ਟ੍ਰੈਫਿਕ ਪੁਲਸ ਨੇ ਕੱਟੇ ਰਿਕਾਰਡ ਤੋੜ ਚਲਾਨ, ਮਾਲਾ-ਮਾਲ ਕੀਤਾ ਪੰਜਾਬ ਸਰਕਾਰ ਦਾ ਖਜ਼ਾਨਾ

Friday, Dec 29, 2023 - 06:33 PM (IST)

ਟ੍ਰੈਫਿਕ ਪੁਲਸ ਨੇ ਕੱਟੇ ਰਿਕਾਰਡ ਤੋੜ ਚਲਾਨ, ਮਾਲਾ-ਮਾਲ ਕੀਤਾ ਪੰਜਾਬ ਸਰਕਾਰ ਦਾ ਖਜ਼ਾਨਾ

ਲੁਧਿਆਣਾ (ਸੰਨੀ) : ਸ਼ਹਿਰ ਦੀ ਟ੍ਰੈਫਿਕ ਪੁਲਸ ਸਰਕਾਰ ਲਈ ਕਮਾਊ ਪੁੱਤ ਸਾਬਿਤ ਹੋ ਰਹੀ ਹੈ। ਟ੍ਰੈਫਿਕ ਪੁਲਸ ਨੇ ਆਵਾਜਾਈ ਨਿਯਮ ਤੋੜਨ ਵਾਲੇ ਲੋਕਾਂ ਤੋਂ ਰਿਕਾਰਡਤੋੜ ਜੁਰਮਾਨਾ ਸਰਕਾਰ ਦੇ ਖਜ਼ਾਨੇ ਤੱਕ ਪਹੁੰਚਾਉਂਦੀ ਹੈ। ਇਸ ਸਾਲ 2023 ’ਚ ਸਰਕਾਰ ਦੇ ਖਾਤੇ ’ਚ 13 ਕਰੋੜ ਤੋਂ ਵੱਧ ਦੀ ਜੁਰਮਾਨਾ ਰਾਸ਼ੀ ਜਾਵੇਗੀ। ਅੰਕੜਿਆਂ ਮੁਤਾਬਕ ਇਸ ਸਾਲ 1 ਜਨਵਰੀ ਤੋਂ ਲੈ ਕੇ 30 ਨਵੰਬਰ ਤੱਕ ਦੇ 11 ਮਹੀਨਿਆਂ ’ਚ ਟ੍ਰੈਫਿਕ ਚਲਾਨਾਂ ਤੋਂ ਜੁਮਰਾਨਾ 12.37 ਕਰੋੜ ਤੋਂ ਵੱਧ ਹੋ ਚੁੱਕਾ ਹੈ। ਦਸੰਬਰ ਮਹੀਨੇ ਦੀ ਜੁਰਮਾਨੇ ਦੀ ਰਕਮ 1 ਕਰੋੜ ਅੰਦਾਜ਼ਨ ਹੋਵੇ ਤਾਂ ਇਹ ਰਕਮ 13 ਕਰੋੜ ਤੋਂ ਪਾਰ ਜਾਵੇਗੀ, ਜਦੋਂਕਿ ਟ੍ਰੈਫਿਕ ਪੁਲਸ 20 ਦਸੰਬਰ 2023 ਤੱਕ 1.74 ਲੱਖ ਤੋਂ ਵੱਧ ਲੋਕਾਂ ਦੇ ਚਲਾਨ ਕਰ ਚੁੱਕੀ ਹੈ। ਬੀਤੇ ਸਾਲ 2022 ’ਚ 1.38 ਲੱਖ ਦੇ ਕਰੀਬ ਲੋਕਾਂ ਦੇ ਚਲਾਨ ਕਰਕੇ 10 ਕਰੋੜ ਦੇ ਕਰੀਬ ਜੁਰਮਾਨਾ ਇਕੱਠਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੀ ਆਰਥਿਕ ਅਪਰਾਧ ਸ਼ਾਖਾ ’ਚ ਤਾਇਨਾਤ ਥਾਣੇਦਾਰ ਗ੍ਰਿਫ਼ਤਾਰ

ਟ੍ਰੈਫਿਕ ਪੁਲਸ ਵੱਲੋਂ ਸਾਲ 2023 ’ਚ ਸਭ ਤੋਂ ਵੱਧ ਚਲਾਨ ਰਾਂਗ ਪਾਰਕਿੰਗ ਦੇ ਕੀਤੇ ਗਏ ਹਨ, ਜਿਨ੍ਹਾਂ ਦੀ ਗਿਣਤੀ 20 ਦਸੰਬਰ ਤੱਕ 48,399 ਰਹੀ। ਇਸ ਤੋਂ ਬਾਅਦ ਦੂਜਾ ਨੰਬਰ ਬਿਨਾਂ ਹੈਲਮੇਟ ਵਾਹਨ ਚਾਲਕਾਂ ਦਾ ਆਉਂਦਾ ਹੈ, ਜਿਨ੍ਹਾਂ ਦੀ ਗਿਣਤੀ 37,165 ਹੈ। ਤੀਜੇ ਨੰਬਰ ’ਤੇ ਗਲਤ ਨੰਬਰ ਪਲੇਟ ਵਾਲੇ ਚਾਲਕ ਪੁਲਸ ਦੀ ਕਾਰਵਾਈ ਦਾ ਸ਼ਿਕਾਰ ਬਣੇ, ਜਿਨ੍ਹਾਂ ਦੀ ਗਿਣਤੀ 16028 ਰਹੀ। ਇਸ ਤੋਂ ਬਾਅਦ ਬਿਨਾਂ ਸੀਟ ਬੈਲਟ 6595, ਬਿਨਾਂ ਡ੍ਰਾਈਵਿੰਗ ਲਾਇਸੈਂਸ ਦੇ 5606 ਅਤੇ ਟ੍ਰਿਪਲ ਰਾਈਡਿੰਗ ਵਾਲੇ ਵਾਹਨ ਚਾਲਕਾਂ ਦੇ 5448 ਚਲਾਨ ਕੀਤੇ ਗਏ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆ ਦਾ ਸ਼ੈਡਿਊਲ ਜਾਰੀ

2023 ’ਚ 20 ਦਸੰਬਰ ਤੱਕ ਕੀਤੇ ਗਏ ਚਲਾਨ

ਸ਼ਹਿਰ ਦੀ ਟ੍ਰੈਫਿਕ ਪੁਲਸ ਵਲੋਂ ਇਸ ਸਾਲ ਰਾਂਗ ਪਾਰਕਿੰਗ ਦੇ  48,399, ਬਿਨਾਂ ਹੈਲਮੇਟ ਦੇ 37,165, ਗਲਤ ਲੰਬਰ ਪਲੇਟ ਦੇ 16,028, ਬਿਨਾਂ ਡੀ. ਐੱਲ. ਦੇ 5606, ਬਿਨਾਂ ਸੀਟ ਬੈਲਟ ਦੇ 6595, ਓਵਰਸਪੀਡ ਦੇ 2852, ਪ੍ਰਦੂਸ਼ਣ ਦੇ 1382, ਟ੍ਰਿਪਲ ਰਾਈਡਿੰਗ ਦੇ 5448, ਰਾਂਗ ਸਾਈਡ ਦੇ 7301, ਓਵਰਲੋਡ ਦੇ 135, ਰੈੱਡ ਲਾਈਟ ਜੰਪ ਦੇ 3323, ਅੰਡਰਏਜ ਦੇ 3134, ਬਿਨਾਂ ਆਰ. ਸੀ. ਦੇ 2168, ਬਿਨਾਂ ਪਰਮਿਟ ਦੇ 121, ਬਿਨਾਂ ਇੰਸ਼ੋਰੈਂਸ ਦੇ 1502, ਬਿਨਾਂ ਕਾਗਜ਼ ਦੇ 2410, ਪ੍ਰੈਸ਼ਰ ਹਾਰਨ ਦੇ 473, ਬਲੈਕ ਫਿਲਮ ਦੇ 1813, ਨੋ-ਐਂਟਰੀ ਦੇ 343, ਕਮਰਸ਼ੀਅਲ ਵਰਤੋਂ ਦੇ 171, ਮੋਬਾਈਲ ਫੋਨ ਵਰਤੋਂ ਦੇ 3793, ਸਮੋਕਿੰਗ ਦੇ 94, ਖਤਰਨਾਕ ਡ੍ਰਾਈਵਿੰਗ ਦੇ 2357, ਓਵਰਹਾਈਟ ਦੇ 315, ਓਵਰਲੈਂਥ ਦੇ 297, ਡ੍ਰੰਕਨ ਡ੍ਰਾਈਵਿੰਗ ਦੇ 1337, ਮਿਸਬਿਹੇਵ ਦੇ 118 ਚਲਾਨ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪਟਿਆਲਾ ਵਾਸੀਆਂ ਲਈ ਅਹਿਮ ਖ਼ਬਰ, ਮੁੱਖ ਮੰਤਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ

ਸਰਕਾਰ ਦੀਆਂ ਕਈ ਚਿਤਾਵਨੀਆਂ ਦੇ ਬਾਵਜੂਦ ਲੋਕ ਆਪਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲਗਵਾ ਰਹੇ, ਜਿਸ ਕਾਰਨ ਟ੍ਰੈਫਿਕ ਪੁਲਸ ਵੱਲੋਂ ਕਈ ਵਾਰ ਅਜਿਹੇ ਵਾਹਨ ਚਾਲਕਾਂ ਖ਼ਿਲਾਫ ਮੁਹਿੰਮ ਚਲਾਈ ਗਈ। ਪੂਰੇ ਸਾਲ ’ਚ 16,028 ਵਿਅਕਤੀ ਟ੍ਰੈਫਿਕ ਪੁਲਸ ਦੀ ਕਾਰਵਾਈ ਦਾ ਸ਼ਿਕਾਰ ਬਣੇ, ਜਿਨ੍ਹਾਂ ਨੇ ਆਪਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲਗਵਾਈਆਂ ਸਨ। ਹਾਈ ਸਕਿਓਰਿਟੀ ਨੰਬਰ ਪਲੇਟ ਨਾ ਲੱਗੇ ਹੋਣ ’ਤੇ ਚਾਲਕ ਦਾ 2000 ਰੁਪਏ ਦਾ ਚਲਾਨ ਕੀਤਾ ਜਾਂਦਾ ਹੈ।

ਸ਼ਰਾਬੀ ਚਾਲਕਾਂ ਦੀ ਵੀ ਤੇਜ਼ ਹੋਈ ਧਰਪਕੜ

2023 ਸ਼ਰਾਬੀ ਵਾਹਨ ਚਾਲਕਾਂ ਲਈ ਵੀ ਬੁਰਾ ਰਿਹਾ। ਇਸ ਸਾਲ ਆਵਾਜਾਈ ਪੁਲਸ ਨੇ ਚਲਾਨ ਕਰਨ ਲਈ ਪੀ. ਸੀ. ਆਰ. ਅਤੇ ਥਾਣਿਆਂ ਦੀ ਪੁਲਸ ਦੀ ਮਦਦ ਵੀ ਲਈ, ਜਿਸ ਕਾਰਨ 2023 ’ਚ 1337 ਪਿਆਕੜ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ, ਜੋ ਸੜਕਾਂ ’ਤੇ ਆਪਣੀ ਅਤੇ ਹੋਰਨਾਂ ਲੋਕਾਂ ਦੀ ਸੁਰੱਖਿਆ ਲਈ ਖਤਰਾ ਬਣੇ ਹੋਏ ਸਨ, ਜਦੋਂਕਿ 2022 ’ਚ 294 ਪਿਆਕੜ ਚਾਲਕਾਂ ਦੇ ਚਲਾਨ ਕੀਤੇ ਗਏ ਸਨ।

ਇਹ ਵੀ ਪੜ੍ਹੋ : ਲੱਖਾਂ ਰੁਪਏ ਖਰਚ ਕੇ ਪੁੱਤ ਭੇਜਿਆ ਇੰਗਲੈਂਡ, ਹੁਣ ਆਏ ਮੌਤ ਦੇ ਸੁਨੇਹੇ ਨੇ ਤੋੜ ਕੇ ਰੱਖ ਦਿੱਤੇ ਬਜ਼ੁਰਗ ਮਾਪੇ

ਇਸ ਸਾਲ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ, ਈ-ਚਲਾਨ ਮਸ਼ੀਨ ਨਾਲ ਆਨਲਾਈਨ ਚਲਾਨ

ਸ਼ਹਿਰ ਦੇ ਕਈ ਪੁਆਇੰਟਾਂ ’ਤੇ ਪਲਾਸਟਿਕ ਕੋਨ ਲਗਵਾ ਕੇ ਵਾਹਨਾਂ ਲਈ ਵੱਖਰੇ ਤੌਰ ’ਤੇ ਸ਼ਰਾਬ ਚਾਲਕਾਂ ਦੀ ਧਰਪਕੜ ਲਈ ਪੀ. ਸੀ. ਆਰ. ਅਤੇ ਥਾਣਾ ਪੁਲਸ ਦਾ ਸਹਿਯੋਗ ਅੰਡਰਏਜ ਡ੍ਰਾਈਵਿੰਗ ’ਤੇ ਨਕੇਲ ਕੱਸਣ ਲਈ ਸਪੈਸ਼ਲ ਪੁਲਸ ਮੁਹਿੰਮ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਚਾਲਕਾਂ ਦੇ ਚਲਾਨਾਂ ’ਚ ਵਾਧਾ।

ਲੋਕ ਨਿਯਮਾਂ ’ਤੇ ਅਮਲ ਕਰਨ ਨੂੰ ਸਮਝਣ ਫਰਜ਼ : ਬਰਾੜ

ਡੀ. ਸੀ. ਪੀ. ਟ੍ਰੈਫਿਕ ਵਰਿੰਦਰ ਬਰਾੜ ਦਾ ਕਹਿਣਾ ਹੈ ਕਿ ਲੋਕ ਟ੍ਰੈਫਿਕ ਨਿਯਮਾਂ ’ਤੇ ਅਮਲ ਕਰਨ ਨੂੰ ਆਪਣਾ ਫਰਜ਼ ਸਮਝਣ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਸ ਵੱਲੋਂ ਚਲਾਨ ਕਰਨ ਦੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਵੱਖ-ਵੱਖ ਸਕੂਲਾਂ ਕਾਲਜਾਂ ’ਚ ਜਾਗਰੂਕਤਾ ਸੈਮੀਨਾਰ ਕਰਵਾਏ ਜਾਂਦੇ ਹਨ। ਜੇਕਰ ਲੋਕ ਖੁਦ ਹੀ ਟ੍ਰੈਫਿਕ ਨਿਯਮਾਂ ’ਤੇ ਅਮਲ ਕਰਨਾ ਸ਼ੁਰੂ ਕਰ ਦੇਣਗੇ ਤਾਂ ਹੀ ਸੜਕਾਂ ਨੂੰ ਸਫਰ ਲਈ ਸੁਰੱਖਿਅਤ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਭਾਖੜਾ ਨਹਿਰ ਕੰਡੇ ਮਿਲੀ ਏ. ਐੱਸ. ਆਈ. ਦੀ ਗੱਡੀ, ਅੰਦਰੋਂ ਬਰਾਮਦ ਹੋਈਆਂ ਇਹ ਚੀਜ਼ਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News