ਅਟਾਰੀ ਬਾਰਡਰ : ਰੀਟ੍ਰੀਟ ਸੈਰਾਮਨੀ ’ਚ ਟੂਰਿਸਟ ਐਂਟਰੀ ਬੰਦ ਹੋਣ ਕਾਰਨ ਵਾਪਸ ਪਰਤੇ ਹਜ਼ਾਰਾਂ ਟੂਰਿਸਟ
Sunday, Mar 08, 2020 - 11:51 AM (IST)
ਅੰਮ੍ਰਿਤਸਰ (ਨੀਰਜ) - ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਰੀਟ੍ਰੀਟ ਸੈਰਾਮਨੀ ਪਰੇਡ ’ਚ ਟੂਰਿਸਟ ਐਂਟਰੀ ਬੰਦ ਕੀਤੇ ਜਾਣ ਕਾਰਣ ਸ਼ਨੀਵਾਰ ਹਜ਼ਾਰਾਂ ਟੂਰਿਸਟਾਂ ਨੂੰ ਜਿਥੇ ਪ੍ਰੇਸ਼ਾਨ ਹੋਣਾ ਪਿਆ, ਉਥੇ ਪਰੇਡ ਦੇਖੇ ਬਿਨਾਂ ਹੀ ਵਾਪਸ ਆਉਣਾ ਪਿਆ। ਜਾਣਕਾਰੀ ਅਨੁਸਾਰ ਰੀਟ੍ਰੀਟ ਸੈਰਾਮਨੀ ਦੀ ਪਰੇਡ ਵਾਲੀ ਥਾਂ ’ਚ ਟੂਰਿਸਟ ਐਂਟਰੀ ਬੰਦ ਦੇ ਸਰਕਾਰੀ ਐਲਾਨ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ’ਚ ਟੂਰਿਸਟ ਪਰੇਡ ਦੇਖਣ ਲਈ ਜੁਆਇੰਟ ਚੈੱਕ ਪੋਸਟ ਅਟਾਰੀ ਦੇ ਆਸ-ਪਾਸ ਪਹੁੰਚ ਗਏ ਸਨ, ਜਿਥੇ ਐਂਟਰੀ ਗੇਟ ਤੋਂ ਪਹਿਲਾਂ ਹੀ ਪੁਲਸ ਨੇ ਨਾਕਾਬੰਦੀ ਕਰ ਦਿੱਤੀ ਪਰ ਫਿਰ ਵੀ ਟੂਰਿਸਟ ਪਰੇਡ ਵਾਲੀ ਜਗ੍ਹਾ ਵੱਲ ਜਾਂਦੇ ਨਜ਼ਰ ਆਏ, ਜਿਥੇ ਬੀ. ਐੱਸ. ਐੱਫ. ਵੱਲੋਂ ਉਨ੍ਹਾਂ ਨੂੰ ਵਾਪਸ ਪਰਤਣ ਲਈ ਕਿਹਾ ਗਿਆ। ਪਰੇਡ ਨਾ ਦੇਖਣ ਦੇ ਬਾਵਜੂਦ ਵਾਪਸ ਪਰਤਣ ਵਾਲੇ ਲੋਕਾਂ ਵੱਲੋਂ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ।
ਪੜ੍ਹੋ ਇਹ ਖਬਰ ਵੀ - ਕੋਰੋਨਾ ਵਾਇਰਸ ਕਾਰਨ ਵਾਘਾ ਬਾਰਡਰ 'ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਮੁਲਤਵੀ
ਦੂਜੇ ਪਾਸੇ ਟੂਰਿਸਟਾਂ ਦੀ ਐਂਟਰੀ ਬੰਦ ਹੋਣ ਕਾਰਣ ਜੁਆਇੰਟ ਚੈੱਕ ਪੋਸਟ ਅਟਾਰੀ ’ਤੇ ਕੰਮ ਕਰਨ ਵਾਲੇ ਅਣਗਿਣਤ ਦੁਕਾਨਦਾਰਾਂ ਜਿਨ੍ਹਾਂ ’ਚ ਢਾਬੇ, ਹੋਟਲ ਅਤੇ ਰੈਸਟੋਰੈਂਟ ਚਲਾਉਣ ਵਾਲਿਆਂ ਨੂੰ ਵੀ ਰੋਜ਼ੀ-ਰੋਟੀ ਦੇ ਲਾਲੇ ਪੈ ਗਏ। ਜੇ. ਸੀ. ਪੀ. ਅਟਾਰੀ ’ਤੇ ਕੰਮ ਕਰਨ ਵਾਲੇ ਇਨ੍ਹਾਂ ਦੁਕਾਨਦਾਰਾਂ ਦਾ ਕਾਰੋਬਾਰ ਟੂਰਿਸਟਾਂ ਦੀ ਆਮਦ ਨਾਲ ਹੀ ਚੱਲਦਾ ਸੀ, ਹੁਣ ਇਨ੍ਹਾਂ ਨੂੰ ਚਿੰਤਾ ਸਤਾਉਣ ਲੱਗੀ ਹੈ ਕਿ ਉਨ੍ਹਾਂ ਦੇ ਭਵਿੱਖ ਦਾ ਕੀ ਹੋਵੇਗਾ।
200 ਫ਼ੀਸਦੀ ਡਿਊਟੀ ਲੱਗਣ ’ਤੇ ਪਹਿਲਾਂ ਹੀ ਬੇਰੋਜ਼ਗਾਰ ਹੋ ਚੁੱਕੇ ਹਨ 75 ਹਜ਼ਾਰ ਲੋਕ
ਜੇ. ਸੀ. ਪੀ. ਅਟਾਰੀ ਬਾਰਡਰ ’ਤੇ ਰੀਟ੍ਰੀਟ ਸੈਰਾਮਨੀ ਪਰੇਡ ਵਾਲੀ ਜਗ੍ਹਾ ਦੀ ਗੱਲ ਕਰੀਏ ਜਾਂ ਫਿਰ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਭਾਰਤ-ਪਾਕਿ ’ਚ ਹੋਣ ਵਾਲੇ ਕਾਰੋਬਾਰ ਦੀ ਗੱਲ ਕਰੀਏ, ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਸਰਕਾਰ ਵਲੋਂ ਪਾਕਿਸਤਾਨ ਵਲੋਂ ਦਰਾਮਦ ਵਸਤਾਂ ’ਤੇ ਲਾਈ 200 ਫ਼ੀਸਦੀ ਡਿਊਟੀ ਕਾਰਣ ਪਹਿਲਾਂ ਹੀ ਆਈ. ਸੀ. ਪੀ. ’ਤੇ ਕੰਮ ਕਰਨ ਵਾਲੇ 75 ਹਜ਼ਾਰ ਲੋਕ ਪਿਛਲੇ ਇਕ ਸਾਲ ਤੋਂ ਬੇਰੋਜ਼ਗਾਰ ਹੋਏ ਬੈਠੇ ਹਨ। ਸਰਕਾਰ ਵਲੋਂ 22 ਫਰਵਰੀ 2019 ਨੂੰ 200 ਫ਼ੀਸਦੀ ਡਿਊਟੀ ਲਾਈ ਗਈ ਸੀ, ਜਿਸ ਕਾਰਣ ਹਜ਼ਾਰਾਂ ਦੀ ਗਿਣਤੀ ’ਚ ਆਈ. ਸੀ. ਪੀ. ’ਤੇ ਕੰਮ ਕਰਨ ਵਾਲੇ ਕੁਲੀ, ਮਜ਼ਦੂਰ, ਹੈਲਪਰ, ਟਰਾਂਸਪੋਰਟਰ, ਲੇਬਰ, ਸੀ. ਐੱਚ. ਏ., ਵਪਾਰੀ ਅਤੇ ਉਨ੍ਹਾਂ ਦਾ ਸਟਾਫ ਬੇਰੋਜ਼ਗਾਰ ਹੋ ਚੁੱਕਾ ਹੈ। ਸਰਹੱਦੀ ਇਲਾਕਾ ਹੋਣ ਕਾਰਣ ਇਥੇ ਕਾਰੋਬਾਰ ਦੀ ਵੀ ਕੋਈ ਸੰਭਾਵਨਾ ਨਹੀਂ ਹੈ, ਅਜਿਹੇ ’ਚ ਪਰੇਡ ਵਾਲੀ ਜਗ੍ਹਾ ’ਤੇ ਟੂਰਿਸਟ ਐਂਟਰੀ ਬੰਦ ਹੋਣ ਕਾਰਣ ਇਨ੍ਹਾਂ ਲੋਕਾਂ ਨੂੰ ਬਚੀ-ਖੁਚੀ ਉਮੀਦ ਵੀ ਜਾਂਦੀ ਨਜ਼ਰ ਆ ਰਹੀ ਹੈ।