ਹੁਣ ਮੱਧ ਪ੍ਰਦੇਸ਼ ਜਾਂ ਰਾਜਸਥਾਨ ਤੋਂ ਰਾਜ ਸਭਾ ''ਚ ਜਾ ਸਕਦੇ ਨੇ ''ਰਵਨੀਤ ਬਿੱਟੂ''
Sunday, Aug 18, 2024 - 07:02 PM (IST)
ਲੁਧਿਆਣਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੱਧ ਪ੍ਰਦੇਸ਼ ਦੇ ਨਾਲ-ਨਾਲ ਰਾਜਸਥਾਨ ਤੋਂ ਭਾਜਪਾ ਰਾਜ ਸਭਾ 'ਚ ਭੇਜ ਸਕਦੀ ਹੈ। ਰਾਜ ਸਭਾ ਲਈ 21 ਅਗਸਤ ਨੂੰ ਨਾਮਜ਼ਦਗੀ ਹੋਣੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਹਾਈਕਮਾਨ ਨੇ ਰਵਨੀਤ ਸਿੰਘ ਬਿੱਟੂ ਨੂੰ ਆਪਣੇ ਕਾਗਜ਼ਾਤ ਪੂਰੇ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਹਨ। ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਇਸ ਦੀ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ : ਪਹਿਲੀ ਵਾਰ ਖ਼ਰੀਦੀ ਲਾਟਰੀ ਨੇ ਬਣਾ 'ਤਾ ਲੱਖਪਤੀ, ਦੁਕਾਨਦਾਰ ਦੀ ਖ਼ੁਸ਼ੀ ਦਾ ਨਹੀਂ ਕੋਈ ਟਿਕਾਣਾ
ਜੇਕਰ ਹਾਈਕਮਾਨ ਉਨ੍ਹਾਂ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ 'ਚ ਭੇਜਣਾ ਚਾਹੁੰਦਾ ਹੈ ਤਾਂ ਉਹ ਭੋਪਾਲ ਪੁੱਜਣਗੇ ਅਤੇ ਜੇਕਰ ਉਨ੍ਹਾਂ ਨੇ ਰਾਜਸਥਾਨ ਤੋਂ ਜਾਣਾ ਹੈ ਤਾਂ ਉਨ੍ਹਾਂ ਨੂੰ ਜੈਪੁਰ ਪੁੱਜਣਾ ਹੋਵੇਗਾ। ਇਸ ਗੱਲ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਭਾਜਪਾ ਹਾਈਕਮਾਨ ਉਨ੍ਹਾਂ ਨੂੰ ਜਯੋਤੀਰਾਦਿੱਤਿਆ ਸਿੰਧੀਆ ਦੀ ਥਾਂ ਮੱਧ ਪ੍ਰਦੇਸ਼ ਤੋਂ ਰਾਜ ਸਭਾ ਭੇਜ ਸਕਦੀ ਹੈ।
ਸਿੰਧੀਆ ਲੋਕ ਸਭਾ ਚੋਣਾਂ ਜਿੱਤ ਗਏ ਸਨ। ਉਸ ਤੋਂ ਬਾਅਦ ਰਾਜ ਸਭਾ ਸੀਟ ਖ਼ਾਲੀ ਹੋਈ ਸੀ। ਇਸ ਤੋਂ ਪਹਿਲਾਂ ਅਟਕਲਾਂ ਸਨ ਕਿ ਰਵਨੀਤ ਬਿੱਟੂ ਨੂੰ ਹਰਿਆਣਾ ਤੋਂ ਰਾਜ ਸਭਾ ਭੇਜਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਰਾਜ ਸਭਾ ਲਈ ਕਈ ਸੀਟਾਂ 'ਤੇ ਚੋਣਾਂ ਹੋਣੀਆਂ ਹਨ। ਇਨ੍ਹਾਂ 'ਚ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਸੀਟਾਂ ਵੀ ਸ਼ਾਮਲ ਹਨ। ਦੋਹਾਂ ਸੂਬਿਆਂ 'ਚ ਭਾਜਪਾ ਨੂੰ ਬਹੁਮਤ ਵੀ ਹੈ ਅਤੇ ਉੱਥੋਂ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਜਾਣ 'ਚ ਆਸਾਨੀ ਵੀ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8