ਰਵਨੀਤ ਬਿੱਟੂ ਵਲੋਂ ਪਿੰਡ ਗੋਦ ਲੈਣ ਤੋਂ ਇਨਕਾਰ, ਕੀਤਾ ਯੋਜਨਾ ਦਾ ਬਾਈਕਾਟ
Wednesday, Sep 12, 2018 - 12:56 PM (IST)

ਲੁਧਿਆਣਾ : ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ 'ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ' ਤਹਿਤ ਦੂਜਾ ਪਿੰਡ ਆਲਮਗੀਰ ਗੋਦ ਲੈਣ ਤੋਂ ਇਨਕਾਰ ਕਰਕੇ ਇਸ ਯੋਜਨਾ ਦਾ ਬਾਈਕਾਟ ਕਰ ਦਿੱਤਾ ਹੈ। ਇਸੇ ਯੋਜਨਾ ਦੇ ਤਹਿਤ ਬਿੱਟੂ ਵਲੋਂ ਪਹਿਲੇ ਗੋਦ ਲਏ ਪਿੰਡ ਈਸੇਵਾਲ ਨੇ ਮਾਡਲ ਪਿੰਡ ਬਣਨਾ ਸੀ ਪਰ ਪਿਛਲੇ ਸਾਢੇ 3 ਸਾਲ 'ਚ ਮਾਡਲ ਬਣਨ ਦੀ ਬਜਾਏ ਪਿੰਡ ਦੀ ਹਾਲਤ ਖਸਤਾ ਹੋ ਗਈ। ਹੁਣ ਜਿਵੇਂ ਹੀ ਕੇਂਦਰ ਵਲੋਂ ਦੂਜਾ ਪਿੰਡ ਆਲਮਗੀਰ ਗੋਦ ਲੈਣ ਦਾ ਪ੍ਰਾਜੈਕਟ ਆਇਆ, ਬਿੱਟੂ ਨੇ ਦੂਜਾ ਪਿੰਡ ਗੋਦ ਲੈਣ ਤੋਂ ਇਨਕਾਰ ਕਰ ਦਿੱਤਾ।
ਰਵਨੀਤ ਬਿੱਟੂ ਦਾ ਤਰਕ ਹੈ ਕਿ ਕੇਂਦਰ ਸਰਕਾਰ ਵਲੋਂ ਆਦਰਸ਼ ਪਿੰਡ ਲਈ ਨਾ ਤਾਂ ਪੈਸੇ ਦਿੱਤੇ ਗਏ ਅਤੇ ਨਾ ਹੀ ਪਿੰਡ ਨੂੰ ਮਾਡਲ ਬਣਾਉਣ ਲਈ ਕੋਈ ਪਲਾਨਿੰਗ ਕੀਤੀ ਗਈ। ਇਸ ਕਾਰਨ ਉਸ ਦੇ ਵੀ ਅਕਸ 'ਤੇ ਅਸਰ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੇ ਦੂਜਾ ਪਿੰਡ ਗੋਦ ਲੈਣ ਤੋਂ ਇਨਕਾਰ ਕਰ ਦਿੱਤਾ। ਪਿੰਡ ਈਸੇਵਾਲ ਦੀ ਸਰਪੰਚ ਸੁਰਜੀਤ ਕੌਰ ਨੇ ਦੱਸਿਆ ਕਿ ਆਦਰਸ਼ ਪਿੰਡ ਤਹਿਤ ਪਿੰਡ ਈਸੇਵਾਲ ਨੂੰ ਰਵਨੀਤ ਬਿੱਟੂ ਨੇ ਗੋਦ ਲਿਆ ਸੀ ਪਰ ਪਿਛਲੇ ਸਾਢੇ 3 ਸਾਲ 'ਚ ਸਿਰਫ 15 ਲੱਖ ਰੁਪਏ ਸਾਂਸਦ ਫੰਡ 'ਚੋਂ ਮਿਲੇ ਹਨ। ਇਨ੍ਹਾਂ 'ਚੋਂ 10 ਲੱਖ ਰੁਪਏ ਸੀਵਰੇਜ ਲਈ ਅਤੇ 5 ਲੱਖ ਰੁਪਏ ਸਕੂਲ ਲਈ ਦਿੱਤੇ ਗਏ ਸਨ ਪਰ ਇਸ ਨਾਲ ਆਦਰਸ਼ ਪਿੰਡ ਬਣਨਾ ਤਾਂ ਇਕ ਪਾਸੇ, ਪਿੰਡ ਦੀ ਹਾਲਤ ਵੀ ਠੀਕ ਨਹੀਂ ਹੋ ਸਕੀ।