ਨਗਰ ਕੌਂਸਲ ਨੇ ਹਟਾਏ ਨਾਜਾਇਜ਼ ਕਬਜ਼ੇ

Friday, Aug 09, 2019 - 07:38 PM (IST)

ਨਗਰ ਕੌਂਸਲ ਨੇ ਹਟਾਏ ਨਾਜਾਇਜ਼ ਕਬਜ਼ੇ

ਜ਼ੀਰਕਪੁਰ (ਗੁਰਪ੍ਰੀਤ/ਮੇਸ਼ੀ)-ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਵਧ ਰਹੀ ਟ੍ਰੈਫ਼ਿਕ ਸਮੱਸਿਆ ਨੂੰ ਦੂਰ ਕਰਨ ਅਤੇ ਨਾਜਾਇਜ਼ ਕਬਜ਼ੇ ਹਟਵਾਉਣ ਲਈ ਨਗਰ ਕੌਂਸਲ ਵਲੋਂ ਅਭਿਆਨ ਚਲਾਇਆ ਗਿਆ। ਨਗਰ ਕੌਂਸਲ ਵੱਲੋਂ ਵੀ.ਆਈ.ਪੀ. ਰੋਡ 'ਤੇ ਨਾਜਾਇਜ਼ ਕਬਜ਼ੇ ਹਟਾਏ ਗਏ, ਇਸ ਦੌਰਾਨ ਕੌਂਸਲ ਦੇ ਅਮਲੇ ਨੇ ਦੁਕਾਨਾਂ ਦੇ ਬਾਹਰ ਪਿਆ ਸਾਮਾਨ ਕਬਜ਼ੇ ਵਿਚ ਲੈ ਲਿਆ। ਕੌਂਸਲ ਦੀ ਇਸ ਕਾਰਵਾਈ ਦਾ ਕੁਝ ਦੁਕਾਨਦਾਰਾਂ ਨੇ ਵਿਰੋਧ ਵੀ ਕੀਤਾ ਪਰ ਅਧਿਕਾਰੀਆਂ ਨੇ ਕਿਸੇ ਦੀ ਕੋਈ ਸੁਣਵਾਈ ਨਹੀਂ ਕੀਤੀ। ਇਸ ਕਾਰਵਾਈ ਦੀ ਅਗਵਾਈ ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ ਨੇ ਕੀਤੀ ਅਤੇ ਅਣਸੁਖਾਵੀਂ ਘਟਨਾ ਰੋਕਣ ਲਈ ਪੁਲਸ ਅਤੇ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਵੀ ਕੀਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੀ ਵੀ.ਆਈ.ਪੀ. ਰੋਡ 'ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਇਹ ਸੜਕ ਪਹਿਲਾਂ ਹੀ ਤੰਗ ਹੈ, ਜਿਥੇ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਨਾਜਾਇਜ਼ ਕਬਜ਼ਿਆਂ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਵੱਲੋਂ ਜਾਮ ਦੀ ਸਮੱਸਿਆ ਦੇ ਹੱਲ ਲਈ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਲੰਘੇ ਦਿਨੀਂ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਮੋਹਾਲੀ ਵੱਲੋਂ ਵੀ ਸ਼ਹਿਰ ਦਾ ਦੌਰਾ ਕਰ ਕੇ ਨਗਰ ਕੌਂਸਲ ਨੂੰ ਨਾਜਾਇਜ਼ ਕਬਜ਼ੇ ਹਟਾਉਣ ਦੀ ਹਦਾਇਤ ਕੀਤੀ ਗਈ ਸੀ। ਇਸੇ ਤਹਿਤ ਅੱਜ ਕੌਂਸਲ ਨੇ ਨਾਜਾਇਜ਼ ਕਬਜ਼ੇ ਹਟਾਏ। ਦੁਕਾਨਦਾਰਾਂ ਵੱਲੋਂ ਵਿਹੜੇ ਤੇ ਪਾਰਕਿੰਗ ਉੱਤੇ ਕੀਤੇ ਕਬਜ਼ੇ ਖਾਲੀ ਕਰਵਾਏ ਗਏ। ਡਿਫਾਲਟਰਾਂ ਨੂੰ ਜੁਰਮਾਨੇ ਕੀਤੇ ਜਾਣਗੇ।


author

Karan Kumar

Content Editor

Related News