ਦਿ ਕਪਿਲ ਸ਼ਰਮਾ ਸ਼ੋਅ ਬੰਦ ਹੋਣ ਨਾਲ ਸਿੱਧੂ ਨੂੰ ਰਾਹਤ

Monday, Sep 04, 2017 - 06:54 AM (IST)

ਚੰਡੀਗੜ੍ਹ  (ਪਰਾਸ਼ਰ) - ਸੋਨੀ ਇੰਟਰਟੇਨਮੈਂਟ ਟੀ. ਵੀ. ਵਲੋਂ ਹਾਲ ਹੀ ਵਿਚ ਲੋਕਪ੍ਰਿਯ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਕੁੱਝ ਦੇਰ ਲਈ ਬੰਦ ਹੋਣ ਦੇ ਐਲਾਨ ਨੇ ਨਾ ਸਿਰਫ਼ ਬੀਤੇ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੇ ਕਪਿਲ ਸ਼ਰਮਾ, ਬਲਕਿ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਰਾਹਤ ਪ੍ਰਦਾਨ ਕੀਤੀ ਹੈ। ਸਿੱਧੂ ਸ਼ੋਅ 'ਚ ਪਿਛਲੇ ਕੁੱਝ ਸਾਲਾਂ ਤੋਂ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਸ਼ੋਅ ਦਾ ਦਬਾਅ
ਇਸ ਸ਼ੋਅ ਦੀ ਸ਼ੂਟਿੰਗ ਲਈ ਨਵਜੋਤ ਸਿੰਘ ਸਿੱਧੂ ਨੂੰ ਹਰ ਹਫ਼ਤੇ ਮੁੰਬਈ ਜਾਣਾ ਪੈਂਦਾ ਸੀ। ਉਹ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਨੂੰ ਹਵਾਈ ਜਹਾਜ਼ ਰਾਹੀਂ ਰਵਾਨਾ ਹੁੰਦੇ ਸਨ ਤੇ ਰਾਤ ਭਰ ਮੁੰਬਈ ਵਿਚ ਸ਼ੂਟਿੰਗ ਕਰਕੇ ਅਗਲੀ ਸਵੇਰ ਪੰਜਾਬ ਵਾਪਸ ਆਉਂਦੇ ਸਨ। ਸ਼ੋਅ ਦੀ ਸ਼ੂਟਿੰਗ ਦਾ ਨਵਜੋਤ ਸਿੰਘ ਸਿੱਧੂ ਦੇ ਬਤੌਰ ਸਥਾਨਕ ਸਰਕਾਰਾਂ ਮੰਤਰੀ ਦੇ ਰੁਝੇਵਿਆਂ ਨਾਲ ਕੋਈ ਸਿੱਧਾ ਸਬੰਧ ਨਹੀਂ ਰਿਹਾ ਪਰ ਕਿਤੇ ਨਾ ਕਿਤੇ ਇਸ ਦਾ ਦਬਾਅ ਉਨ੍ਹਾਂ 'ਤੇ ਜ਼ਰੂਰ ਪੈਂਦਾ ਸੀ।
ਬੁਰੇ ਦਿਨ
ਨਵਜੋਤ ਸਿੰਘ ਸਿੱਧੂ ਇਸ ਮੁੱਦੇ 'ਤੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਹਨ ਪਰ ਉਨ੍ਹਾਂ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਕਪਿਲ ਸ਼ਰਮਾ ਦੇ ਸ਼ੋਅ ਦੇ ਬੁਰੇ ਦਿਨ ਉਦੋਂ ਹੀ ਸ਼ੁਰੂ ਹੋ ਗਏ ਸਨ, ਜਦ ਇਸ ਦੇ ਮਹੱਤਵਪੂਰਨ ਕਲਾਕਾਰਾਂ ਸੁਨੀਲ ਗਰੋਵਰ ਤੇ ਇਕ ਹੋਰ ਸਾਥੀ ਨਾਲ ਕਪਿਲ ਸ਼ਰਮਾ ਦਾ ਝਗੜਾ ਹੋ ਗਿਆ ਸੀ। ਝਗੜੇ ਮਗਰੋਂ ਇਨ੍ਹਾਂ ਦੋਵਾਂ ਕਲਾਕਾਰਾਂ ਨੇ ਸ਼ੋਅ ਵਿਚ ਭਾਗ ਲੈਣਾ ਬੰਦ ਕਰ ਦਿੱਤਾ। ਉਨ੍ਹਾਂ ਦੀ ਸ਼ੋਅ ਵਿਚੋਂ ਗੈਰ-ਮੌਜੂਦਗੀ ਦਰਸ਼ਕਾਂ ਨੂੰ ਬੁਰੀ ਤਰ੍ਹਾਂ ਰੜਕਦੀ ਸੀ, ਜਿਸ ਕਾਰਨ ਸ਼ੋਅ ਦੀ ਟੀ. ਆਰ. ਪੀ. ਵਿਚ ਲਗਾਤਾਰ ਗਿਰਾਵਟ ਆਉਣ ਲੱਗੀ। ਹਾਲਾਂਕਿ ਕਪਿਲ ਸ਼ਰਮਾ ਨੇ ਇਸ ਕਮੀ ਨੂੰ ਪੂਰਾ ਕਰਨ ਲਈ ਕੁੱਝ ਹੋਰ ਕਲਾਕਾਰਾਂ ਦਾ ਵੀ ਸਹਾਰਾ ਲਿਆ ਪਰ ਪੁਰਾਣੀ ਗੱਲ ਨਹੀਂ ਬਣੀ।
ਕਪਿਲ ਸ਼ਰਮਾ ਹੋਇਆ ਡਿਪ੍ਰੈਸ਼ਨ ਦਾ ਸ਼ਿਕਾਰ
ਸਿੱਧੂ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਸ਼ੋਅ ਦੀ ਟੀ. ਆਰ. ਪੀ. ਵਿਚ ਲਗਾਤਾਰ ਗਿਰਾਵਟ ਨਾਲ ਕਪਿਲ ਸ਼ਰਮਾ ਡਿਪ੍ਰੈਸ਼ਨ ਦੇ ਸ਼ਿਕਾਰ ਹੋ ਗਏ, ਜਿਸ਼ ਕਾਰਨ ਸ਼ੋਅ ਠੀਕ ਨਹੀਂ ਸੀ ਚੱਲ ਰਿਹਾ। ਹੁਣ ਹਾਲਤ ਇਹ ਹੋ ਗਈ ਸੀ ਕਿ ਕਪਿਲ ਸ਼ਰਮਾ ਨੂੰ ਸ਼ਾਹਰੁਖ ਖਾਨ ਤੇ ਅਜੇ ਦੇਵਗਨ ਵਰਗੇ ਚੋਟੀ ਦੇ ਕਲਾਕਾਰਾਂ ਨਾਲ ਸ਼ੋਅ ਦੀ ਸ਼ੂਟਿੰਗ ਕੈਂਸਲ ਕਰਨੀ ਪੈ ਰਹੀ ਹੈ।
ਕਨਫਲਿਕਟ ਆਫ਼ ਇੰਟਰਸਟ
ਨਵਜੋਤ ਸਿੰਘ ਸਿੱਧੂ ਲਈ ਸ਼ੋਅ ਵਿਚ ਭਾਗ ਲੈਣਾ ਆਸਾਨ ਨਹੀਂ ਸੀ। ਮਾਰਚ ਮਹੀਨੇ ਵਿਚ ਜਦ  ਨਵਜੋਤ ਸਿੰਘ ਸਿੱਧੂ ਨੂੰ ਅਮਰਿੰਦਰ ਮੰਤਰੀ ਮੰਡਲ ਵਿਚ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ ਤੇ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਨਾਲ-ਨਾਲ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦਾ ਵਿਭਾਗ ਵੀ ਸੌਂਪ ਦਿੱਤਾ ਗਿਆ ਤਾਂ ਕਾਂਗਰਸ ਦੇ ਅੰਦਰੂਨੀ ਤੇ ਬਾਹਰੀ ਵਿਰੋਧੀਆਂ ਨੇ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਕਿ ਸਿੱਧੂ ਦੀ ਸ਼ੂਟਿੰਗ ਤੇ ਮੰਤਰੀ ਅਹੁਦੇ ਵਿਚ ਕਨਫਲਿਕਟ ਆਫ਼ ÎਿÂੰਟਰਸਟ ਹੈ। ਸਿੱਧੂ ਦਾ ਕਹਿਣਾ ਸੀ ਕਿ ਇਸ ਸ਼ੋਅ ਤੋਂ ਹੋਣ ਵਾਲੀ ਕਮਾਈ ਹੀ ਉਨ੍ਹਾਂ ਦੀ ਆਮਦਨ ਦਾ ਮੁੱਖ ਸਾਧਨ ਹੈ। ਇਹ ਵਿਵਾਦ ਉਦੋਂ ਸੁਲਝਿਆ ਜਦ ਕੈਪਟਨ ਅਮਰਿੰਦਰ ਸਿੰਘ ਨੇ ਐਡਵੋਕੇਟ ਜਨਰਲ ਕੋਲੋਂ ਇਸ ਮਾਮਲੇ ਵਿਚ ਕਾਨੂੰਨੀ ਰਾਏ ਲੈ ਕੇ ਸਿੱਧੂ ਨੂੰ ਕਲੀਨ ਚਿੱਟ ਦੇ ਦਿੱਤੀ।
ਗੂੜ੍ਹੇ ਸੰਬੰਧ : ਸੂਤਰਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਕਪਿਲ ਸ਼ਰਮਾ ਨਾਲ ਬਹੁਤ ਹੀ ਗੂੜ੍ਹੇ ਸੰਬੰਧ ਹਨ ਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਕਪਿਲ ਸ਼ਰਮਾ ਇਸ ਸੰਕਟ ਤੋਂ ਅੱਜ ਨਹੀਂ ਤਾਂ ਕੱਲ ਜ਼ਰੂਰ ਉਭਰ ਜਾਣਗੇ। ਸਿੱਧੂ ਕਪਿਲ ਸ਼ਰਮਾ ਦੇ ਰੁੱਸੇ ਹੋਏ ਸਾਥੀਆਂ ਨੂੰ ਵੀ ਮਨਾਉਣ ਦਾ ਯਤਨ ਕਰ ਰਹੇ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਆਪਣੇ ਇਸ ਮਕਸਦ ਵਿਚ ਸਫ਼ਲਤਾ ਮਿਲੇਗੀ।


Related News