ਸਿੱਖਾਂ ਦਾ ਗੁੱਸਾ ਰੈਫਰੈਂਡਮ 2020 ਨੂੰ ਦੇ ਰਿਹਾ ਤੂਲ

Sunday, Jul 01, 2018 - 06:31 AM (IST)

ਸਿੱਖਾਂ ਦਾ ਗੁੱਸਾ ਰੈਫਰੈਂਡਮ 2020 ਨੂੰ ਦੇ ਰਿਹਾ ਤੂਲ

ਜਲੰਧਰ (ਰਵਿੰਦਰ ਸ਼ਰਮਾ) - ਰੈਫਰੈਂਡਮ 2020 ਮਾਮਲੇ ਵਿਚ ਆਪਣਾ ਬਿਆਨ ਦੇ ਕੇ ਘਿਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੋਂ ਬਾਅਦ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਵੀ ਇਸ ਮਾਮਲੇ ਵਿਚ ਆਪਣਾ ਮੂੰਹ ਖੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਦਰਦ ਅਤੇ ਗੁੱਸਾ ਰੈਡਰੈਂਡਮ ਨੂੰ ਹਵਾ ਦੇ ਰਿਹਾ ਹੈ। ਯੂ. ਐੱਸ. ਬੇਸਡ ਗਰੁੱਪ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਰੈਫਰੈਂਡਮ ਕਾਲ ਦਿੱਤੀ ਹੈ ਜਿਸ ਵਿਚ ਭਾਰਤ ਸਰਕਾਰ ਦੇ ਖਿਲਾਫ ਜ਼ਹਿਰ ਉਗਲੀ ਜਾ ਰਹੀ ਹੈ। ਇਸ ਸਬੰਧੀ ਵਿਦੇਸ਼ਾਂ ਵਿਚ ਇਕ ਮੁਹਿੰਮ ਵੀ ਚਲਾਈ ਜਾ ਰਹੀ ਹੈ। ਮਨਜੀਤ ਸਿੰਘ ਜੀ. ਕੇ. ਦਾ ਕਹਿਣਾ ਹੈ ਕਿ ਜਿਨ੍ਹਾਂ ਸਿੱਖਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅੱਜ ਤਕ ਇਨਸਾਫ ਨਹੀਂ ਮਿਲ ਸਕਿਆ ਉਨ੍ਹਾਂ ਦਾ ਦਰਦ ਛਲਕ ਰਿਹਾ ਹੈ। ਉਹ ਕਹਿੰਦੇ ਹਨ ਕਿ ਅੱਜ ਵੀ ਸਿੱਖਾਂ ਦੇ ਕਾਤਲ ਇੰਨੇ ਸਾਲਾਂ ਦੇ ਬਾਅਦ ਆਜ਼ਾਦ ਘੁੰਮ ਰਹੇ ਹਨ।  ਸ੍ਰੀ ਹਰਿਮੰਦਰ ਸਾਹਿਬ 'ਤੇ ਫੌਜ ਦੇ ਹਮਲੇ ਨੂੰ ਵੀ 34 ਸਾਲ ਬੀਤ ਗਏ ਹਨ। ਇਸ ਦਰਦ ਨੂੰ ਬਾਹਰ ਬੈਠੇ ਸਿੱਖ ਭੁਲਾ ਨਹੀਂ ਸਕੇ। ਇਹ ਹੀ ਨਹੀਂ, ਬਾਹਰ ਸਿਆਸੀ ਸਰਪ੍ਰਸਤੀ ਲੈ ਕੇ ਬੈਠੇ ਕਈ ਸਿੱਖ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਨਹੀਂ ਹੈ। ਉਹ ਆਪਣਾ ਦੇਸ਼ ਨਹੀਂ ਦੇਖ ਸਕਦੇ ਅਤੇ ਮਾਤ ਭੂਮੀ ਤੋਂ ਦੂਰੀ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ। ਇਹ ਸਭ ਕਾਰਨ ਰੈਫਰੈਂਡਮ ਕਾਲ ਦਾ ਕਾਰਨ ਬਣ ਰਹੇ ਹਨ।
ਮਨਜੀਤ ਸਿੰਘ ਜੀ. ਕੇ. ਦਾ ਕਹਿਣਾ ਹੈ ਕਿ ਭਾਰਤ ਨੂੰ ਤੋੜਨ ਦੀ ਸੋਚ ਰੱਖਣ ਵਾਲੇ ਕਦੇ ਕਾਮਯਾਬ ਨਹੀਂ ਹੋ ਸਕਦੇ। ਪੰਜਾਬ ਤੇ ਦਿੱਲੀ ਵਿਚ ਇਹ ਮੁੱਦੇ ਪਹਿਲਾਂ ਵੀ ਉੱਠ ਚੁੱਕੇ ਹਨ ਅਤੇ ਇਥੋਂ ਦੀ ਜਨਤਾ ਨੇ ਅਜਿਹਾ ਚਾਹੁਣ ਵਾਲਿਆਂ ਨੂੰ ਮੂੰਹ ਤਕ ਨਹੀਂ ਲਾਇਆ ਸੀ। ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਇਕ ਲਹਿਰ ਚੱਲ ਰਹੀ ਸੀ ਪਰ ਜਿਵੇਂ ਹੀ ਆਮ ਆਦਮੀ ਪਾਰਟੀ ਨੇ ਅੱਤਵਾਦ ਦੀ ਗੱਲ ਕਰਨੀ ਸ਼ੁਰੂ ਕੀਤੀ ਤਾਂ ਪੰਜਾਬ ਦੇ ਵੋਟਰਾਂ ਨੇ ਹੱਥ ਪਿੱਛੇ ਖਿੱਚ ਲਏ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਵੀ ਅਜਿਹੀ ਸੋਚ ਰੱਖਣ ਵਾਲਿਆਂ ਨੂੰ ਆਪਣੇ ਨਾਲ ਨਹੀਂ ਰੱਖਿਆ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਦੇ ਪ੍ਰੋ-ਖਾਲਿਸਤਾਨ ਸਟੈਂਡ ਬਾਰੇ ਪੁੱਛੇ ਜਾਣ 'ਤੇ ਉਹ ਕਹਿੰਦੇ ਹਨ ਕਿ ਉਹ ਮਜਬੂਰ ਹਨ। ਅਜੇ ਕੁਝ ਦਿਨ ਪਹਿਲਾਂ ਹੀ ਇਕ ਸਿੱਖ ਨੂੰ ਪੇਸ਼ਾਵਰ ਵਿਚ ਮਾਰ ਦਿੱਤਾ ਗਿਆ ਸੀ, ਇਸ ਲਈ ਉਹ ਪਾਕਿਸਤਾਨ ਸਰਕਾਰ ਅਤੇ ਆਈ. ਐੱਸ. ਆਈ. ਦੀ ਬੋਲੀ  ਬੋਲਣ ਲਈ ਮਜਬੂਰ ਹਨ।
ਜ਼ੀਰੋ ਲਾਈਨ 'ਤੇ ਕਰਵਾਇਆ ਜਾਵੇ ਕੀਰਤਨ ਦਰਬਾਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੁਝ ਦਿਨ ਪਹਿਲਾਂ 'ਮਨ ਕੀ ਬਾਤ' ਪ੍ਰੋਗਰਾਮ ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਗਟ ਉਤਸਵ ਨੂੰ ਧੂਮਧਾਮ ਨਾਲ ਮਨਾਏ ਜਾਣ 'ਤੇ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਉਨ੍ਹਾਂ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਇੰਡੋ-ਪਾਕਿ ਬਾਰਡਰ ਅਟਾਰੀ ਦੀ ਜ਼ੀਰੋ ਲਾਈਨ 'ਤੇ ਕੀਰਤਨ ਦਰਬਾਰ ਕਰਵਾਇਆ ਜਾਵੇ ਕਿਉਂ ਕਿ ਇਹ ਰਸਤਾ ਨਨਕਾਣਾ ਸਾਹਿਬ ਨੂੰ ਜਾਂਦਾ ਹੈ।


Related News