ਸੇਵਾ-ਮੁਕਤ ਹੋ ਕੇ ਘਰ ਪਹੁੰਚਿਆ ਫ਼ੌਜੀ, ਖ਼ੂਨ ਨਾਲ ਲੱਥਪਥ ਪਤਨੀ ਦੀ ਲਾਸ਼ ਦੇਖ ਲੱਗਾ ਸਦਮਾ

Friday, Apr 01, 2022 - 11:17 PM (IST)

ਸੇਵਾ-ਮੁਕਤ ਹੋ ਕੇ ਘਰ ਪਹੁੰਚਿਆ ਫ਼ੌਜੀ, ਖ਼ੂਨ ਨਾਲ ਲੱਥਪਥ ਪਤਨੀ ਦੀ ਲਾਸ਼ ਦੇਖ ਲੱਗਾ ਸਦਮਾ

ਤਰਨਤਾਰਨ (ਰਮਨ)-ਸ਼ਹਿਰ ’ਚ ਸਥਿਤ ਇਕ ਕੋਠੀ ’ਚ ਔਰਤ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਉਪਕਾਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ’ਚ ਲੈਂਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਸਰਬਜੀਤ ਕੌਰ ਪਤਨੀ ਜਸਬੀਰ ਸਿੰਘ, ਜੋ ਆਪਣੇ ਪੇਕੇ ਪਿੰਡ ਮਾਣੋਚਾਹਲ ਵਿਖੇ ਆਪਣੀ 11 ਸਾਲਾ ਬੇਟੇ ਨਾਲ ਰਹਿ ਰਹੀ ਸੀ, ਦਾ ਪਤੀ ਫੌਜ ’ਚੋਂ ਅੱਜ ਹੀ ਸੇਵਾ-ਮੁਕਤ ਹੋਣ ਉਪਰੰਤ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਸ਼ਾਮ 6 ਵਜੇ ਪੁੱਜਾ ਸੀ।

ਇਹ ਵੀ ਪੜ੍ਹੋ : ਜਥੇਦਾਰ ਦਾਦੂਵਾਲ ਦੇ ਅਕਾਲੀ ਦਲ 'ਤੇ ਰਗੜੇ, ਕਿਹਾ-ਸਿੱਖਾਂ ਦੀ ਆਵਾਜ਼ ਚੁੱਕਣ ਲਈ ਬਣਾਵਾਂਗੇ 'ਅਕਾਲੀ ਦਲ ਹਰਿਆਣਾ'

ਉਸ ਨੇ ਆਪਣੀ ਪਤਨੀ ਸਰਬਜੀਤ ਕੌਰ ਨੂੰ ਫੋਨ ਕਰਕੇ ਦੱਸਿਆ ਕਿ ਉਹ ਆਪਣੇ ਤਰਨਤਾਰਨ ਪਾਰਕ ਐਵੇਨਿਊ ਵਿਖੇ ਮੌਜੂਦ ਕੋਠੀ ’ਚ ਸਾਢੇ 6 ਵਜੇ ਪੁੱਜ ਜਾਵੇਗਾ, ਜਿਸ ਤਹਿਤ ਕੋਠੀ ਦੀ ਸਫ਼ਾਈ ਕਰ ਦਿੱਤੀ ਜਾਵੇ। ਜਦੋਂ ਜਸਬੀਰ ਸਿੰਘ ਆਪਣੇ ਘਰ ’ਚ ਪੁੱਜਾ ਤਾਂ ਉਥੇ ਆਪਣੀ ਪਤਨੀ ਦੀ ਲਹੂ-ਲੁਹਾਨ ਹੋਈ ਲਾਸ਼ ਦੇਖ ਕੇ ਸਦਮਾ ਲੱਗਾ ਕਿ ਉਸ ਨੇ ਥੋੜ੍ਹੀ ਦੇਰ ਪਹਿਲਾਂ ਹੀ ਉਸ ਨਾਲ ਗੱਲ ਕੀਤੀ ਸੀ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਉਪਕਾਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ, ਜਿਨ੍ਹਾਂ ਵੱਲੋਂ ਲਾਸ਼ ਕਬਜ਼ੇ ’ਚ ਲੈ ਕੇ ਪਤੀ ਜਸਬੀਰ ਸਿੰਘ ਦੇ ਬਿਆਨਾਂ ’ਤੇ ਥਾਣਾ ਸਿਟੀ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : PM ਮੋਦੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਸੁਰੱਖਿਆ ਏਜੰਸੀਆਂ ਹੋਈਆਂ ਅਲਰਟ

ਇਸ ਸਬੰਧੀ ਥਾਣਾ ਸਿਟੀ ਮੁਖੀ ਉਪਕਾਰ ਸਿੰਘ ਨੇ ਦੱਸਿਆ ਕਿ ਇਸ ਕਤਲਕਾਂਡ ਨੂੰ ਜਲਦ ਹੱਲ ਕਰਨ ਲਈ ਪੁਲਸ ਨੇ ਸਾਈਬਰ ਸੈੱਲ ਅਤੇ ਹੋਰ ਵੱਖ-ਵੱਖ ਟੀਮਾਂ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦਾ ਸ਼ਨੀਵਾਰ ਸਵੇਰੇ ਪੋਸਟਮਾਰਟਮ ਕਰਵਾਇਆ ਜਾਵੇਗਾ।


author

Manoj

Content Editor

Related News