ਪਾਕਿਸਤਾਨੀ ਨੌਜਵਾਨ ਦੇ ਕਤਲ ਦਾ ਮਾਮਲਾ : ਟਲ ਸਕਦਾ ਹੈ ਪੰਜਾਬੀ ਨੌਜਵਾਨਾਂ ਦੇ ਸਿਰਾਂ ''ਤੇ ਲਟਕਿਆ ਫਾਂਸੀ ਦਾ ਫੰਦਾ

01/24/2017 5:22:01 PM

ਹੁਸ਼ਿਆਰਪੁਰ— ਪਿਸ਼ਾਵਰ ਦੇ ਰਹਿਣ ਵਾਲੇ ਪਾਕਿਸਤਾਨੀ ਨੌਜਵਾਨ ਮੁਹੰਮਦ ਇਜਾਜ਼ ਦੀ ਹੱਤਿਆ ਦੇ ਮਾਮਲੇ ''ਚ ਦੁਬਈ ''ਚ ਫਾਂਸੀ ਦੀ ਸਜ਼ਾ ਪਾ ਚੁੱਕੇ 10 ਪੰਜਾਬੀ ਨੌਜਵਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਸੋਮਵਾਰ ਨੂੰ ਮ੍ਰਿਤਕ ਦੇ ਪਰਿਵਾਰ ਨਾਲ ਸਮਝੌਤੇ ਲਈ ਸਹਿਮਤੀ ''ਤੇ ਬਲੱਡ ਮਨੀ ਦਾ ਮਾਮਲਾ ਵਿਚਾਰਨ ਲਈ ਐੱਨ. ਆਰ. ਆਈ. ਐੱਸ. ਪੀ. ਸਿੰਘ ਓਬਰਾਏ ਨੂੰ ਮੋਹਲਤ ਦੇ ਦਿੱਤੀ। ਇਸ ਬਹੁਚਰਚਿਤ ਕੇਸ ਦੇ ਸੰਬੰਧ ''ਚ ਅਗਲੀ ਸੁਣਵਾਈ 27 ਫਰਵਰੀ ਨੂੰ ਹੋਵੇਗੀ। ਇਨ੍ਹਾਂ ਨੌਜਵਾਨਾਂ ''ਚ ਸ਼ਾਮਲ ਬਰਨਾਲਾ ਜ਼ਿਲੇ ਦੇ ਪਿੰਡ ਠੀਕਰੀਵਾਲ ਦੇ ਸਤਮਿੰਦਰ ਸਿੰਘ ਦੇ ਪਿਤਾ ਜਗਤਾਰ ਸਿੰਘ ਨੇ ਦੱÎਸਿਆ ਕਿ ਸਮਾਜ-ਸੇਵੀ ਓਬਰਾਏ ਅਦਾਲਤ ''ਚ ਸੁਣਵਾਈ ਦੌਰਾਨ ਆਪਣੇ ਵਕੀਲ ਨਾਲ ਪੇਸ਼ ਹੋਏ ਸਨ।
ਕੀ ਕਹਿੰਦੇ ਨੇ ਪੀੜਤ ਨੌਜਵਾਨਾਂ ਦੇ ਪਰਿਵਾਰਕ ਮੈਂਬਰ
ਹੁਸ਼ਿਆਰਪੁਰ ਦੇ ਹਵੇਲੀ ਪਿੰਡ ''ਚ ਰਹਿਣ ਵਾਲੇ ਚੰਦਰ ਸ਼ੇਖਰ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਬਰਨਾਲਾ ਦੇ ਰਹਿਣ ਵਾਲੇ ਸਤਮਿੰਦਰ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਸੋਮਵਾਰ ਸ਼ਾਮੀਂ ਦੁਬਈ ਤੋਂ ਸਮਾਜ-ਸੇਵੀ ਓਬਰਾਏ ਨਾਲ ਉਨ੍ਹਾਂ ਦੀ ਫੋਨ ''ਤੇ ਗੱਲ ਹੋਈ, ਜਿਸ ''ਚ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਸੰਪਰਕ ਸੂਤਰਾਂ ਜ਼ਰੀਏ ਮ੍ਰਿਤਕ ਦੇ ਪਰਿਵਾਰ ਵਾਲਿਆਂ ਨਾਲ ਰਾਬਤਾ ਕਾਇਮ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਸ ਕੰਮ ਲਈ ਦੋ ਪਾਕਿਸਤਾਨੀਆਂ ਦੀ ਸਹਾਇਤਾ ਲਈ ਗਈ ਹੈ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਪਾਕਿਸਤਾਨ ਤੋਂ ਦੁਬਈ ਬੁਲਾ ਲਿਆ ਜਾਵੇ ਅਤੇ ਉਨ੍ਹਾਂ ਨੂੰ ਬਲੱਡ ਮਨੀ ਅਦਾ ਕਰ ਦਿੱਤੀ ਜਾਵੇ। ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਕਿ ਸਾਰੇ ਨੌਜਵਾਨਾਂ ਦੀਆਂ ਉਮੀਦਾਂ ਹੁਣ ਐੱਸ. ਪੀ. ਸਿੰਘ ਓਬਰਾਏ ''ਤੇ ਟਿਕੀਆਂ ਹੋਈਆਂ ਹਨ। 
ਕੀ ਹੈ ਬਲੱਡ ਮਨੀ
ਦੁਬਈ ਦੀ ਅਦਾਲਤ ''ਚ ਬਲੱਡ ਮਨੀ ਨੂੰ ਨਿਆਂ ਦਾ ਤਰੀਕਾ ਮੰਨਿਆ ਜਾਂਦਾ ਹੈ। ਕਤਲ ਦੇ ਮਾਮਲੇ ''ਚ ਪੀੜਤ ਪਰਿਵਾਰ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਰਕਮ ਨੂੰ ਬਲੱਡ ਮਨੀ ਕਿਹਾ ਜਾਂਦਾ ਹੈ। ਇਹ ਧਨ ਰਾਸ਼ੀ ਕਤਲ ਕਰਨ ਵਾਲਾ ਚੁਕਾਉਂਦਾ ਹੈ ਅਤੇ ਬਦਲੇ ''ਚ ਪੀੜਤ ਪਰਿਵਾਰ ਉਸ ਦੀ ਸਜ਼ਾ ਮੁਆਫ ਕਰ ਦਿੰਦਾ ਹੈ। ਇਹ ਰਕਮ ਤਾਂ ਹੀ ਦਿੱਤੀ ਜਾ ਸਕਦੀ ਹੈ ਜੇਕਰ ਪੀੜਤ ਪੱਖ ਮੁਆਵਜ਼ਾ ਲੈਣ ਲਈ ਤਿਆਰ ਹੋਵੇ।
ਕੀ ਹੈ ਮਾਮਲਾ
ਸਾਲ 2014 ''ਚ ਦੁਬਈ ''ਚ ਸ਼ਰਾਬ ਦੇ ਮਾਮਲੇ ਨੂੰ ਲੈ ਕੇ 2 ਗੁੱਟਾਂ ਵਿਚਾਲੇ ਝੜਪ ਹੋ ਗਈ, ਜਿਸ ਦੌਰਾਨ ਇੱਕ ਪਾਕਿਸਤਾਨੀ ਨੌਜਵਾਨ ਦੀ ਮੌਤ ਹੋ ਗਈ। ਪੁਲਸ ਨੇ ਇਸ ਕਤਲ ਦੇ ਸੰਬੰਧ ''ਚ 10 ਪੰਜਾਬੀ ਨੌਜਵਾਨਾਂ ਨੂੰ ਹਿਰਾਸਤ ''ਚ ਲੈ ਲਿਆ। ਇਸ ਪਿੱਛੋਂ ਉਨ੍ਹਾਂ ''ਤੇ ਮੁਕੱਦਮਾ ਚੱਲਿਆ ਅਤੇ ਸਾਲ 2015 ''ਚ ਅਦਾਲਤ ਨੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਸਜ਼ਾ ਭੋਗ ਰਹੇ ਨੌਜਵਾਨਾਂ ਦੇ ਨਾਂ ਕ੍ਰਮਵਾਰ ਸਤਵਿੰਦਰ ਸਿੰਘ ਠੀਕਰੀਵਾਲ (ਬਰਨਾਲਾ), ਚਮਕੌਰ ਸਿੰਘ (ਮਾਲੇਰਕੋਟਲਾ), ਕੁਲਵਿੰਦਰ ਅਤੇ ਬਲਵਿੰਦਰ (ਲੁਧਿਆਣਾ), ਕੁਲਦੀਪ ਸਿੰਘ (ਤਰਨਤਾਰਨ), ਧਰਮ ਸਿੰਘ (ਸਮਰਾਲਾ), ਹਰਜਿੰਦਰ ਸਿੰਘ (ਮੋਗਾ), ਤਰਸੇਮ ਸਿੰਘ, ਗੁਰਪ੍ਰੀਤ ਸਿੰਘ (ਪਟਿਆਲਾ) ਅਤੇ ਜਗਜੀਤ ਸਿੰਘ (ਗੁਰਦਾਸਪੁਰ) ਹਨ।

Related News