ਰਵਿੰਦਰ ਗੋਸਾਈਂ ਕਤਲ ਕੇਸ : ਇਸੇ ਹਫਤੇ ਲੁਧਿਆਣਾ ਆਵੇਗੀ ਐੱਨ. ਆਈ. ਏ. ਦੀ ਟੀਮ

Monday, Oct 23, 2017 - 06:45 AM (IST)

ਰਵਿੰਦਰ ਗੋਸਾਈਂ ਕਤਲ ਕੇਸ : ਇਸੇ ਹਫਤੇ ਲੁਧਿਆਣਾ ਆਵੇਗੀ ਐੱਨ. ਆਈ. ਏ. ਦੀ ਟੀਮ

ਲੁਧਿਆਣਾ (ਮਹੇਸ਼, ਰਿਸ਼ੀ) - ਪੁਲਸ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਗੋਸਾਈਂ ਕਤਲ ਕੇਸ ਦੀ ਜਾਂਚ ਕਰਨ ਲਈ ਇਸੇ ਹਫਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਦੀ ਟੀਮ ਲੁਧਿਆਣਾ ਪੁੱਜ ਜਾਵੇਗੀ।  ਇਸ ਤੋਂ ਪਹਿਲਾਂ ਅਰੋੜਾ ਗੋਸਾਈਂ ਦੇ ਘਰ ਵੀ ਗਏ ਅਤੇ ਪੀੜਤ ਪਰਿਵਾਰ ਨਾਲ ਬੰਦ ਕਮਰੇ ਵਿਚ ਮੁਲਾਕਾਤ ਕੀਤੀ ਤੇ ਘਟਨਾ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ। ਡੀ. ਜੀ. ਪੀ. ਨੇ ਕਿਹਾ ਕਿ ਕੇਸ ਵਿਚ ਅੰਤਰਰਾਸ਼ਟਰੀ ਸੰਗਠਨ ਦਾ ਹੱਥ ਸਾਹਮਣੇ ਆਉਣ ਕਾਰਨ ਜਾਂਚ ਐੱਨ. ਆਈ. ਏ. ਨੂੰ ਸੌਂਪ ਦਿੱਤੀ ਗਈ ਹੈ। ਐੱਨ. ਆਈ. ਏ. ਨੂੰ ਜਾਂਚ ਦਿੱਤੇ ਜਾਣ ਦਾ ਹਰ ਕਿਸੇ ਦਾ ਦੇਖਣ ਦਾ ਆਪਣਾ-ਆਪਣਾ ਨਜ਼ਰੀਆ ਹੈ। ਐੱਨ. ਆਈ. ਏ. ਦਾ ਅੰਤਰਰਾਸ਼ਟਰੀ ਪੱਧਰ 'ਤੇ ਵਿਦੇਸ਼ੀ ਜਾਂਚ ਏਜੰਸੀਆਂ ਨਾਲ ਚੰਗਾ ਤਾਲਮੇਲ ਹੈ, ਉਹ ਇਸ ਮਾਮਲੇ ਦੀ ਜਾਂਚ ਬਿਹਤਰ ਢੰਗ ਨਾਲ ਕਰ ਸਕਦੀ ਹੈ। ਇਸ ਕੇਸ ਨੂੰ ਜਲਦ ਸੁਲਝਾਉਣਾ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਕ ਕੇਸ ਪਹਿਲਾਂ ਹੀ ਸੀ. ਬੀ. ਆਈ. ਦੇ ਕੋਲ ਹੈ, ਜਦੋਂਕਿ 3,4 ਕੇਸਾਂ ਦੀ ਜਾਂਚ ਪੰਜਾਬ ਪੁਲਸ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਗੋਸਾਈਂ ਕਤਲ ਕੇਸ ਵਿਚ ਪੰਜਾਬ ਪੁਲਸ ਦੀ ਜਾਂਚ ਕਿੱਥੋਂ ਤੱਕ ਪੁੱਜੀ ਹੈ, ਇਹ ਜਵਾਬ ਦੇਣ ਦਾ ਸਹੀ ਸਮਾਂ ਨਹੀਂ ਹੈ, ਜਦੋਂ ਤੱਕ ਪੁਲਸ ਕੋਈ ਠੋਸ ਨਤੀਜੇ ਸਾਹਮਣੇ ਨਹੀਂ ਲਿਆਉਂਦੀ, ਕੁੱਝ ਵੀ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਗੋਸਾਈਂ ਕਤਲ ਕੇਸ, ਪਾਦਰੀ ਕਤਲ ਕੇਸ ਅਤੇ ਕੁਝ ਹੋਰ ਕੇਸਾਂ ਵਿਚ ਬਹੁਤ ਸਾਰੀਆਂ ਸਮਾਨਤਾਵਾਂ ਹਨ, ਜਿਸ ਤੋਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਇਸ ਦੇ ਪਿੱਛੇ ਇਕ ਹੀ ਗਰੁੱਪ ਹੈ, ਜੋ ਕਿ ਅੰਤਰਰਾਸ਼ਟਰੀ ਪੱਧਰ 'ਤੇ ਕੰਮ ਕਰ ਰਿਹਾ ਹੈ।
ਐੱਸ. ਆਈ. ਟੀ. ਤੋਂ ਜਾਣੀ ਸਟੇਟਸ ਰਿਪੋਰਟ-ਉਧਰ ਬੱਚਤ ਭਵਨ ਵਿਚ ਡੀ. ਜੀ. ਪੀ. ਨੇ  ਡੀ. ਜੀ. ਪੀ. ਇੰਟੈਲੀਜੈਂਸ, ਏ. ਡੀ. ਜੀ. ਪੀ. ਕਾਊਂਟਰ ਇੰਟੈਲੀਜੈਂਸ, ਸੀ. ਪੀ. ਆਰ. ਐੱਨ. ਢੋਕੇ ਅਤੇ ਹੋਰ ਕਈ ਅਫਸਰਾਂ ਨਾਲ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਸਾਰੇ ਥਾਣਿਆਂ, ਚੌਕੀ ਮੁਖੀਆਂ ਅਤੇ ਸੂਝਵਾਨ ਏ. ਐੱਸ. ਆਈ. ਰੈਂਕ ਦੇ ਮੁਲਾਜ਼ਮਾਂ ਦੇ ਨਾਲ 15 ਮਿੰਟ, ਫਿਰ ਜੀ. ਓ. ਰੈਂਕ ਦੇ ਅਧਿਕਾਰੀਆਂ ਦੇ ਨਾਲ ਲਗਭਗ 30 ਮਿੰਟ ਅਤੇ ਫਿਰ ਇਸ ਕੇਸ ਦੀ ਬਣਾਈ ਐੱਸ. ਆਈ. ਟੀ. ਦੇ ਨਾਲ ਮੀਟਿੰਗ ਕਰ ਕੇ ਸਟੇਟਸ ਰਿਪੋਰਟ ਜਾਣੀ।  


Related News