ਪੰਜਾਬ ਸਰਕਾਰ ਨੇ 'ਲਾਲ ਬੱਤੀ' ਤੋਂ ਪਾਬੰਦੀ ਹਟਾਉਣ ਬਾਰੇ ਦਿੱਤਾ ਸਪੱਸ਼ਟੀਕਰਨ
Monday, Jul 15, 2019 - 03:49 PM (IST)
ਚੰਡੀਗੜ੍ਹ (ਰਮਨਜੀਤ, ਵਰੁਣ) : ਪੰਜਾਬ ਸਰਕਾਰ ਨੇ ਸਰਕਾਰੀ ਗੱਡੀਆਂ 'ਤੇ ਲਾਲ ਬੱਤੀ ਤੋਂ ਪਾਬੰਦੀ ਹਟਾਏ ਜਾਣ ਸਬੰਧੀ ਆਪਣਾ ਸਪੱਸ਼ਟੀਕਰਨ ਦਿੱਤਾ ਹੈ ਕਿ ਪੰਜਾਬ ਸਰਕਾਰ ਵਲੋਂ ਅਫਸਰਾਂ ਦੀਆਂ ਗੱਡੀਆਂ 'ਤੇ ਲਾਲ ਬੱਤੀਆਂ ਦੀ ਪਾਬੰਦੀ ਦੇ ਹੁਕਮ ਜ਼ਰੂਰ ਰੱਦ ਕਰ ਦਿੱਤੇ ਗਏ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਰਕਾਰ ਨੇ ਲਾਲ ਬੱਤੀਆਂ ਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਫੈਸਲਾ ਤਾਂ ਲਿਆ ਗਿਆ ਹੈ ਕਿ ਕਿਉਂਕਿ ਕੇਂਦਰ ਸਰਕਾਰ ਨੇ ਵੀ. ਆਈ. ਪੀ. ਵੀ੍ਹਕਲਜ਼ 'ਤੇ ਲਾਲ ਬੱਤੀਆਂ ਦੀ ਪਾਬੰਦੀ ਦਾ ਨਿਯਮ ਸੈਂਟਰਲ ਐਕਟ 'ਚ ਪਾ ਦਿੱਤਾ ਹੈ ਅਤੇ ਹੁਣ ਲਾਲ ਬੱਤੀਆਂ ਬੈਨ ਦਾ ਨਿਯਮ ਪੂਰੇ ਭਾਰਤ 'ਚ ਹੀ ਲਾਗੂ ਹੋ ਗਿਆ ਹੈ, ਜਿਸ ਦਾ ਮਤਲਬ ਹੁਣ ਪੰਜਾਬ ਸਰਕਾਰ ਨੂੰ ਲਾਲ ਬੱਤੀਆਂ ਬੈਨ ਕਰਨ ਦੀ ਕੋਈ ਲੋੜ ਨਹੀਂ ਹੈ, ਸਗੋਂ ਸਿੱਧਾ ਕੇਂਦਰ ਸਰਕਾਰ ਨੇ ਹੀ ਇਸ ਨੂੰ ਸੈਂਟਰਲ ਐਕਟ 'ਚ ਪਾ ਕੇ ਬੈਨ ਕਰ ਦਿੱਤਾ ਹੈ। ਹੁਣ ਲਾਲ ਬੱਤੀਆਂ 'ਤੇ ਪਾਬੰਦੀ ਸਾਰੇ ਮੁਲਕ 'ਤੇ ਹੀ ਲਾਗੂ ਹੁੰਦੀ ਹੈ, ਇਸ ਲਈ ਪੰਜਾਬ ਸਰਕਾਰ ਵਲੋਂ ਲਾਲ ਬੱਤੀ ਦੀ ਪਾਬੰਦੀ ਲਈ ਜਾਰੀ ਕੀਤੇ ਹੁਕਮ ਵਾਪਸ ਲੈ ਲਏ ਗਏ ਹਨ।
ਅਸਲ 'ਚ ਪਿਛਲੇ ਜੂਨ ਮਹੀਨੇ ਦਾ ਇਕ ਸਰਕੂਲਰ ਅਫਸਰਾਂ ਕੋਲ ਘੁੰਮ ਰਿਹਾ ਸੀ, ਜਿਸ 'ਚ ਪੰਜਾਬ ਦੇ ਅਫਸਰਾਂ ਦੀਆਂ ਗੱਡੀਆਂ 'ਤੇ ਲਾਲ ਬੱਤੀਆਂ 'ਤੇ ਲਾਈ ਪਾਬੰਦੀ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਹੁਣ ਇਸ 'ਤੇ ਪੰਜਾਬ ਸਰਕਾਰ ਵਲੋਂ ਆਪਣਾ ਸਪੱਸ਼ਟੀਕਰਨ ਦੇ ਦਿੱਤਾ ਗਿਆ ਹੈ।