22 ਲੱਖ ਦੇ ਚੌਲਾਂ ਨੂੰ ਖੁਰਦ-ਬੁਰਦ ਕਰਨ ਵਾਲੇ ਮੁਲਜ਼ਮ ਕਾਬੂ
Thursday, Jul 26, 2018 - 12:12 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਥਾਣਾ ਰਾਹੋਂ ਦੇ ਅਧੀਨ ਆਉਂਦੇ ਐਗਰੋ ਪ੍ਰਾਈਵੇਟ ਲਿ. ਸ਼ੈਲਰ ਤੋਂ ਧੋਖੇ ਨਾਲ ਕਰੀਬ 22 ਲੱਖ ਰੁਪਏ ਦੇ ਚੌਲ ਲਿਜਾਣ ਦੇ ਮਾਮਲੇ ਨੂੰ ਜ਼ਿਲਾ ਪੁਲਸ ਨੇ ਹੱਲ ਕਰਨ ਵਿਚ ਸਫਲਤਾ ਹਾਸਲ ਕਰਦੇ ਹੋਏ ਮਾਮਲੇ ਦੇ ਚਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੱਸਣਯੋਗ ਹੈ ਕਿ ਸ਼ੈਲਰ ਮਾਲਕ ਬਲਵਿੰਦਰ ਕੁਮਾਰ ਸ਼ਰਮਾ ਦੀ ਸ਼ਿਕਾਇਤ ’ਤੇ ਥਾਣਾ ਰਾਹੋਂ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਸੀ। ਜਿਸ ਦੀ ਜਾਂਚ ਡੀ.ਐੱਸ.ਪੀ. ਨਵਾਂਸ਼ਹਿਰ ਦੀ ਅਗਵਾਈ ਵਿਚ ਸੀ.ਆਈ.ਏ. ਸਟਾਫ ਦੀ ਪੁਲਸ ਵੱਲੋਂ ਕੀਤੀ ਜਾ ਰਹੀ ਸੀ। ਪੁਲਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਜਿਸ ਵਿਅਕਤੀ ’ਤੇ ਧੋਖਾਦੇਹੀ ਦਾ ਸ਼ੱਕ ਜ਼ਾਹਿਰ ਕੀਤਾ ਸੀ ਉਹ ਬੇਗੁਨਾਹ ਪਾਇਆ ਗਿਆ ਹੈ ਜਦੋਂ ਕਿ ਇਸ ਮਾਮਲੇ ਦੇ 4 ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਸੀ.ਆਈ.ਏ. ਸਟਾਫ ਵਿਖੇ ਤਾਇਨਾਤ ਏ.ਐੱਸ.ਆਈ. ਫੂਲ ਰਾਏ ਨੇ ਦੱਸਿਆ ਕਿ ਇਸੇ ਤਰ੍ਹਾਂ ਧੋਖਾਦੇਹੀ ਦਾ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਪੁਲਸ ਨੇ 1 ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਬਠਿੰਡਾ ਜੇਲ ਭੇਜਿਆ ਸੀ। ਉਕਤ ਮੁਲਜ਼ਮ ਦਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸੰਘਾ ਖੁਰਦ (ਫਿਰੋਜ਼ਪੁਰ) ਨੂੰ ਨਵਾਂਸ਼ਹਿਰ ਲਿਆ ਕੇ ਉਸ ਕੋਲੋਂ ਸਖਤੀ ਨਾਲ ਪੁੱਛ ਪਡ਼ਤਾਲ ਕੀਤੀ ਸੀ। ਪੁਲਸ ਨੇ ਦੱਸਿਆ ਕਿ ਉਕਤ ਦਲਜੀਤ ਸਿੰਘ ਦਾ ਅਾਪਣਾ ਟਰਾਲਾ ਸੀ ਅਤੇ ਬਘੇਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਲੱਖਾ ਸਿੰਘਵਾਲਾ (ਫਿਰੋਜ਼ਪੁਰ) ਉਸ ਕੋਲ ਬਤੌਰ ਡਰਾਈਵਰ ਕੰਮ ਕਰਦਾ ਸੀ। ਜਿਸ ਦੇ ਨਾਲ ਮਿਲ ਕੇ ਉਸ ਨੇ ਜਾਅਲੀ ਲਾਇਸੈਂਸ ਤਿਆਰ ਕਰ ਕੇ ਸ਼ੈਲਰ ਮਾਲਕ ਜਿਸ ਦੇ ਚੌਲ ਹੋਰਨਾਂ ਰਾਜਾਂ ਵਿਚ ਜਾਂਦੇ ਸਨ ਤੋਂ ਲਗਭਗ 22.53 ਲੱਖ ਰੁਪਏ ਦੇ 294.55 ਕੁਇੰਟਲ ਚੌਲ ਖੁਰਦ-ਬੁਰਦ ਕਰ ਕੇ ਵੇਚ ਦਿੱਤੇ ਸਨ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਚੌਲ ਉਪਰੋਕਤ ਦੋਸ਼ੀਆਂ ਨੇ ਹਰਿਆਣਾ ਰਾਜ ਦੇ ਸਿਰਸਾ ਸ਼ਹਿਰ ਵਿਚ ਇਕ ਥੋਕ ਵਿਕਰੇਤਾ ਲਾਲਾ ਰਾਜੀਵ ਕੁਮਾਰ ਅਤੇ ਕਰਿਆਨੇ ਦੇ ਦੁਕਾਨ ਕਰਨ ਵਾਲੇ ਪਰਸ਼ੋਤਮ ਲਾਲ ਜੋ ਮੁਲਜ਼ਮ ਦਲਜੀਤ ਦਾ ਨਜ਼ਦੀਕੀ ਰਿਸ਼ਤੇਦਾਰ ਹੈ, ਨੂੰ ਸਸਤੇ ਭਾਅ ਵੇਚ ਦਿੱਤੇ ਸਨ। ਉਕਤ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ 3 ਦਿਨਾਂ ਦੇ ਪੁਲਸ ਰਿਮਾਂਡ ’ਤੇ ਲੈਣ ਤੋਂ ਬਾਅਦ ਅਦਾਲਤ ਦੇ ਹੁਕਮਾਂ ’ਤੇ ਜੇਲ ਭੇਜ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਉਪਰੋਕਤ ਮੁਲਜ਼ਮਾਂ ਤੋਂ 335 ਥੈਲੇ ਚੌਲ ਅਤੇ ਜਾਅਲੀ ਲਾਇਸੈਂਸ ਬਰਾਮਦ ਕਰ ਲਿਆ ਹੈ ਜਦੋਂ ਕਿ ਵਾਰਦਾਤ ਵਿਚ ਵਰਤਿਆ ਟਰਾਲਾ ਪਹਿਲਾਂ ਹੀ ਬਠਿੰਡਾ ਪੁਲਸ ਬਰਾਮਦ ਕਰ ਚੁੱਕੀ ਹੈ।