ਇਸ ਪੰਜਾਬੀ ਨੌਜਵਾਨ ਨੇ ਵਧਾਇਆ ਮਾਣ, ਕੈਨੇਡਾ ਦੀ ਕ੍ਰਿਕਟ ਟੀਮ ਵੱਲੋਂ ਖੇਡੇਗਾ ਵਰਲਡ ਕੱਪ
Wednesday, May 08, 2024 - 11:23 PM (IST)
ਲੋਹੀਆਂ/ਸੁਲਤਾਨਪੁਰ ਲੋਧੀ (ਮਨਜੀਤ, ਸੁਭਾਸ਼ ਸੱਦੀ, ਸੋਢੀ) - ਜੂਨ ਮਹੀਨੇ ਤੋਂ ਸ਼ੁਰੂ ਹੋ ਰਹੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ-2024 ਲਈ ਕੈਨੇਡਾ ਕ੍ਰਿਕਟ ਬੋਰਡ ਵੱਲੋਂ ਐਲਾਨੀ ਗਈ ਕ੍ਰਿਕਟ ਟੀਮ ’ਚ ਜਿੱਥੇ ਪੰਜਾਬ ਦੇ 5 ਨੌਜਵਾਨ ਖੇਡ ਰਹੇ ਹਨ, ਉੱਥੇ ਹੀ ਬੜੀ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ 5 ਨੌਜਵਾਨਾਂ ’ਚੋਂ ਇਕ ਨੌਜਵਾਨ ਰਵਿੰਦਰਪਾਲ ਸਿੰਘ ਪੁੱਤਰ ਬਹਾਦਰ ਸਿੰਘ ਪਿੰਡ ਦੰਦੂਪੁਰ ਤਹਿਸੀਲ ਸੁਲਤਾਨਪੁਰ ਲੋਧੀ ਦਾ ਜੰਮਪਲ ਹੈ।
ਜਾਣਕਾਰੀ ਦਿੰਦਿਆਂ ਰਵਿੰਦਰਪਾਲ ਸਿੰਘ ਦੇ ਪਿਤਾ ਬਹਾਦਰ ਸਿੰਘ, ਭਰਾ ਜਤਿੰਦਰਪਾਲ ਸਿੰਘ ਅਤੇ ਮਨਮੋਹਨ ਸਿੰਘ ਪੰਜਾਬ ਪੁਲਸ ਨੇ ਦੱਸਿਆ ਕਿ ਰਵਿੰਦਰਪਾਲ ਸਿੰਘ 8 ਸਾਲ ਪਹਿਲਾਂ ਕੈਨੇਡਾ ਗਿਆ ਸੀ, ਜਿਸ ਨੂੰ ਕ੍ਰਿਕਟ ਦਾ ਬਹੁਤ ਸ਼ੌਕ ਸੀ। ਅੱਜ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਨ੍ਹਾਂ ਦੇ ਪੁੱਤ ਨੇ ਜਿੱਥੇ ਉਨ੍ਹਾਂ ਦਾ ਨਾਂ ਰੌਸ਼ਨ ਕੀਤਾ ਹੈ ਉੱਥੇ ਹੀ ਪਿੰਡ, ਇਲਾਕੇ, ਪੰਜਾਬ ਅਤੇ ਪੂਰੇ ਦੇਸ਼ ਦਾ ਨਾਂ ਵੀ ਰੌਸ਼ਨ ਕੀਤਾ ਹੈ, ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ।
ਰਵਿੰਦਰਪਾਲ ਸਿੰਘ ਇੱਥੇ ਰਹਿੰਦੇ ਹੋਏ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕ੍ਰਿਕਟ ਟੀਮ ਲਈ ਵੀ ਬਤੌਰ ਕੈਪਟਨ ਵਜੋਂ ਖੇਡਦਾ ਰਿਹਾ ਹੈ। ਰਵਿੰਦਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਵਿੰਦਰਪਾਲ ਸਿੰਘ ਦੀ ਕੈਨੇਡਾ ਕ੍ਰਿਕਟ ਟੀਮ ’ਚ ਚੋਣ ਹੋਣ ਤੋਂ ਬਾਅਦ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਆਗੂਆਂ ਅਤੇ ਹੋਰ ਨਾਮਵਰ ਸ਼ਖਸ਼ੀਅਤਾਂ ਨੇ ਵਧਾਈਆਂ ਦਿੱਤੀਆਂ। ਇਸ ਮੌਕੇ ਜਸਵਿੰਦਰ ਕੌਰ, ਸਾਧੂ ਸਿੰਘ, ਜਤਿੰਦਰਪਾਲ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਮੌਜੂਦ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e