''ਆਪ'' ਦੇ ਬਾਗੀਆਂ ਨੇ ਮਿਲਾਇਆ ਹੱਥ, ਤੀਜੇ ਫਰੰਟ ਦਾ ਐਲਾਨ ਜਲਦ

Wednesday, Nov 28, 2018 - 01:25 PM (IST)

''ਆਪ'' ਦੇ ਬਾਗੀਆਂ ਨੇ ਮਿਲਾਇਆ ਹੱਥ, ਤੀਜੇ ਫਰੰਟ ਦਾ ਐਲਾਨ ਜਲਦ

ਚੰਡੀਗੜ੍ਹ : ਆਮ ਆਦਮੀ ਪਾਰਟੀ 'ਚੋਂ ਮੁਅੱਤਲ ਕੀਤੇ ਗਏ ਤੇ ਬਾਗੀ ਧੜੇ ਦੇ ਆਗੂ ਸੁਖਪਾਲ ਖਹਿਰਾ, ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਅਤੇ ਸੰਸਦ ਮੈਂਬਰ ਤੇ ਪੰਜਾਬ ਮੰਚ ਦੇ ਮੁਖੀ ਡਾ. ਧਰਮਵੀਰ ਗਾਂਧੀ ਇਕ ਹੁੰਦੇ ਨਜ਼ਰ ਆ ਰਹੇ ਹਨ, ਮੰਗਲਵਾਰ ਨੂੰ ਉਕਤ ਆਗੂਆਂ ਨੇ ਇਕ ਮੰਚ 'ਤੇ ਇਕੱਠੇ ਹੋ ਕੇ ਅਸਿੱਧੇ ਤੌਰ 'ਤੇ ਸਿਆਸੀ ਹੱਥ ਮਿਲਾ ਲਏ ਹਨ ਅਤੇ ਜਲਦੀ ਹੀ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਬਰਾਬਰ ਸਿਆਸੀ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ ਹਨ।

PunjabKesari
ਉਕਤ ਧਿਰਾਂ ਵਲੋਂ ਮੰਗਲਵਾਰ ਨੂੰ ਸਾਂਝੇ ਤੌਰ 'ਤੇ ਪੰਜਾਬ ਦੇ ਮੁੱਖ ਮੁੱਦਿਆਂ ਬਾਰੇ 8 ਤੋਂ 16 ਦਸੰਬਰ ਤਕ 9 ਦਿਨਾਂ ਇਨਸਾਫ਼ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਪਰ ਸਿਆਸੀ ਹਲਕਿਆਂ ਅਨੁਸਾਰ ਇਹ ਧਿਰਾਂ ਇਨਸਾਫ਼ ਮਾਰਚ ਰਾਹੀਂ ਆਪਣੀ ਸਿਆਸੀ ਜ਼ਮੀਨ ਦੀ ਪਰਖ ਕਰਨਾ ਚਾਹੁੰਦੀਆਂ ਹਨ ਅਤੇ ਲੋਕਾਂ ਦੇ ਹੁੰਗਾਰੇ ਨੂੰ ਆਧਾਰ ਬਣਾ ਕੇ ਹੀ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਫ਼ੈਸਲਾ ਲਿਆ ਜਾਵੇਗਾ। ਭਾਵੇਂ ਇਨ੍ਹਾਂ ਧਿਰਾਂ ਨੇ ਬਰਗਾੜੀ ਵਿਚ ਪਹਿਲੀ ਜੂਨ ਤੋਂ ਚੱਲ ਰਹੇ ਇਨਸਾਫ਼ ਮੋਰਚੇ ਨਾਲ ਨਾਮ ਜੋੜ ਕੇ 'ਇਨਸਾਫ਼ ਮਾਰਚ' ਕਰਨ ਦਾ ਐਲਾਨ ਕੀਤਾ ਸੀ ਪਰ ਬਰਗਾੜੀ ਮੋਰਚੇ ਦੀ ਕੋਈ ਵੀ ਧਿਰ ਇਸ ਇਨਸਾਫ਼ ਮਾਰਚ ਵਿਚ ਸ਼ਾਮਲ ਨਹੀਂ ਹੋਈ।

PunjabKesari
'ਆਪ' 'ਚੋਂ ਮੁਅੱਤਲ ਕੀਤੇ ਸੁਖਪਾਲ ਖਹਿਰਾ, ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਅਤੇ ਪੰਜਾਬ ਮੰਚ ਦੇ ਮੁਖੀ ਤੇ 'ਆਪ' 'ਚੋਂ ਮੁਅੱਤਲ ਕੀਤੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇੱਥੇ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਐਲਾਨ ਕੀਤਾ ਕਿ ਇਨਸਾਫ਼ ਮਾਰਚ ਦੇ ਅਖੀਰਲੇ ਦਿਨ ਪਟਿਆਲਾ ਵਿਚ ਸਮਾਪਤੀ ਰੈਲੀ ਦੌਰਾਨ ਲੋਕਾਂ ਕੋਲੋਂ ਤੀਸਰੇ ਸਿਆਸੀ ਫਰੰਟ ਨੂੰ ਬਣਾਉਣ ਦੀ ਲੋੜ ਬਾਰੇ ਰਾਇ ਲਈ ਜਾਵੇਗੀ ਅਤੇ ਜੇਕਰ ਲੋਕਾਂ ਨੇ ਨਵਾਂ ਫਰੰਟ ਬਣਾਉਣ ਦੀ ਹਾਮੀ ਭਰੀ ਤਾਂ ਨਵੀਂ ਸਿਆਸੀ ਪਾਰਟੀ ਉਸਾਰੀ ਜਾਵੇਗੀ।

PunjabKesari
ਇਨ੍ਹਾਂ ਧਿਰਾਂ ਨੇ 8 ਦਸੰਬਰ ਨੂੰ ਤਲਵੰਡੀ ਸਾਬੋ ਤੋਂ ਇਨਸਾਫ਼ ਮਾਰਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਹ 9 ਦਿਨਾਂ ਮਾਰਚ 16 ਦਸੰਬਰ ਨੂੰ ਪਟਿਆਲਾ ਵਿਚ ਸਮਾਪਤ ਹੋਵੇਗਾ। ਖਹਿਰਾ ਅਤੇ ਗਾਂਧੀ ਮੁਤਾਬਕ ਨਵੀਂ ਸਿਆਸੀ ਪਾਰਟੀ ਬਣਾਉਣ ਲਈ ਉਨ੍ਹਾਂ ਦੀਆਂ ਦੋ-ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਜਲਦੀ ਹੀ ਸੁੱਚਾ ਸਿੰਘ ਛੋਟੇਪੁਰ, ਜਗਮੀਤ ਸਿੰਘ ਬਰਾੜ ਅਤੇ ਹੋਰ ਪੰਜਾਬ ਹਿਤੈਸ਼ੀ ਧਿਰਾਂ ਨੂੰ ਨਾਲ ਲੈ ਕੇ ਨਵੀਂ ਸਿਆਸੀ ਪਾਰਟੀ ਉਸਾਰੀ ਜਾਵੇਗੀ। ਖਹਿਰਾ ਨੇ ਕਿਹਾ ਕਿ ਉਹ ਇਸ ਲਈ ਆਪਣੇ ਵਿਧਾਇਕ ਦੇ ਅਹੁਦਾ ਵੀ ਤਿਆਗਣ ਲਈ ਤਿਆਰ ਹਨ।
ਦੱਸਣਯੋਗ ਹੈ ਕਿ 'ਆਪ' ਦੇ ਬਾਗੀ ਧੜੇ ਨਾਲ ਅੱਠ ਵਿਧਾਇਕ ਹਨ ਪਰ ਮੀਡੀਆ ਕਾਨਫਰੰਸ ਵਿਚ ਖਹਿਰਾ ਸਮੇਤ ਪਾਰਟੀ 'ਚੋਂ ਮੁਅੱਤਲ ਕੀਤੇ ਵਿਧਾਇਕ ਕੰਵਰ ਸੰਧੂ ਹਾਜ਼ਰ ਸਨ ਜਦਕਿ ਤਿੰਨ ਵਿਧਾਇਕ ਜੈ ਕਿਸ਼ਨ ਰੋੜੀ, ਜਗਤਾਰ ਸਿੰਘ ਜੱਗਾ ਅਤੇ ਮਾਸਟਰ ਬਲਦੇਵ ਸਿੰਘ ਹਾਜ਼ਰ ਨਹੀਂ ਸਨ। ਇਸ ਮੌਕੇ ਖਹਿਰਾ ਨੇ ਦੋਸ਼ ਲਾਇਆ ਕਿ ਕੈਪਟਨ ਨੇ ਲਾਂਘੇ ਦੇ ਮੁੱਦੇ 'ਤੇ ਪਾਕਿਸਤਾਨ ਦਾ ਸੱਦਾ ਠੁਕਰਾ ਕੇ ਬੜੀ ਛੋਟੀ ਗੱਲ ਕੀਤੀ ਹੈ ਪਰ ਉਹ ਇਹ ਦੱਸਣ ਕਿ ਉਨ੍ਹਾਂ ਸਰਕਾਰੀ ਰਿਹਾਇਸ਼ ਵਿਚ ਆਪਣੀ ਪਾਕਿਸਤਾਨੀ ਮਹਿਲਾ ਦੋਸਤ ਨੂੰ ਕਿਉਂ ਰੱਖਿਆ ਹੈ।


author

Gurminder Singh

Content Editor

Related News