ਵਿਦਿਆਰਥੀਆਂ ''ਚ ਰੀਡਿੰਗ ਹੈਬਿਟ ਸਬੰਧੀ ਸੀ. ਬੀ. ਐੱਸ. ਈ. ਲਏਗਾ ਟੈਸਟ

01/14/2020 12:11:58 PM

ਪਟਿਆਲਾ (ਪ੍ਰਤਿਭਾ): ਵਿਦਿਆਰਥੀਆਂ ਵਿਚ ਤੇਜ਼ੀ ਨਾਲ ਪੜ੍ਹਣ ਦੀ ਆਦਤ (ਰੀਡਿੰਗ ਹੈਬਿਟ) ਵਧਾਉਣ ਲਈ ਹੁਣ ਸੀ. ਬੀ. ਐੱਸ. ਈ. 8ਵੀਂ, 9ਵੀਂ ਅਤੇ 10ਵੀਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਰੀਡਿੰਗ ਚੈਲੰਜ ਟੈਸਟ ਲੈਣ ਜਾ ਰਿਹਾ ਹੈ। ਜਿਹੜਾ ਵਿਦਿਆਰਥੀ ਇਸ ਟੈਸਟ ਵਿਚ ਦਿੱਤੇ ਸਵਾਲਾਂ ਨੂੰ ਤੇਜ਼ੀ ਨਾਲ ਪੜ੍ਹ ਕੇ ਘੱਟ ਸਮੇਂ 'ਚ ਸਹੀ ਉੱਤਰ ਦੇਵੇਗਾ, ਉਸ ਨੂੰ ਸੀ. ਬੀ. ਐੱਸ. ਈ. ਵੱਲੋਂ ਆਨਲਾਈਨ ਮੈਰਿਟ ਸਰਟੀਫਿਕੇਟ ਮੁਹੱਈਆ ਕੀਤਾ ਜਾਵੇਗਾ ਜੋ ਕਿ ਇਕ ਤਰ੍ਹਾਂ ਦਾ ਪ੍ਰਸ਼ੰਸਾ-ਪੱਤਰ ਹੋਵੇਗਾ। ਬੋਰਡ ਦਾ ਮਕਸਦ ਵਿਦਿਆਰਥੀਆਂ ਵਿਚ ਰੀਡਿੰਗ ਹੈਬਿਟ ਨੂੰ ਵਧਾਉਣਾ ਹੈ। ਇਸ ਆਦਤ ਦੇ ਵਧਣ ਨਾਲ ਹੀ ਵਿਦਿਆਰਥੀ ਦੇ ਸਾਰੇ ਵਿਸ਼ਿਆਂ ਵਿਚ ਮੁਹਾਰਤ ਹਾਸਲ ਹੋਣ ਨਾਲ ਹੀ ਉਨ੍ਹਾਂ ਦੇ ਭਵਿੱਖ ਵਿਚ ਵੀ ਕੰਮ ਆਵੇਗੀ। ਨਾਲ ਹੀ ਪ੍ਰੀਖਿਆ ਦੇ ਦਿਨਾਂ ਦੀ ਘਬਰਾਹਟ ਵੀ ਇਸ ਨਾਲ ਦੂਰ ਹੋਵੇਗੀ। ਵਿਦਿਆਰਥੀ ਆਤਮ-ਵਿਸ਼ਵਾਸ ਨਾਲ ਪ੍ਰੀਖਿਆ ਦੇਵੇਗਾ। ਬੋਰਡ ਨੇ ਵਿਦਿਆਰਥੀਆਂ ਵਿਚ ਰੀਡਿੰਗ ਲਿਟਰੇਸੀ ਵਧਾਉਣ ਲਈ ਹੀ ਟੈਸਟ ਲੈਣ ਦੀ ਯੋਜਨਾ ਬਣਾਈ ਹੈ। ਇਸ ਸਬੰਧੀ ਸਾਰੇ ਸਕੂਲ ਮੁਖੀਆਂ ਨੂੰ ਜਾਣਕਾਰੀ ਵੀ ਜਾਰੀ ਕਰ ਦਿੱਤੀ ਗਈ ਹੈ।

ਰਜਿਸਟਰੇਸ਼ਨ 22 ਤੱਕ: ਟੈਸਟ ਲਈ ਵਿਦਿਆਰਥੀਆਂ ਦੀ ਰਜਿਸਟਰੇਸ਼ਨ 13 ਤੋਂ 22 ਜਨਵਰੀ ਤੱਕ ਹੋਵੇਗੀ। ਇਸ ਲਈ ਕੋਈ ਫੀਸ ਨਹੀਂ ਲਈ ਜਾਵੇਗੀ। 23 ਜਨਵਰੀ ਨੂੰ ਪ੍ਰਸ਼ਨ-ਪੱਤਰ ਰਜਿਸਟਰਡ ਸਕੂਲਾਂ ਕੋਲ ਮੁਹੱਈਆ ਹੋਵੇਗਾ। ਇਸ ਵਿਚ ਸਕੋਰਿੰਗ ਕ੍ਰੀਟੇਰੀਆ ਵੀ ਸ਼ਾਮਲ ਹੋਵੇਗਾ। ਰਜਿਸਟਰਡ ਸਕੂਲ 23 ਤੋਂ 25 ਜਨਵਰੀ ਤੱਕ ਟੈਸਟ ਲੈ ਸਕਣਗੇ। ਤਿੰਨਾਂ ਕਲਾਸਾਂ ਤੋਂ 2-2 ਵਿਦਿਆਰਥੀਆਂ ਨੂੰ ਚੁਣਿਆ ਜਾਵੇਗਾ ਜੋ ਕਿ ਟੈਸਟ ਵਿਚ ਪਹਿਲੇ ਸਥਾਨ 'ਤੇ ਆਉਣਗੇ। ਕੁੱਲ 6 ਵਿਦਿਆਰਥੀਆਂ ਦੀ ਚੋਣ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਹੋਵੇਗੀ। ਇਸ ਤੋਂ ਬਾਅਦ ਸਕੂਲ ਇਨ੍ਹਾਂ 6 ਵਿਦਿਆਰਥੀਆਂ ਨੂੰ 1200 ਰੁਪਏ ਭਾਵ 200 ਰੁਪਏ ਪ੍ਰਤੀ ਵਿਦਿਆਰਥੀ ਫੀਸ ਜਮ੍ਹਾ ਕਰਵਾ ਕੇ ਆਨਲਾਈਨ ਲਿੰਕ 'ਤੇ ਲਾਗ ਕਰ ਕੇ 27 ਜਨਵਰੀ ਤੋਂ 2 ਫਰਵਰੀ ਤੱਕ ਰਜਿਸਟਰ ਕਰਵਾਏਗਾ। ਇਸ ਤੋਂ ਬਾਅਦ 4 ਤੋਂ 7 ਫਰਵਰੀ ਤੱਕ ਬੋਰਡ ਕੰਪਿਊਟਰ ਅਧਾਰਤ ਰੀਡਿੰਗ ਟੈਸਟ ਕਰਵਾਏਗਾ। ਇਸ ਤੋਂ ਬਾਅਦ ਹਰੇਕ ਸੂਬੇ ਤੋਂ ਬੈਸਟ 50 ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਦਿੱਤੇ ਜਾਣਗੇ।


Shyna

Content Editor

Related News