ਮਾਮਲਾ ਆਰ. ਐੱਸ. ਐੱਸ. ਨੇਤਾ ਦੇ ਕਤਲ ਦਾ : ਮੋਟਰਸਾਈਕਲ ਪਹੁੰਚਾ ਸਕਦੈ ਕਾਤਲਾਂ ਤੱਕ

Monday, Oct 23, 2017 - 08:56 AM (IST)

ਮਾਮਲਾ ਆਰ. ਐੱਸ. ਐੱਸ. ਨੇਤਾ ਦੇ ਕਤਲ ਦਾ : ਮੋਟਰਸਾਈਕਲ ਪਹੁੰਚਾ ਸਕਦੈ ਕਾਤਲਾਂ ਤੱਕ

ਲੁਧਿਆਣਾ (ਰਿਸ਼ੀ)-ਮੰਗਲਵਾਰ ਸਵੇਰੇ 7.10 ਵਜੇ ਬਸਤੀ ਜੋਧੇਵਾਲ 'ਚ ਘਰ ਦੇ ਬਾਹਰ ਆਰ. ਐੱਸ. ਐੱਸ. ਨੇਤਾ ਰਵਿੰਦਰ ਗੋਸਾਈਂ 'ਤੇ ਗੋਲੀਆਂ ਮਾਰਨ ਦੀ ਵਾਰਦਾਤ 'ਚ ਵਰਤੇ ਗਏ ਮੋਟਰਸਾਈਕਲ ਦੇ ਮਿਲਣ ਤੋਂ ਬਾਅਦ ਪੁਲਸ ਇਸ ਵਾਰ ਕਈ ਹੋਰ ਥਿਊਰੀਆਂ 'ਤੇ ਕੰਮ ਵੀ ਕਰ ਰਹੀ ਹੈ। ਪੁਲਸ ਨੂੰ ਉਮੀਦ ਹੈ ਕਿ ਕਾਤਲਾਂ ਵਲੋਂ ਵਰਤਿਆ ਗਿਆ ਮੋਟਰਸਾਈਕਲ ਉਨ੍ਹਾਂ ਤੱਕ ਪਹੁੰਚਣ 'ਚ ਮਦਦਗਾਰ ਸਾਬਿਤ ਹੋਵੇਗਾ। ਦੂਜੇ ਪਾਸੇ ਪੁਲਸ ਸ਼ਹਿਰ ਦੇ ਪੈਟਰੋਲ ਪੰਪਾਂ ਦੀ ਫੁਟੇਜ ਕਬਜ਼ੇ 'ਚ ਲੈ ਕੇ ਉਸ 'ਤੇ ਕੰਮ ਕਰ ਰਹੀ ਹੈ।
ਮੋਟਰਸਾਈਕਲ 'ਚੋਂ ਮਿਲਿਆ ਅੱਧਾ ਲੀਟਰ ਤੇਲ
ਮੋਟਰਸਾਈਕਲ ਦੇ ਮਾਲਕ ਨੇ ਪੁਲਸ ਨੂੰ ਦੱਸਿਆ ਜਿਸ ਦਿਨ ਸ਼ਾਮ 8 ਵਜੇ ਉਸ ਦਾ ਮੋਟਰਸਾਈਕਲ ਚੋਰੀ ਹੋਇਆ ਸੀ, ਉਸੇ ਦਿਨ 2 ਲੀਟਰ ਤੇਲ ਪਵਾਇਆ ਸੀ ਅਤੇ 7 ਦਿਨਾਂ ਬਾਅਦ ਮੋਟਰਸਾਈਕਲ 'ਤੇ ਵਾਰਦਾਤ ਕਰਨ ਤੋਂ ਬਾਅਦ ਜਦ ਉਹ ਲਾਡੋਵਾਲ 'ਚ ਮੋਟਰਸਾਈਕਲ ਛੱਡ ਕੇ ਫਰਾਰ ਹੋਏ ਤਾਂ ਉਸ 'ਚ ਲਗਭਗ ਅੱਧਾ ਲੀਟਰ ਤੇਲ ਸੀ।
ਜੇਕਰ ਤੇਲ ਪਵਾਇਆ ਹੈ ਤਾਂ ਜਾਣਗੇ ਫੜੇ
ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਤਿਆਰਿਆਂ ਨੇ 7 ਦਿਨਾਂ 'ਚ ਇਕ ਵਾਰ ਵੀ ਮੋਟਰਸਾਈਕਲ 'ਚ ਤੇਲ ਪਵਾਇਆ ਜਾਂ ਫਿਰ ਚੋਰੀ ਕਰਨ ਦੇ ਬਾਅਦ ਮੋਟਰਸਾਈਕਲ ਇਕ ਜਗ੍ਹਾ 'ਤੇ ਲਿਜਾ ਕੇ ਖੜ੍ਹਾ ਕਰ ਦਿੱਤਾ। ਪੁਲਸ ਮਹਾਨਗਰ ਦੇ ਸਾਰੇ ਪੈਟਰੋਲ ਪੰਪਾਂ 'ਚ ਲੱਗੇ ਕੈਮਰਿਆਂ ਦੀ ਫੁਟੇਜ ਕਬਜ਼ੇ 'ਚ ਲੈ ਕੇ ਚੈੱਕ ਕਰ ਰਹੀ ਹੈ। ਹਰੇਕ ਥਾਣੇ ਦਾ ਇੰਚਾਰਜ ਆਪਣੇ ਇਲਾਕੇ 'ਚ ਆਉਣ ਵਾਲੇ ਕੈਮਰਿਆਂ ਦੀ ਫੁਟੇਜ ਇਕੱਠੀ ਕਰ ਕੇ ਉੱਚ ਅਧਿਕਾਰੀਆਂ ਨੂੰ ਦੇ ਰਿਹਾ ਹੈ। 
ਚਾਬੀ ਬਣਾਉਣ ਵਾਲਿਆਂ ਤੋਂ ਪੁਲਸ ਕਰ ਰਹੀ ਪੁੱਛਗਿੱਛ
ਵਾਰਦਾਤ 'ਚ ਪ੍ਰਯੋਗ ਕੀਤੇ ਗਏ ਮੋਟਰਸਾਈਕਲ ਦਾ ਲਾਕ ਤੋੜਿਆ ਨਹੀਂ ਗਿਆ ਸੀ, ਬਲਕਿ ਚਾਬੀ ਨਾਲ ਖੋਲ੍ਹਿਆ ਗਿਆ ਸੀ, ਪੁਲਸ ਵਲੋਂ ਸਾਰੇ ਡੁਪਲੀਕੇਟ ਚਾਬੀਆਂ ਬਣਾਉਣ ਵਾਲਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।


Related News