ਚੋਰ ਰੈਡੀਮੇਡ ਗਾਰਮੈਂਟਸ ’ਚੋਂ ਲੱਖਾਂ ਦਾ ਸਾਮਾਨ ਚੋਰੀ ਕਰਕੇ ਫਰਾਰ

Monday, Aug 21, 2023 - 02:19 PM (IST)

ਚੋਰ ਰੈਡੀਮੇਡ ਗਾਰਮੈਂਟਸ ’ਚੋਂ ਲੱਖਾਂ ਦਾ ਸਾਮਾਨ ਚੋਰੀ ਕਰਕੇ ਫਰਾਰ

ਦਿੜ੍ਹਬਾ ਮੰਡੀ (ਅਜੈ) : ਸਥਾਨਕ ਸ਼ਹਿਰ ਅੰਦਰ ਸਵੇਰੇ ਦਿਨ ਚੜ੍ਹਨ ਤੋਂ ਕੁਝ ਸਮਾਂ ਪਹਿਲਾਂ ਤਾਜ ਕੰਪਲੈਕਸ ਵਿਖੇ ਸਥਿਤ ਰੈਡੀਮੇਡ ਗਾਰਮੈਂਟਸ ਦੀ ਇਕ ਦੁਕਾਨ ਦਾ ਸ਼ਟਰ ਤੋੜ ਕੇ ਚੋਰ ਦੁਕਾਨ ’ਚ ਪਏ ਲੱਖਾਂ ਰੁਪਏ ਦੇ ਰੈਡੀਮੇਡ ਕੱਪੜੇ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਰਵੀ ਨੰਦਨ ਵਾਸੀ ਮੌੜਾਂ ਤੇ ਕ੍ਰਿਸ਼ਨ ਗਿਰ ਵਾਸੀ ਦਿੜ੍ਹਬਾ ਨੇ ਦੱਸਿਆ ਕਿ ਉਨ੍ਹਾਂ ਦੀ ਦਿੜ੍ਹਬਾ ਦੀ ਤਾਜ ਕੰਪਲੈਕਸ ਮਾਰਕੀਟ ਵਿਖੇ ਜੈਸਟ ਬਰਾਂਡ ਨਾਂ ਦੀ ਰੇਡੀਮੇਡ ਗਾਰਮੈਂਟਸ ਦੀ ਦੁਕਾਨ ਹੈ। ਸਵੇਰੇ 4.15 ਵਜੇ ਉਨ੍ਹਾਂ ਨੂੰ ਚੌਕੀਦਾਰ ਦਾ ਫੋਨ ਆਇਆ ਕਿ ਚੋਰ ਤੁਹਾਡੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ’ਚ ਪਿਆ ਸਾਮਾਨ ਗੱਡੀ ’ਚ ਲੋਡ ਕਰਕੇ ਚੋਰੀ ਕਰਕੇ ਲੈ ਗਏ ਹਨ। ਇਸ ’ਤੇ ਜਦੋਂ ਅਸੀਂ ਥੋੜ੍ਹੇ ਸਮੇਂ ’ਚ ਹੀ ਦੁਕਾਨ ’ਤੇ ਪਹੁੰਚੇ ਤਾਂ ਦੇਖਿਆ ਕਿ ਦੁਕਾਨ ਦੇ ਸ਼ਟਰ ਦਾ ਸੈਂਟਰ ਲਾਕ ਟੁੱਟਾ ਹੋਇਆ ਸੀ ਤੇ ਸ਼ਟਰ ਥੋੜ੍ਹਾ ਉਪਰ ਚੁੱਕਿਆ ਹੋਇਆ ਸੀ। ਜਦੋਂ ਅਸੀਂ ਦੁਕਾਨ ਦੇ ਅੰਦਰ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਦੁਕਾਨ ’ਚ ਪਈਆਂ ਬਹੁਤ ਸਾਰੀਆਂ ਜੀਨਸ ਪੈਂਟਾਂ, ਸ਼ਰਟਾਂ, ਟੀ-ਸ਼ਰਟਾਂ, ਲੋਅਰ ਆਦਿ ਕੀਮਤੀ ਸਾਮਾਨ ਚੋਰ ਚੋਰੀ ਕਰਕੇ ਲੈ ਗਏ ਹਨ, ਜਿਨ੍ਹਾਂ ਦੀ ਕੀਮਤ ਕਰੀਬ 9 ਤੋਂ 10 ਲੱਖ ਰੁਪਏ ਬਣਦੀ ਹੈ।

ਇਸ ਤੋਂ ਇਲਾਵਾ ਦੁਕਾਨ ਦੇ ਗੱਲੇ ’ਚ ਪਏ ਕੁਝ ਪੈਸੇ ਵੀ ਉਨ੍ਹਾਂ ਚੋਰੀ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਦੀਆਂ ਫੁਟੇਜ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਚੋਰਾਂ ਦੀ ਗਿਣਤੀ 3 ਲੱਗਦੀ ਹੈ, ਜੋ ਵੱਡੇ-ਵੱਡੇ ਬੋਰਿਆਂ ਵਿੱਚ ਦੁਕਾਨ ਦਾ ਸਮਾਨ ਭਰਦੇ ਦਿਖਾਈ ਦੇ ਰਹੇ ਹਨ, ਜਿਨ੍ਹਾਂ ’ਚੋਂ ਦੋ ਚੋਰਾਂ ਨੇ ਆਪਣੇ ਮੂੰਹ ਢਕੇ ਹੋਏ ਸੀ, ਜਦਕਿ ਇਕ ਚੋਰ ਦਾ ਚਿਹਰਾ ਬਿਲਕੁਲ ਸਾਫ ਦਿਖਾਈ ਦੇ ਰਿਹਾ ਹੈ। ਪੁਲਸ ਸਟੇਸ਼ਨ ਦਿੜ੍ਹਬਾ ਤੋਂ ਪਹੁੰਚੇ ਜਾਂਚ ਅਧਿਕਾਰੀ ਬਿੱਕਰ ਸਿੰਘ ਨੇ ਕਿਹਾ ਕਿ ਪੁਲਸ ਦੁਕਾਨ ਮਾਲਕਾਂ ਦੇ ਬਿਆਨ ਦਰਜ ਕਰਕੇ ਇਸ ਮਾਮਲੇ ਨੂੰ ਲੈ ਕੇ ਪੂਰੀ ਮੂਸਤੈਦੀ ਨਾਲ ਕੰਮ ਕਰ ਰਹੀ ਹੈ।


author

Gurminder Singh

Content Editor

Related News