੱਤਾ ਜਾਵੇਗਾ। ਇਮਤਿਹਾਨ ਦੇ ਲਿਖਤੀ ਹਿੱਸੇ ਵਿੱਚ ਅੰਗਰੇਜ਼ੀ, ਹਿਸਾਬ ਅਤੇ ਸਧਾਰਣ ਗਿਆਨ ਦੇ ਤਿੰਨ ਪੇਪਰ ਹੋਣਗੇ। ਲਿਖ਼ਤੀ ਪ੍ਰੀਖਿਆ 'ਚ ਪਾਸ ਹੋਣ ’ਤੇ ਜ਼ੁਬਾਨੀ ਪ੍ਰੀਖਿਆ ਲਈ ਜਾਵੇਗੀ, ਜਿਸ ਸਬੰਧੀ ਬਾਅਦ 'ਚ ਸੂਚਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪਤੀ ਨਾਲ ਲੜ ਕੇ ਆਈ ਔਰਤ ਚੜ੍ਹ ਗਈ ਬੇਗਾਨੇ ਬੰਦੇ ਦੇ ਹੱਥੇ, ਵਿਚੋਲਣ ਖੇਡ ਗਈ ਗੰਦੀ ਖੇਡ
ਬੁਲਾਰੇ ਨੇ ਦੱਸਿਆ ਕਿ ਪ੍ਰਾਸਪੈਕਟਸ-ਕਮ-ਐਪਲੀਕੇਸ਼ਨ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੇਪਰਾਂ ਦਾ ਕਿਤਾਬਚਾ ਆਰ. ਆਈ. ਐੱਮ. ਸੀ. ਦੀ ਵੈੱਬਸਾਈਟ www.rmic.gov.in ’ਤੇ ਜਨਰਲ ਉਮੀਦਵਾਰ ਲਈ 600 ਰੁਪਏ ਅਤੇ ਅਨੁਸੂਚਿਤ ਜਾਤੀਆਂ/ਜਨਜਾਤੀਆਂ ਦੇ ਉਮੀਦਵਾਰ ਲਈ 555 ਰੁਪਏ ਦੀ ਆਨਲਾਈਨ ਅਦਾਇਗੀ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਰਾਸ਼ੀ ਪ੍ਰਾਪਤ ਹੋਣ ਉਪਰੰਤ ਪ੍ਰਾਸਪੈਕਟਸ-ਕਮ-ਐਪਲੀਕੇਸ਼ਨ ਫ਼ਾਰਮ ਅਤੇ ਪੁਰਾਣੇ ਪ੍ਰਸ਼ਨ ਪੇਪਰਾਂ ਦਾ ਕਿਤਾਬਚਾ ਸਪੀਡ ਪੋਸਟ ਰਾਹੀਂ ਭੇਜਿਆ ਜਾਵੇਗਾ ਜਾਂ ਪ੍ਰਾਸਪੈਕਟਸ-ਕਮ-ਐਪਲੀਕੇਸ਼ਨ ਫ਼ਾਰਮ ਅਤੇ ਪੁਰਾਣੇ ਪ੍ਰਸ਼ਨ ਪੇਪਰਾਂ ਦਾ ਕਿਤਾਬਚਾ ਕਮਾਂਡੈਂਟ ਆਰ. ਆਈ. ਐੱਮ. ਸੀ., ਦੇਹਰਾਦੂਨ ਪਾਸੋਂ ਜਨਰਲ ਉਮੀਦਵਾਰ ਲਈ 600 ਰੁਪਏ ਅਤੇ ਅਨੁਸੂਚਿਤ ਜਾਤੀਆਂ/ਜਨਜਾਤੀਆਂ ਦੇ ਉਮੀਦਵਾਰ ਲਈ 555 ਰੁਪਏ ਦਾ ਬੈਂਕ ਡਰਾਫ਼ਟ 'ਕਮਾਂਡੈਂਟ ਆਰ. ਆਈ. ਐੱਮ. ਸੀ. ਫੰਡ, ਡਰਾਵੀ (ਅਦਾਇਗੀਹੋਣ ਯੋਗ) ਬ੍ਰਾਂਚ ਐੱਚ. ਡੀ. ਐੱਫ. ਸੀ. ਬੈਂਕ, ਬੱਲੂਪਰ ਚੌਂਕ, ਦੇਹਰਾਦੂਨ' (ਬੈਂਕ ਕੋਡ 1399) ਉੱਤਰਾਖੰਡ ਭੇਜ ਕੇ ਮੰਗਵਾਏ ਜਾ ਸਕਦੇ ਹਨ।
ਆਪਣੇ ਪਤੇ ਸਮੇਤ ਪਿੰਨ ਕੋਡ ਅਤੇ ਸੰਪਰਕ ਨੰਬਰ ਸਾਫ਼-ਸਾਫ਼ ਅਤੇ ਵੱਡੇ ਅੱਖਰਾਂ 'ਚ ਟਾਈਪ ਕੀਤਾ ਜਾਵੇ ਜਾਂ ਲਿਖਿਆ ਜਾਵੇ। ਡਾਕ ਦੇਰੀ ਜਾਂ ਆਵਾਜਾਈ ਦੌਰਾਨ ਪ੍ਰਾਸਪੈਕਟਸ ਗੁੰਮ ਹੋਣ ਜਾਂ ਅਧੂਰੇ ਪਤੇ ਸਬੰਧੀ ਆਰ. ਆਈ. ਐੱਮ. ਸੀ. ਜ਼ਿੰਮੇਵਾਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਰਜ਼ੀ ਦੋ ਪਰਤਾਂ 'ਚ ਹੋਵੇ, ਜਿਸ ਨਾਲ ਬੱਚੇ ਦਾ ਜਨਮ ਸਰਟੀਫ਼ਿਕੇਟ, ਰਾਜ ਦਾ ਰਿਹਾਇਸ਼ੀ ਸਰਟੀਫ਼ਿਕੇਟ, ਅਨੁਸੂਚਿਤ ਜਾਤੀਆਂ/ਜਨਜਾਤੀਆਂ ਦੇ ਉਮੀਦਵਾਰ ਵੱਲੋਂ ਜਾਤੀ ਸਰਟੀਫ਼ਿਕੇਟ, ਤਿੰਨ ਪਾਸਪੋਰਟ ਸਾਈਜ਼ ਫ਼ੋਟੋਆਂ, ਜਿਸ ਸੰਸਥਾ 'ਚ ਪੜ੍ਹਦਾ ਹੋਵੇ, ਉਸ ਦੇ ਪ੍ਰਿੰਸੀਪਲ ਵੱਲੋਂ ਜਾਰੀ ਤਸਦੀਕਸ਼ੁਦਾ ਸਰਟੀਫ਼ਿਕੇਟ ਜਿਸ 'ਚ ਬੱਚੇ ਦੀ ਜਨਮ ਤਾਰੀਖ਼ ਅਤੇ ਕਲਾਸ ਲਿਖੀ ਹੋਵੇ ਅਤੇ ਆਧਾਰ ਕਾਰਡ ਦੀ ਕਾਪੀ ਨਾਲ ਨੱਥੀ ਹੋਣੇ ਜ਼ਰੂਰੀ ਹਨ। ਬੁਲਾਰੇ ਨੇ ਕਿਹਾ ਕਿ ਦਸਤਾਵੇਜ਼ਾਂ ਸਮੇਤ ਮੁਕੰਮਲ ਅਰਜ਼ੀਆਂ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ ਪੰਜਾਬ, ਪੰਜਾਬ ਸੈਨਿਕ ਭਵਨ, ਸੈਕਟਰ-21 ਡੀ, ਚੰਡੀਗੜ੍ਹ ਵਿਖੇ ਮਿਤੀ 15 ਅਕਤੂਬਰ, 2023 ਤੱਕ ਭੇਜੀਆਂ ਜਾਣ। ਨਿਰਧਾਰਤ ਮਿਤੀ ਪਿੱਛੋਂ ਪ੍ਰਾਪਤ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ