ਹਾਕਮਾਂ ਦੇ ਰੰਗ ਬਦਲਣ ''ਤੇ ਵੀ ਬੰਦ ਨਹੀਂ ਹੋਈ ਨਾਜਾਇਜ਼ ਮਾਈਨਿੰਗ

08/19/2017 5:54:52 PM

ਸਿੱਧਵਾਂ ਬੇਟ (ਸ਼ੇਤਰਾ)–ਹਾਕਮਾਂ ਦੇ ਰੰਗ ਬਦਲਣ 'ਤੇ ਵੀ ਨਾਜਾਇਜ਼ ਮਾਈਨਿੰਗ ਜਾਰੀ ਹੈ। ਬਰਸਾਤ ਦੇ ਦਿਨਾਂ 'ਚ ਪਹਿਲੀ ਜੁਲਾਈ ਤੋਂ ਤੀਹ ਸਤੰਬਰ ਤਕ ਮਾਈਨਿੰਗ 'ਤੇ ਰੋਕ ਲੱਗੀ ਹੋਣ ਦੇ ਬਾਵਜੂਦ ਬੇਟ ਇਲਾਕੇ ਦੇ ਪਿੰਡ ਅੱਕੂਵਾਲ ਦੀ ਖੱਡ 'ਚੋਂ ਸ਼ਰੇਆਾਮ ਖਣਨ ਹੋ ਰਿਹਾ ਹੈ। ਤਿੰਨ ਮਸ਼ੀਨਾਂ ਲਗਾਤਾਰ ਟਰੱਕਾਂ ਤੇ ਟਰਾਲੀਆਂ 'ਚ ਰੇਤ ਭਰਨ ਲੱਗੀਆਂ ਹੋਈਆਂ ਹਨ। ਇਕ ਟਰਾਲੀ 6 ਹਜ਼ਾਰ ਦੀ ਪਰਚੀ ਨਾਲ ਭਰੀ ਜਾ ਰਹੀ ਹੈ। ਪਾਬੰਦੀ ਲੱਗਣ ਤੋਂ ਹੁਣ ਤਕ ਡੇਢ ਮਹੀਨੇ ਵਿਚ ਲੱਖਾਂ ਟਨ ਨਾਜਾਇਜ਼ ਖਣਨ ਰਾਹੀਂ ਕਰੋੜਾਂ ਦੀ ਖੇਡ ਖੇਡੀ ਜਾ ਚੁੱਕੀ ਹੈ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਗੰਭੀਰ ਨੋਟਿਸ ਲੈਂਦਿਆਂ ਪ੍ਰਸ਼ਾਸਨ ਨੂੰ ਨਾਜਾਇਜ਼ ਖਣਨ ਸਖ਼ਤੀ ਨਾਲ ਰੋਕਣ ਲਈ ਕਿਹਾ ਹੈ। ਜ਼ਿਲਾ ਪੁਲਸ ਮੁਖੀ ਸੁਰਜੀਤ ਸਿੰਘ ਨੇ ਕਿਹਾ ਕਿ ਨਾਜਾਇਜ਼ ਖਣਨ ਦੀ ਨਾ ਤਾਂ ਕਿਸੇ ਨੂੰ ਇਜਾਜ਼ਤ ਦਿੱਤੀ ਹੈ ਤੇ ਨਾ ਹੀ ਉਨ੍ਹਾਂ ਦੇ ਧਿਆਨ 'ਚ ਅਜਿਹਾ ਕੋਈ ਮਾਮਲਾ ਆਇਆ ਹੈ। ਚੋਣਾਂ ਸਮੇਂ ਵੱਡੇ ਸਿਆਸੀ ਮੁੱਦੇ 'ਤੇ ਸੱਤਾ ਤਬਦੀਲੀ ਤੋਂ ਬਾਅਦ ਹਾਕਮ ਧਿਰ ਖਾਮੋਸ਼ ਹੈ, ਪਰ 'ਜਬਰ ਵਿਰੋਧੀ ਲਹਿਰ' ਚਲਾਉਣ ਵਾਲੇ ਅਕਾਲੀ ਵੀ ਨਹੀਂ ਬੋਲ ਰਹੇ। ਲੋਕਾਂ ਨੂੰ 'ਆਪ' ਦੀ ਚੁੱਪ ਵਧੇਰੇ ਰੜਕਦੀ ਹੈ ਕਿਉਂਕਿ ਉਕਤ ਖੱਡ ਹਲਕਾ ਦਾਖਾ 'ਚ ਪੈਂਦੀ ਹੈ, ਜਿਥੋਂ ਵਿਧਾਇਕ 'ਆਪ' ਪਾਰਟੀ ਦੇ ਐੱਸ. ਐੱਚ. ਫੂਲਕਾ ਹਨ।
ਪੰਚਾਇਤ ਵੱਲੋਂ ਮਤਾ ਪਾਸ, ਕੈਪਟਨ ਤੋਂ ਦਖ਼ਲ ਦੀ ਮੰਗ
ਪਿੰਡ ਅੱਕੂਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਅੱਜ ਪੰਚਾਇਤ ਦਾ ਇਕੱਠ ਹੋਇਆ, ਜਿਸ 'ਚ ਪਿੰਡ ਘਮਣੇਵਾਲ ਦੇ ਪਤਵੰਤੇ ਵੀ ਸ਼ਾਮਲ ਹੋਏ। ਸਾਂਝੇ ਇਕੱਠ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਦਖ਼ਲ ਦੀ ਮੰਗ ਕਰਦੇ ਹੋਏ ਇਨ੍ਹਾਂ ਪਿੰਡਾਂ ਦੇ ਨਾਲ ਲੱਗਦੇ ਸਤਲੁਜ ਦਰਿਆ 'ਚੋਂ ਨਾਜਾਇਜ਼ ਮਾਈਨਿੰਗ ਦੀ ਗੱਲ ਆਖੀ। ਲੰਮੀ ਉਡੀਕ ਮਗਰੋਂ ਹਾਲ ਹੀ 'ਚ ਬਣੀਆਂ ਲਿੰਕ ਸੜਕਾਂ, ਗਲੀਆਂ ਤੇ ਨਾਲੀਆਂ ਮਾਈਨਿੰਗ ਵਾਲੇ ਵਾਹਨਾਂ ਕਾਰਨ ਟੁੱਟ ਰਹੀਆਂ ਹਨ। ਮਤੇ 'ਤੇ ਸਰਪੰਚ ਜੀਤ ਸਿੰਘ, ਨੰਬਰਦਾਰ ਮਲਕੀਤ ਸਿੰਘ, ਪੰਚ ਗਿਆਨ ਕੌਰ ਤੇ ਹੋਰਨਾਂ ਦੇ ਦਸਤਖਤ ਹਨ, ਜਿਨ੍ਹਾਂ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਸਭ ਕੁਝ ਜਾਣਦੇ ਹੋਏ ਕੋਈ ਕਾਰਵਾਈ ਨਹੀਂ ਕਰ ਰਿਹਾ। 
ਅਧਿਕਾਰੀਆਂ ਦੇ ਬਿਆਨ ਮੇਲ ਨਹੀਂ ਖਾਂਦੇ
ਵਿਭਾਗੀ ਅਧਿਕਾਰੀਆਂ ਦੇ ਇਸ ਮੁੱਦੇ 'ਤੇ ਬਿਆਨ ਆਪਾ-ਵਿਰੋਧੀ ਸਾਹਮਣੇ ਆਏ। ਮਾਈਨਿੰਗ ਅਫ਼ਸਰ ਬਲਵਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਕਿਸੇ ਇਕ ਥਾਂ ਵੀ ਨਾਜਾਇਜ਼ ਮਾਈਨਿੰਗ ਨਹੀਂ ਚੱਲ ਰਹੀ। ਅੱਕੂਵਾਲ ਦਾ ਨਾਂ ਲੈ ਕੇ ਪੁੱਛਣ 'ਤੇ ਵੀ ਉਨ੍ਹਾਂ ਇਨਕਾਰ ਕੀਤਾ। ਦੂਜੇ ਪਾਸੇ ਵਿਭਾਗ ਦੇ ਹੀ ਜੀ. ਐੱਮ. ਅਮਰਜੀਤ ਸਿੰਘ ਭਾਟੀਆ ਨੇ ਕਿਹਾ ਕਿ ਅੱਜ ਹੀ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ। ਉਨ੍ਹਾਂ ਹੇਠਲੇ ਅਧਿਕਾਰੀਆਂ ਨੂੰ ਨਾਜਾਇਜ਼ ਮਾਈਨਿੰਗ ਬੰਦ ਕਰਵਾਉਣ ਲਈ ਹੁਕਮ ਜਾਰੀ ਕਰਨ ਦੀ ਵੀ ਗੱਲ ਆਖੀ। 
ਕਾਮਰੇਡਾਂ ਵੱਲੋਂ ਸੂਬਾ ਪੱਧਰੀ ਧਰਨੇ ਦਾ ਐਲਾਨ
ਸੀ. ਪੀ. ਐੱਮ. ਦੇ ਤਹਿਸੀਲ ਸਕੱਤਰ ਬਲਜੀਤ ਸਿੰਘ ਗੋਰਸੀਆਂ ਤੇ ਸੂਬਾ ਕਮੇਟੀ ਮੈਂਬਰ ਬਲਰਾਜ ਸਿੰਘ ਕੋਟਉਮਰਾ ਨੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸੂਬਾ ਪੱਧਰੀ ਧਰਨੇ ਦਾ ਐਲਾਨ ਕੀਤਾ ਹੈ। ਪਾਰਟੀ 30 ਅਗਸਤ ਨੂੰ ਜਗਰਾਓਂ ਵਿਖੇ ਧਰਨਾ ਦੇਵੇਗੀ, ਜਿਸ ਨੂੰ ਸੂਬਾਈ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਸਮੇਤ ਹੋਰ ਸੂਬਾਈ ਲੀਡਰਸ਼ਿਪ ਸੰਬੋਧਨ ਕਰੇਗੀ। ਉਨ੍ਹਾਂ ਇਸ ਮੁੱਦੇ 'ਤੇ ਸਿਆਸੀ ਧਿਰਾਂ ਦੇ 'ਮਿਲੇ' ਹੋਣ ਦਾ ਵੀ ਇਲਜ਼ਾਮ ਲਾਇਆ।


Related News