ਮਾਲਵਾ ''ਚ ਭਰਵੀਂ ਬਾਰਿਸ਼, ਕਿਤੇ ਆਫਤ-ਕਿਤੇ ਰਾਹਤ
Thursday, Nov 16, 2017 - 11:19 AM (IST)
ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਇਕ ਪਾਸੇ ਜਿੱਥੇ ਮਾਲਵਾ ਖਿੱਤੇ 'ਚ ਬੀਤੀ ਰਾਤ ਤੋਂ ਰੁਕ-ਰੁਕ ਕੇ ਪਈ ਬਾਰਿਸ਼ ਨਾਲ ਪਿਛਲੇ ਇਕ ਹਫਤੇ ਤੋਂ ਪੈ ਰਹੀ 'ਸਮੋਗ' ਦੇ ਕਹਿਰ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ, ਉੱਥੇ ਹੀ ਦੂਜੇ ਪਾਸੇ ਮੰਡੀਆਂ 'ਚ ਸਰਕਾਰ ਦੀਆਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤਾ ਝੋਨਾ ਬਾਰਿਸ਼ ਦੀ ਮਾਰ ਹੇਠ ਆ ਗਿਆ ਹੈ। ਇੱਥੇ ਹੀ ਬਸ ਨਹੀਂ, ਐਂਤਕੀ ਇਸ ਮਹੀਨੇ ਪਈ ਭਰਵੀਂ ਬਾਰਿਸ਼ ਕਰ ਕੇ ਕਣਕ ਦੀ ਬਿਜਾਈ ਲੇਟ ਹੋਣ ਦੀ ਸੰਭਾਵਨਾ ਵੀ ਬਣ ਗਈ ਹੈ, ਜਿਸ ਕਾਰਨ ਅੰਨਦਾਤਾ ਚਿੰਤਾ ਵਿਚ ਡੁੱਬਾ ਹੋਇਆ ਹੈ।
ਮਾਲਵਾ ਖਿੱਤੇ ਦੀਆਂ ਅਨਾਜ ਮੰਡੀਆਂ 'ਚ ਝੋਨੇ ਦੀਆਂ ਬੋਰੀਆਂ ਭਿੱਜਣ ਕਰ ਕੇ ਇਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਲਈ ਮਜ਼ਦੂਰ ਵਰਗ ਨੂੰ ਭਾਰੀ ਮਸ਼ੱਕਤ ਕਰਨੀ ਪੈ ਰਹੀ ਹੈ। ਜ਼ਿਲੇ ਭਰ ਦੀਆਂ ਮੁੱਖ ਅਨਾਜ ਮੰਡੀ ਸਮੇਤ ਵੱਖ-ਵੱਖ ਸ਼ਹਿਰਾਂ ਦੀਆਂ ਵੱਡੀਆਂ ਮੰਡੀਆਂ 'ਚ ਤਾਂ ਬਹੁਤੇ ਕਿਸਾਨ ਝੋਨੇ ਦੀ ਫਸਲ ਵੇਚ ਕੇ ਵਿਹਲੇ ਹੋ ਗਏ ਹਨ ਪਰ ਪਿੰਡਾਂ ਦੀਆਂ ਕੱਚੀਆਂ ਮੰਡੀਆਂ 'ਚ ਅਜੇ ਵੀ ਬਹੁ-ਗਿਣਤੀ ਕਿਸਾਨ ਝੋਨਾ ਨਾ ਵਿਕਣ ਕਰ ਕੇ ਮੰਡੀਆਂ 'ਚ ਡੇਰੇ ਲਾਈ ਬੈਠੇ ਹਨ, ਜਿਸ ਕਾਰਨ ਬਾਰਿਸ਼ ਇਨ੍ਹਾਂ ਕਿਸਾਨਾਂ ਲਈ ਆਫਤ ਦਾ ਕਾਰਨ ਬਣ ਗਈ ਹੈ।
ਪਿੰਡ ਕਿਸ਼ਨਪੁਰਾ ਕਲਾਂ ਦੀ ਅਨਾਜ ਮੰਡੀ 'ਚ ਬੈਠੇ ਕਿਸਾਨਾਂ ਦਾ ਦੱਸਣਾ ਸੀ ਕਿ ਮੌਸਮ ਦੀ ਖਰਾਬੀ ਕਰ ਕੇ ਪਲੀਤ ਹੋਏ ਵਾਤਾਵਰਣ ਲਈ ਤਾਂ ਬਾਰਿਸ਼ ਠੀਕ ਸਿੱਧ ਹੋਈ ਹੈ ਪਰ ਝੋਨੇ ਦੀਆਂ ਢੇਰੀਆਂ ਗਿੱਲੀਆਂ ਹੋਣ ਕਰ ਕੇ ਉਨ੍ਹਾਂ ਨੂੰ ਹੋਰ ਕਈ ਦਿਨ ਮੰਡੀ 'ਚ ਰਾਤਾਂ ਕੱਟਣੀਆਂ ਪੈ ਸਕਦੀਆਂ ਹਨ। ਪਿੰਡ ਧੱਲੇਕੇ ਦੇ ਸਾਬਕਾ ਸਰਪੰਚ ਅਤੇ ਯੁਵਕ ਸੇਵਾਵਾਂ ਸਪੋਰਟਸ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਦਾ ਕਹਿਣਾ ਸੀ ਕਿ ਬਾਰਿਸ਼ ਕਰ ਕੇ ਘੱਟੋ-ਘੱਟ 10 ਦਿਨਾਂ ਤੱਕ ਕਣਕ ਦੀ ਬਿਜਾਈ ਦਾ ਕੰਮ ਪਛੜ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਪਿਛਲੇ ਦਿਨਾਂ ਦੌਰਾਨ ਬਿਜਾਈ ਕੀਤੀ ਕਣਕ ਦੀ ਫਸਲ ਦੇ ਖਰਾਬ ਹੋਣ ਦਾ ਖਦਸ਼ਾ ਹੈ।
