ਰਵਨੀਤ ਬਿੱਟੂ ਨੂੰ SC ਐਕਟ ਦਾ ਪਰਚਾ ਦਰਜ ਕਰ ਕੇ ਕੀਤਾ ਜਾਵੇ ਗ੍ਰਿਫਤਾਰ : ਚੁੱਘ
Wednesday, Jun 16, 2021 - 12:54 AM (IST)
ਚੰਡੀਗੜ੍ਹ(ਸ਼ਰਮਾ)- ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਵਲੋਂ ਦਲਿਤ ਭਾਈਚਾਰੇ ਵਿਰੁੱਧ ਦਿੱਤੇ ਗਏ ਬਿਆਨ ਨੂੰ ਕਾਂਗਰਸ ਪਾਰਟੀ ਦੀ ਸੌੜੀ ਮਾਨਸਿਕਤਾ ਦੱਸਦਿਆਂ ਕਿਹਾ ਕਿ ਬਿੱਟੂ ਵਿਰੁੱਧ ਐੱਸ.ਸੀ. ਐਕਟ ਦੇ ਤਹਿਤ ਐੱਫ਼.ਆਈ.ਆਰ. ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਚੁੱਘ ਨੇ ਕਿਹਾ ਕਿ ਬਿੱਟੂ ਨੇ ਨਾ ਸਿਰਫ਼ ਪੰਜਾਬ ਦੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ, ਸਗੋਂ ਉਨ੍ਹਾਂ ਨੇ ਆਪਣੇ ਬਿਆਨ ਨਾਲ ਭਾਰਤ ਦੇ ਸੰਵਿਧਾਨ ਨਿਰਮਾਤਾ 'ਭਾਰਤ ਰਤਨ' ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੁਪਨਿਆਂ ਦੇ ਭਾਰਤ ਨੂੰ ਖੰਡਿਤ ਕਰਨ ਦਾ ਮਹਾਪਾਪ ਕੀਤਾ ਹੈ।
ਇਹ ਵੀ ਪੜ੍ਹੋ- ਸਕੂਲਾਂ-ਕਾਲਜਾਂ ’ਚ ਟੀਕਾਕਰਨ ਦੇ ਹੁਕਮ ਜਾਰੀ, ਮਹੀਨੇ ਦੀ ਇਸ ਤਾਰੀਖ਼ ਤੋਂ ਲੱਗਣਗੇ ਟੀਕੇ
ਚੁੱਘ ਨੇ ਕਿਹਾ ਕਿ ਸਿੱਖ ਧਰਮ ਸਾਨੂੰ ਸਮਾਨਤਾ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੰਦਾ ਹੈ ਨਾ ਕਿ ਨਫ਼ਰਤ ਫੈਲਾਉਣ ਦਾ। ਉਨ੍ਹਾਂ ਕਿਹਾ ਕਿ ਬਿੱਟੂ ਦੇ ਬਿਆਨ ਨਾਲ ਕਰੋੜਾਂ ਦਲਿਤ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਾ ਤਾਂ ਸਿੱਖਾਂ ਦੀ ਹਿਤੈਸ਼ੀ ਹੈ ਅਤੇ ਨਾ ਹੀ ਦਲਿਤ ਸਮਾਜ ਦੀ। ਕਾਂਗਰਸ ਪਾਰਟੀ ਅਤੇ ਖਾਸ ਤੌਰ ’ਤੇ ਗਾਂਧੀ ਪਰਿਵਾਰ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਨ ਤੋਂ ਬਾਜ ਨਹੀਂ ਆਉਂਦਾ ਹੈ। ਹੁਣ ਕਾਂਗਰਸ ਨੇ ਆਪਣੀ ਕਥਨੀ ਅਤੇ ਕਰਨੀ ਨਾਲ ਸਮੂਹ ਦਲਿਤ ਸਮਾਜ ਦੀਆਂ ਭਾਵਨਾਵਾਂ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ 2022 ਦੀਆਂ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਸਮੇਤ ਸਾਰੇ ਕਥਿਤ ਸੈਕੂਲਰ ਦਲਾਂ ਨੂੰ ਸਬਕ ਸਿਖਾਏਗੀ ਅਤੇ ਭਾਜਪਾ ਨੂੰ ਸਰਕਾਰ ਬਣਾਉਣ ਦੇ ਮੌਕੇ ਦੇ ਕੇ ਪਹਿਲੀ ਵਾਰ ਪੰਜਾਬ ਦੀ ਵਾਗਡੋਰ ਇਕ ਦਲਿਤ ਨੇਤਾ ਨੂੰ ਸੌਂਪਣ ਦੀ ਤਿਆਰੀ ਕਰੇਗੀ।
ਇਹ ਵੀ ਪੜ੍ਹੋ- ਕੋਵਿਡ ਦਵਾਈਆਂ ਤੇ ਉਪਕਰਨਾਂ ’ਤੇ GST ਘਟਾ ਕੇ ਕੇਂਦਰ ਨੇ ਕੀਤੀ ਖਾਨਾਪੂਰਤੀ : ਧਰਮਸੌਤ
ਚੁੱਘ ਨੇ ਕਿਹਾ ਕਿ ਪੰਜਾਬ ਨੂੰ ਗੁਰੂਆਂ ਨੇ ‘ਸੰਗਤ ਅਤੇ ਪੰਗਤ’ ਦੀ ਸਿੱਖਿਆ ਦਿੱਤੀ, ਸਮਾਨਤਾ ਦੀ ਗੱਲ ਕਹੀ ਪਰ ਅੱਜ ਉਸੇ ਪੰਜਾਬ ਵਿਚ ਵਿਧਾਨਸਭਾ ਹਲਕਿਆਂ ਨੂੰ ਪਵਿੱਤਰ ਲਿਖ ਕੇ ਵੰਡਿਆ ਜਾ ਰਿਹਾ ਹੈ। ਇਹ ਬਿਆਨ ਕਾਂਗਰਸ ਦੀ ਛੁਆਛੂਤ ਦੀ ਰਜਵਾੜਾਸ਼ਾਹੀ ਸੋਚ ਦਾ ਨਤੀਜਾ ਹੈ। ਕਾਂਗਰਸੀਆਂ ਨੂੰ ਲੱਗਦਾ ਹੈ ਕਿ ਅਜੇ ਵੀ ਰਜਵਾੜਾਸ਼ਾਹੀ ਹੈ ਅਤੇ ਉਹ ਰਾਜ ਕਰਨਗੇ ਅਤੇ ਬਾਕੀ ਕੁਝ ਦਰਬਾਰੀ ਹਨ, ਕੁਝ ਦਾਸ ਹਨ, ਜਦੋਂ ਕਿ ਉਹ ਭੁੱਲ ਰਹੇ ਹਨ ਕਿ ਭਾਰਤ ਵਿਚ ਲੋਕਤੰਤਰ ਹੈ। ਸਾਰਿਆਂ ਨੂੰ ਸਮਾਨ ਵੋਟ ਦਾ ਅਧਿਕਾਰ ਹੈ।
ਚੁੱਘ ਨੇ ਕਿਹਾ ਕਿ ਪੰਜਾਬ ਵਿਚ ਦਲਿਤ ਪਰਿਵਾਰਾਂ ’ਤੇ ਕਾਫ਼ੀ ਜ਼ੁਲਮ ਹੋ ਰਹੇ ਹਨ। ਦਲਿਤ ਬੇਟੀਆਂ ਨਾਲ ਸਮੂਹਿਕ ਜਬਰ-ਜ਼ਿਨਾਹ ਹੋ ਰਹੇ ਹਨ। ਦਲਿਤਾਂ ਨੂੰ ਪੇਸ਼ਾਬ ਪਿਲਾਇਆ ਜਾਂਦਾ ਹੈ ਪਰ ਪ੍ਰਸ਼ਾਸਨ ਕਾਂਗਰਸੀ ਨੇਤਾਵਾਂ, ਵਿਧਾਇਕਾਂ, ਮੰਤਰੀਆਂ ਦੀ ਕਠਪੁਤਲੀ ਬਣਿਆ ਹੋਇਆ ਹੈ। ਚੁੱਘ ਨੇ ਕਿਹਾ ਕਿ ਭਾਰਤ ਵਿਚ ਪੰਜਾਬ ਸਿਰਫ਼ ਇਕ ਅਜਿਹਾ ਪ੍ਰਾਂਤ ਹੋਵੇਗਾ, ਜਿਸ ਵਿਚ ਦਲਿਤ ਪਰਿਵਾਰ ’ਤੇ ਜ਼ੁਲਮ ਹੋਣ ਤੋਂ ਬਾਅਦ ਐੱਸ.ਸੀ. ਕਮਿਸ਼ਨ ਦੀ ਟੀਮ ਉਸ ਨੂੰ ਮਿਲਣ ਜਾਣਾ ਚਾਹੇ ਤਾਂ ਉਸ ਨੂੰ ਵੀ ਪ੍ਰਸ਼ਾਸਨ ਰੋਕਦਾ ਹੈ। ਉਨ੍ਹਾਂ ਰਵਨੀਤ ਬਿੱਟੂ ’ਤੇ ਐੱਫ਼.ਆਈ.ਆਰ. ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।