ਰੈਸਟੋਰੈਂਟ ਤੋਂ ਆਰਡਰ ਕੀਤਾ ਖਾਣਾ, ਸਲਾਦ ''ਚੋਂ ਨਿਕਲਿਆ ਮਰਿਆ ਕਾਕਰੋਚ
Sunday, Apr 14, 2019 - 11:32 AM (IST)
ਚੰਡੀਗੜ੍ਹ (ਰਾਜਿੰਦਰ)—ਆਨਲਾਈਨ ਜਾਂ ਫੋਨ 'ਤੇ ਫੂਡ ਹੋਮ ਡਲਿਵਰੀ ਕਰਵਾਉਣ ਦਾ ਰਿਵਾਜ ਸ਼ਹਿਰ 'ਚ ਵਧਦਾ ਜਾ ਰਿਹਾ ਹੈ ਪਰ ਕਈ ਵਾਰ ਆਨਲਾਈਨ ਫੂਡ ਮੰਗਵਾਉਣਾ ਲੋਕਾਂ ਨੂੰ ਮਹਿੰਗਾ ਵੀ ਪੈ ਜਾਂਦਾ ਹੈ ਕਿਉਂਕਿ ਕੰਪਨੀਆਂ ਜਲਦੀ ਤੋਂ ਜਲਦੀ ਖਾਣਾ ਪਹੁੰਚਾਉਣ ਦੇ ਚੱਕਰ 'ਚ ਉਸ ਦੀ ਕੁਆਲਿਟੀ ਨਾਲ ਸਮਝੌਤਾ ਕਰ ਬੈਠਦੀਆਂ ਹਨ। ਇਕ ਅਜਿਹੇ ਹੀ ਮਾਮਲੇ 'ਚ ਖਪਤਕਾਰ ਫੋਰਮ ਨੇ ਸੈਕਟਰ-11 ਸਥਿਤ 'ਅਜਾ ਫਰੈੱਸ਼ ਗਰਿਲਡ ਐਂਡ ਹੈਲਦੀ' ਨੂੰ ਦੋਸ਼ੀ ਪਾਇਆ ਹੈ। ਇਕ ਗਾਹਕ ਨੇ ਇਸ ਰੈਸਟੋਰੈਂਟ ਤੋਂ ਖਾਣਾ ਆਰਡਰ ਕੀਤਾ, ਡਲਿਵਰੀ ਹੋਣ ਮਗਰੋਂ ਜਦੋਂ ਉਸ ਨੇ ਖਾਣਾ ਸ਼ੁਰੂ ਕੀਤਾ ਤਾਂ ਉਸ ਦੇ ਹੋਸ਼ ਉਡ ਗਏ। ਖਾਣੇ ਦੇ ਸਲਾਦ 'ਚ ਮਰਿਆ ਹੋਇਆ ਕਾਕਰੋਚ ਪਿਆ ਮਿਲਿਆ ਸੀ।
ਇਹ ਹੈ ਮਾਮਲਾ
ਪੰਚਕੂਲਾ ਸੈਕਟਰ-4 ਨਿਵਾਸੀ ਸ਼ੋਭਿਤ ਰਾਣਾ ਨੇ ਚੰਡੀਗੜ੍ਹ ਸੈਕਟਰ-11 ਸਥਿਤ ਐੱਸ. ਸੀ. ਓ. ਨੰਬਰ-4 ਅਜਾ ਫਰੈੱਸ਼ ਗਰਿਲਡ ਐਂਡ ਹੈਲਦੀ ਖਿਲਾਫ ਖਪਤਕਾਰ ਫੋਰਮ 'ਚ ਸ਼ਿਕਾਇਤ ਦਿੱਤੀ। ਸ਼ਿਕਾਇਤਕਰਤਾ ਨੇ ਕਿਹਾ ਕਿ 27 ਦਸੰਬਰ, 2017 ਨੂੰ ਉਹ ਆਪਣੇ ਭਰਾ ਤੇ ਭੈਣ ਨਾਲ ਚੰਡੀਗੜ੍ਹ ਦੇ ਸੈਕਟਰ-21 ਸਥਿਤ ਆਪਣੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ। ਉਥੇ ਉਨ੍ਹਾਂ ਨੇ ਇਕ ਰੈਸਟੋਰੈਂਟ ਤੋਂ ਖਾਣਾ ਆਰਡਰ ਕੀਤਾ, ਜਿਸ ਦੀ 45 ਮਿੰਟ ਦੇ ਅੰਦਰ ਰੈਸਟੋਰੈਂਟ ਤੋਂ ਡਲਿਵਰੀ ਕਰ ਦਿੱਤੀ ਗਈ। ਅੱਧਾ ਖਾਣਾ ਖਾਣ ਤੋਂ ਬਾਅਦ ਵੈਜੀਟੇਬਲ ਸਲਾਦ 'ਪਾਵਰਹਾਊਸ' (ਰੈਸਟੋਰੈਂਟ ਵਲੋਂ ਦਿੱਤਾ ਗਿਆ ਨਾਂ) ਖਾਣ ਲੱਗੇ ਤਾਂ ਉਸ 'ਚੋਂ ਮਰਿਆ ਹੋਇਆ ਕਾਕਰੋਚ ਮਿਲਿਆ। ਸ਼ਿਕਾਇਤਕਰਤਾ ਨੇ ਤੁਰੰਤ ਰੈਸਟੋਰੈਂਟ 'ਚ ਫੋਨ ਕੀਤਾ ਪਰ ਅੱਗੋਂ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਆਨਲਾਈਨ ਫੀਡਬੈਕ ਦੇ ਅੰਦਰ ਫੋਟੋ ਕਲਿੱਕ ਕਰ ਕੇ ਪੋਸਟ ਕਰ ਦਿੱਤੀ ਪਰ ਉਸਦਾ ਵੀ ਰੈਸਟੋਰੈਂਟ ਵਲੋਂ ਜਵਾਬ ਨਹੀਂ ਦਿੱਤਾ ਗਿਆ। ਕੁਝ ਘੰਟਿਆਂ ਬਾਅਦ ਅਚਾਨਕ ਸ਼ਿਕਾਇਤਕਰਤਾ ਦੇ ਢਿੱਡ 'ਚ ਦਰਦ ਹੋਣ ਨਾਲ ਉਸ ਨੂੰ ਚੱਕਰ ਆਉਣ ਲੱਗੇ, ਜਿਸ ਤੋਂ ਬਾਅਦ ਉਸ ਨੂੰ ਉਲਟੀ ਆਉਣ ਲੱਗੀ। ਰਿਸ਼ਤੇਦਾਰ ਉਸ ਨੂੰ ਹਸਪਤਾਲ ਲੈ ਕੇ ਗਏ, ਜਿਥੇ ਜਾਂਚ ਕਰ ਕੇ ਦਵਾਈ ਦਿੱਤੀ ਗਈ। ਇਸ ਤੋਂ ਬਾਅਦ ਖਪਤਕਾਰ ਫੋਰਮ 'ਚ ਕੇਸ ਦਰਜ ਕਰਵਾਇਆ ਗਿਆ।
ਰੈਸਟੋਰੈਂਟ ਮਾਲਕ ਬੋਲੇ, ਨਹੀਂ ਵਰਤੀ ਕੁਤਾਹੀ
ਫੋਰਮ ਦੇ ਨੋਟਿਸ 'ਤੇ ਰੈਸਟੋਰੈਂਟ ਦੇ ਮਾਲਕ ਨੇ ਆਪਣੇ ਜਵਾਬ 'ਚ ਕਿਹਾ ਕਿ ਉਹ ਸਫਾਈ ਦਾ ਖਾਸ ਖਿਆਲ ਰੱਖਦੇ ਹਨ, ਜਿਸ ਲਈ ਉਨ੍ਹਾਂ ਨੂੰ ਐਵਾਰਡ ਵੀ ਮਿਲਿਆ ਹੈ। ਉਨ੍ਹਾਂ ਵਲੋਂ ਸੇਵਾ 'ਚ ਕੁਤਾਹੀ ਨਹੀਂ ਵਰਤੀ ਗਈ ਹੈ। ਹਾਲਾਂਕਿ ਫੋਰਮ ਨੇ ਆਪਣੇ ਹੁਕਮਾਂ 'ਚ ਕਿਹਾ ਕਿ ਆਪਣੀਆਂ ਕਮੀਆਂ ਨੂੰ ਢਕਣ ਲਈ ਰੈਸਟੋਰੈਂਟ ਸਰਟੀਫਿਕੇਟ ਦਾ ਸਹਾਰਾ ਨਹੀਂ ਲੈ ਸਕਦਾ ਹੈ। ਫੋਰਮ ਨੇ ਕਿਹਾ ਕਿ ਖਾਣੇ 'ਚੋਂ ਕਾਕਰੋਚ ਨਿਕਲਣਾ ਦਰਸਾਉਂਦਾ ਹੈ ਕਿ ਇਹ ਖਾਣੇ ਲਈ ਖਤਰਨਾਕ ਸੀ। ਫੋਰਮ ਨੇ ਰੈਸਟੋਰੈਂਟ ਨੂੰ ਦੋਸ਼ੀ ਪਾਇਆ ਤੇ ਮਾਨਸਿਕ ਪ੍ਰੇਸ਼ਾਨੀ ਕਾਰਨ 5000 ਰੁਪਏ ਮੁਆਵਜ਼ਾ ਤੇ 2500 ਰੁਪਏ ਮੁਕੱਦਮਾ ਖਰਚ ਦੇਣ ਦੇ ਨਿਰਦੇਸ਼ ਦਿੱਤੇ ਹਨ। 30 ਦਿਨਾਂ ਅੰਦਰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ, ਨਹੀਂ ਤਾਂ ਰੈਸਟੋਰੈਂਟ ਨੂੰ ਮੁਆਵਜ਼ਾ ਤੇ ਮੁਕੱਦਮਾ ਰਾਸ਼ੀ 9 ਫ਼ੀਸਦੀ ਸਾਲਾਨਾ ਵਿਆਜ ਦਰ ਨਾਲ ਦੇਣੇ ਹੋਣਗੇ।