ਪੰਜਾਬ ''ਚ ਘਰੇਲੂ ਬਿਜਲੀ ਖਪਤਕਾਰਾਂ ਨੂੰ ਰਾਹਤ, ਹੈਵੀ ਇੰਡਸਟਰੀ ਲਈ ਵਧੀਆਂ ਬਿਜਲੀ ਦਰਾਂ

06/01/2020 9:57:04 PM

ਚੰਡੀਗੜ੍ਹ/ਪਟਿਆਲਾ, (ਪਰਮੀਤ)— ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਵਿਚ ਘਰੇਲੂ ਬਿਜਲੀ ਖਪਤਕਾਰਾਂ ਨੂੰ ਮਾਮੂਲੀ ਰਾਹਤ ਦਿੰਦਿਆਂ ਬਿਜਲੀ ਦਰਾਂ ਵਿਚ ਕੁਝ ਕਟੌਤੀ ਕੀਤੀ ਹੈ, ਜਦਕਿ ਹੈਵੀ ਇੰਡਸਟਰੀ ਲਈ ਬਿਜਲੀ ਦਰਾਂ ਵਿਚ ਥੋੜ੍ਹਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਅੰਮ੍ਰਿਤਸਰ ਲਈ ਵੀ ਬਿਜਲੀ ਦਰਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ।
ਰੈਗੂਲੇਟਰੀ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਪੰਜਾਬ ਵਿਚ ਨਵੀਂਆਂ ਬਿਜਲੀ ਦਰਾਂ 1 ਜੂਨ 2020 ਤੋਂ 31 ਮਾਰਚ 2021 ਤਕ ਲਾਗੂ ਰਹਿਣਗੀਆਂ। ਇਸ ਮੁਤਾਬਕ 50 ਕਿਲੋਵਾਟ ਤਕ ਦੇ ਲੋਡ ਵਾਸਤੇ ਘਰੇਲੂ ਬਿਜਲੀ ਖਪਤਕਾਰਾਂ ਲਈ 0 ਤੋਂ 100 ਯੂਨਿਟ ਤਕ ਬਿਜਲੀ 50 ਪੈਸੇ ਅਤੇ 101 ਤੋਂ 300 ਯੂਨਿਟ ਤਕ ਬਿਜਲੀ ਫੂਕਣ ਵਾਲੇ ਖਪਤਕਾਰਾਂ ਲਈ ਬਿਜਲੀ 25 ਪੈਸੇ ਪ੍ਰਤੀ ਯੂਨਿਟ ਸਸਤੀ ਹੋਵੇਗੀ। ਦੋ ਕਿਲੋਵਾਟ ਤੋਂ ਵੱਧ ਲੋਡ ਵਾਸਤੇ ਘਰੇਲੂ ਬਿਜਲੀ ਖਪਤਕਾਰਾਂ ਲਈ 301 ਤੋਂ 500 ਯੂਨਿਟ ਅਤੇ 500 ਯੂਨਿਟ ਤੋਂ ਵੱਧ ਬਿਜਲੀ ਫੂਕਣ ਦੀ ਸਲੈਬ ਹੁਣ ਇਕ ਹੀ ਕਰ ਦਿੱਤੀ ਗਈ ਹੈ। ਛੋਟੇ ਦੁਕਾਨਦਾਰਾਂ ਲਈ ਬਿਜਲੀ ਦਰਾਂ ਵਿਚ ਕੋਈ ਵਾਧਾ ਨਹੀਂ ਹੋਵੇਗਾ।
ਖੇਤੀਬਾੜੀ ਖੇਤਰ ਲਈ ਬਿਜਲੀ ਦਰਾਂ ਹੁਣ 5. 28 ਰੁਪਏ ਪ੍ਰਤੀ ਕਿਲੋਵਾਟ ਦੀ ਥਾਂ 5. 57 ਰੁਪਏ ਪ੍ਰਤੀ ਕਿਲੋਵਾਟ ਹੋਣਗੀਆਂ। ਇਸ ਦਾ ਮਤਲਬ ਇਹ ਹੈ ਕਿ ਸਰਕਾਰ ਲਈ ਹੁਣ ਬਿਜਲੀ ਸਬਸਿਡੀ ਦਾ ਬਿੱਲ ਵਧ ਜਾਵੇਗਾ।
ਪਹਿਲਾਂ ਵਾਂਗ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਲਈ 2000 ਕਿਲੋਵਾਟ ਤਕ ਬਿਜਲੀ ਮੁਫਤ ਰਹੇਗੀ ਪਰ 2000 ਕਿਲੋਵਾਟ ਤੋਂ ਵੱਧ ਲਈ ਦਰਾਂ 6.06 ਰੁਪਏ ਪ੍ਰਤੀ ਕਿਲੋਵਾਟ ਦੀ ਥਾਂ 6.11 ਰੁਪਏ ਕਿਲੋਵਾਟ ਹੋਣਗੀਆਂ।
ਲਾਰਜ ਸਪਲਾਈ ਜਨਰਲ ਇੰਡਸਟਰੀ ਲਈ 100 ਕੇ. ਵੀ. ਏ. ਤੋਂ 1000 ਕੇ. ਵੀ. ਏ. ਤਕ ਦਰਾਂ ਵਿਚ 9 ਪੈਸੇ ਵਾਧਾ ਕੀਤਾ ਗਿਆ ਹੈ ਅਤੇ ਇਹ 5. 89 ਦੀ ਥਾਂ 5. 98 ਰੁਪਏ ਪ੍ਰਤੀ ਕੇ. ਵੀ. ਏ. ਹੋਣਗੀਆਂ। 1000 ਤੋਂ 2500 ਕੇ. ਵੀ. ਏ. ਤਕ ਲਈ ਦਰਾਂ ਵਿਚ 15 ਪੈਸੇ ਵਾਧਾ ਕੀਤਾ ਗਿਆ ਹੈ ਅਤੇ ਇਹ ਦਰ 5.93 ਦੀ ਥਾਂ 6.08 ਰੁਪਏ ਪ੍ਰਤੀ ਕੇ. ਵੀ. ਏ. ਹੋਣਗੀਆਂ। 2500 ਤੋਂ ਵੱਧ ਲਈ ਦਰ 21 ਪੈਸੇ ਵਧਾਈ ਗਈ ਹੈ ਅਤੇ ਇਹ ਦਰ ਹੁਣ ਪਹਿਲਾਂ ਦੀ 5.98 ਦੀ ਥਾਂ 6.19 ਰੁਪਏ ਪ੍ਰਤੀ. ਕੇ. ਵੀ. ਏ. ਹੋਏਗੀ। ਇਸੇ ਤਰ੍ਹਾਂ ਪੀ. ਆਈ. ਯੂ. ਇੰਡਸਟਰੀ ਲਈ 1000 ਤੋਂ 2500 ਕੇ. ਵੀ. ਏ. ਤਕ ਲਈ ਦਰਾਂ 6.18 ਦੀ ਥਾਂ 6.33 ਰੁਪਏ ਅਤੇ 2500 ਤੋਂ ਵੱਧ ਲਈ 6.19 ਦੀ ਥਾਂ 6.41 ਰੁਪਏ ਪ੍ਰਤੀ ਕੇ. ਵੀ. ਏ. ਹੋਣਗੀਆਂ।


KamalJeet Singh

Content Editor

Related News