ਪੰਜਾਬ ’ਚ ਇਕ ਹੋਰ ਵੱਡਾ ਕਤਲਕਾਂਡ ਟਲਿਆ, ਅੱਪਰਾ ਦੇ ਲੱਛਮੀ ਰਾਈਸ ਮਿੱਲ ਮਾਲਕ ਦੀ ਹੋਣੀ ਸੀ ਟਾਰਗੇਟ ਕਿਲਿੰਗ

Tuesday, Jun 14, 2022 - 06:20 PM (IST)

ਪੰਜਾਬ ’ਚ ਇਕ ਹੋਰ ਵੱਡਾ ਕਤਲਕਾਂਡ ਟਲਿਆ, ਅੱਪਰਾ ਦੇ ਲੱਛਮੀ ਰਾਈਸ ਮਿੱਲ ਮਾਲਕ ਦੀ ਹੋਣੀ ਸੀ ਟਾਰਗੇਟ ਕਿਲਿੰਗ

ਫਗਵਾੜਾ (ਜਲੋਟਾ) : ਗੈਂਗਲੈਂਡ ਬਣੇ ਹੋਏ ਪੰਜਾਬ ’ਚ ਇਕ ਹੋਰ ਵੱਡਾ ਕਤਲਕਾਂਡ ਹੁੰਦੇ-ਹੁੰਦੇ ਫਗਵਾੜਾ ਪੁਲਸ ਦੀ ਮੁਸਤੈਦੀ ਨਾਲ ਸਮੇਂ ਰਹਿੰਦੇ ਟਲ ਗਿਆ। ਜਾਣਕਾਰੀ ਮੁਤਾਬਕ ਇਸ ਵਾਰ ਟਾਰਗੇਟ ਕਿਲਿੰਗ ਦਾ ਸ਼ਿਕਾਰ ਅੱਪਰਾ ਦੇ ਲੱਛਮੀ ਰਾਈਸ ਮਿੱਲ ਦੇ ਮਾਲਕ ਅਮਨ ਕੁਮਾਰ ਨੇ  ਹੋਣਾ ਸੀ ਪਰ ਇਸ ਤੋਂ ਪਹਿਲਾਂ ਕਿ ਸ਼ਾਤਰ ਮੁਲਜ਼ਮ ਅਮਨ ਕੁਮਾਰ ਨੂੰ ਆਪਣੀ ਗੋਲੀਆਂ ਦਾ ਨਿਸ਼ਾਨਾ ਬਣਾ ਪਾਉਂਦੇ ਸੀ. ਆਈ. ਏ. ਸਟਾਫ ਫਗਵਾੜਾ ਦੀ ਪੁਲਸ ਨੇ ਇਸ ਟਾਰਗੇਟ ਕਿਲਿੰਗ ਦਾ ਪਰਦਾਫਾਸ਼ ਕਰਦੇ ਹੋਏ ਕਤਲ ਨੂੰ ਅੰਜਾਮ ਦੇਣ ਜਾ ਰਹੇ ਵਿਅਕਤੀ ਨੂੰ ਗ੍ਰਿਫਤਾਰ ਕਰਨ ’ਚ ਕਾਮਯਾਬੀ ਹਾਸਲ ਕੀਤੀ ਹੈ। ਅੱਜ ਫਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਕਪੂਰਥਲਾ ਦੇ ਐੱਸ. ਐੱਸ. ਪੀ. ਰਾਜ ਬਚਨ ਸਿੰਘ ਸੰਧੂ ਨੇ ਐੱਸ. ਪੀ. ਫਗਵਾੜਾ ਹਰਿੰਦਰਪਾਲ ਸਿੰਘ ਡੀ. ਐੱਸ. ਪੀ. ਅੱਛਰੂ ਰਾਮ ਸ਼ਰਮਾ ਸੀ. ਆਈ. ਏ. ਸਟਾਫ ਫਗਵਾੜਾ ਦੇ ਇੰਚਾਰਜ ਸਿਕੰਦਰ ਸਿੰਘ ਸਮੇਤ ਹੋਰ ਪੁਲਸ ਅਧਿਕਾਰੀਆਂ ਦੀ ਮੌਜੂਦਗੀ ’ਚ ਦੱਸਿਆ ਕਿ ਪੁਲਸ ਨੇ ਸੁਖਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਲਿੱਦੜ ਕਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਗ੍ਰਿਫ਼ਤਾਰ ਕਰ ਇਸ ਪਾਸੋਂ ਇਕ ਪਿਸਤੌਲ ਤਿੰਨ ਸੌ ਪੰਦਰਾਂ ਬੋਰ ਅਤੇ ਚਾਰ ਜ਼ਿੰਦਾ ਕਾਰਤੂਸ ਪੰਦਰਾਂ ਬੋਰ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਪਤਨੀ ਨੂੰ ਹਰਿਦੁਆਰ ’ਚ ਨਹੀਂ ਮਾਰ ਸਕਿਆ ਤਾਂ ਦਰਗਾਹ ’ਤੇ ਮੱਥਾ ਟੇਕਣ ਬਹਾਨੇ ਦਿੱਤੀ ਦਿਲ ਕੰਬਾਊ ਮੌਤ

ਐੱਸ. ਐੱਸ. ਪੀ. ਕਪੂਰਥਲਾ ਨੇ ਦੱਸਿਆ ਕਿ ਮੁਲਜ਼ਮ ਸੁਖਵਿੰਦਰ ਸਿੰਘ ਨੇ ਪੁਲਸ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਪਰਵਾਸੀ ਠੇਕੇਦਾਰ ਨੂਰੀ ਵਾਸੀ ਬਿਹਾਰ ਜੋ ਹਾਲ ਵਾਸੀ ਲੱਛਮੀ ਰਾਈਸ ਮਿੱਲ ਤੂਰਾ ਅੱਪਰਾ ਜ਼ਿਲ੍ਹਾ ਜਲੰਧਰ ਦਿਹਾਤੀ ਠੇਕੇਦਾਰੀ ਦਾ ਕੰਮ ਕਰਦਾ ਹੈ ਨਾਲ ਗਹਿਰੇ ਰਿਸ਼ਤੇ  ਹਨ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂਰੀ ਨੇ ਸੁਖਵਿੰਦਰ ਸਿੰਘ ਨਾਲ ਹਮਸਲਾਹ ਹੋ ਕੇ ਰਾਈਸ ਮਿੱਲ ਦੇ ਮਾਲਕ ਨੂੰ ਮਾਰਨ ਦਾ ਪਲਾਨ ਬਣਾਇਆ ਸੀ । ਜੋ ਨੂਰੀ 315 ਬੋਰ ਦਾ ਇਕ ਪਿਸਤੌਲ ਸੁਖਵਿੰਦਰ ਸਿੰਘ ਨੂੰ ਦੇ ਕੇ ਆਪ ਬਿਹਾਰ ਹੋਰ ਅਸਲਾ ਲੈਣ ਲਈ ਚਲਾ ਗਿਆ ਹੈ ਅਤੇ ਜਾਣ ਲੱਗਾ ਸੁਖਵਿੰਦਰ ਸਿੰਘ ਨੂੰ ਇਹ ਕਹਿ ਗਿਆ ਕਿ ਮੈਂ ਪੰਦਰਾਂ ਤਰੀਕ ਨੂੰ ਵਾਪਿਸ ਆਵਾਂਗਾ ਫਿਰ ਆਪਾਂ ਰਾਈਸ ਮਿੱਲ ਮਾਲਕ ਪਾਸੋਂ ਪੈਸੇ ਮੰਗਾਂਗੇ ਅਤੇ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਦਾ ਕੰਮ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਨੂੰ ਸਮੇਂ ਸਿਰ ਗ੍ਰਿਫਤਾਰ ਕਰਕੇ ਇਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਨਾਜਾਇਜ਼ ਅਸਲੇ ਅਤੇ ਗੋਲੀ ਸਿੱਕੇ ਸਮੇਤ ਕਾਬੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਦੁਕਾਨਦਾਰਾਂ ਵਿਚਾਲੇ ਹੋਈ ਆਪਸੀ ਤਕਰਾਰ ਤੋਂ ਬਾਅਦ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਉਨ੍ਹਾਂ ਕਿਹਾ ਕਿ ਠੇਕੇਦਾਰ ਨੂਰੀ ਨੇ ਰਾਈਸ ਮਿੱਲ ਦੇ ਮਾਲਕ ਅਮਨ ਕੁਮਾਰ ਪਾਸੋਂ ਕਰੀਬ ਸਾਢੇ ਸੱਤ ਲੱਖ ਰੁਪਏ ਲੈਣਾ ਸਨ ਅਤੇ ਉਹ ਉਸ ਦੇ ਪੈਸੇ ਵਾਰ-ਵਾਰ ਮੰਗਣ ਤੋਂ ਬਾਅਦ ਵੀ ਨਹੀਂ ਦੇ ਰਿਹਾ ਸੀ ਜਿਸ ਤੋਂ ਬਾਅਦ ਠੇਕੇਦਾਰ ਨੂਰੀ ਨੇ ਸੁਖਵਿੰਦਰ ਸਿੰਘ ਨਾਲ ਹਮਸਲਾਹ ਹੋ ਕੇ ਉਸ ਦੀ ਟਾਰਗੇਟ ਕਿਲਿੰਗ ਦਾ ਪਲਾਨ ਬਣਾਇਆ ਸੀ। ਉਨ੍ਹਾਂ ਕਿਹਾ ਕਿ ਪੁਲਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਮੁਲਜ਼ਮ ਠੇਕੇਦਾਰ ਨੂਰੀ ਸਮੇਤ ਇਸ ਦੇ ਹੋਰ ਸਾਥੀਆਂ ਅਤੇ ਬਿਹਾਰ ’ਚ ਜੋ ਨਾਜਾਇਜ਼ ਅਸਲਾ ਆਦਿ ਸਪਲਾਈ ਕਰਦੇ ਹਨ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।

ਇਹ ਵੀ ਪੜ੍ਹੋ : ਪੇਕੇ ਘਰ ਪਿਓ ਨੂੰ ਮਿਲਣ ਆਈ ਭੈਣ ਦਾ ਵੱਡੇ ਭਰਾ ਨੇ ਕੀਤਾ ਬੇਰਹਿਮੀ ਨਾਲ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


author

Gurminder Singh

Content Editor

Related News