ਪ੍ਰੋਗਰਾਮਾਂ ''ਚ ਚੀਫ ਜਸਟਿਸ ਦੇ ਸ਼ਾਮਲ ਨਾ ਹੋਣ ''ਤੇ ਬਾਰ ਨੇ ਲਿਖਿਆ ਪੱਤਰ, ਤੁਹਾਡਾ ਨਾ ਆਉਣਾ ਠੀਕ ਨਹੀਂ

1/14/2020 3:04:36 PM

ਚੰਡੀਗੜ੍ਹ (ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਨੇ ਬਾਰ ਵਲੋਂ ਆਯੋਜਿਤ ਪ੍ਰੋਗਰਾਮਾਂ 'ਚ ਚੀਫ ਜਸਟਿਸ ਰਵੀ ਸ਼ੰਕਰ ਝਾਅ ਦੇ ਸ਼ਾਮਲ ਨਾ ਹੋਣ ਨੂੰ ਅਨਫੇਅਰ ਦੱਸਦੇ ਹੋਏ ਚੀਫ ਜਸਟਿਸ ਨੂੰ ਪੱਤਰ ਲਿਖਿਆ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਬਾਰ ਉਨ੍ਹਾਂ ਨੂੰ ਪਰਿਵਾਰ ਦਾ ਮੁਖੀ ਮੰਨਦੀ ਹੈ ਅਤੇ ਮੁਖੀ ਦਾ ਇਸ ਤਰ੍ਹਾਂ ਪ੍ਰੋਗਰਾਮਾਂ 'ਚ ਸ਼ਾਮਲ ਨਾ ਹੋਣਾ ਪਰਿਵਾਰ ਦਾ ਮਨੋਬਲ ਤੋੜਨ ਵਰਗਾ ਹੈ, ਜੋ ਕਿ ਠੀਕ ਨਹੀਂ ਹੈ। ਬਾਰ ਐਸੋਸੀਏਸ਼ਨ ਨੇ ਚੀਫ ਜਸਟਿਸ ਆਫ ਇੰਡੀਆ ਵਲੋਂ ਸਹੁੰ ਚੁੱਕਣ ਸਮੇਂ ਬਾਰ ਨੂੰ ਮਾਂ ਦਾ ਨਾਮ ਦੇਣ ਦੇ ਬਿਆਨ ਦਾ ਹਵਾਲਾ ਵੀ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਬਾਰ ਐਸੋਸੀਏਸ਼ਨ ਵੱਲੋਂ ਸੋਮਵਾਰ ਨੂੰ ਹਾਈਕੋਰਟ ਕੰਪਲੈਕਸ 'ਚ ਲੋਹੜੀ ਅਤੇ ਮਾਘੀ ਮੌਕੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਪਰ ਪ੍ਰੋਗਰਾਮ 'ਚ ਸੱਦੇ ਦੇ ਬਾਵਜੂਦ ਚੀਫ ਜਸਟਿਸ ਰਵੀ ਸ਼ੰਕਰ ਝਾਅ ਨਹੀਂ ਪਹੁੰਚੇ, ਜਦੋਂ ਕਿ ਕਰੀਬ 40 ਜੱਜਾਂ ਅਤੇ ਸੈਂਕੜੇ ਸੀਨੀਅਰ ਵਕੀਲ ਅਤੇ ਹੋਰ ਲੋਕ ਇਸ ਪ੍ਰੋਗਰਾਮ 'ਚ ਮੌਜੂਦ ਰਹੇ।

ਇਸ ਤੋਂ ਪਹਿਲਾਂ ਚੀਫ ਜਸਟਿਸ ਬਾਰ ਐਸੋਸੀਏਸ਼ਨ ਵੱਲੋਂ ਅਗਸਤ 2017 ਤੋਂ 9 ਜਨਵਰੀ 2020 ਵਿਚਕਾਰ ਸਵਰਗ ਸਿਧਾਰ ਚੁੱਕੇ 46 ਵਕੀਲਾਂ ਦੀ ਆਤਮਾ ਦੀ ਸ਼ਾਂਤੀ ਲਈ ਆਯੋਜਿਤ ਕੀਤੀ ਗਈ ਸੋਗ ਸਭਾ 'ਚ ਨਹੀਂ ਪਹੁੰਚੇ ਸਨ। ਇਹ ਆਯੋਜਨ 9 ਜਨਵਰੀ ਨੂੰ ਕੀਤਾ ਗਿਆ ਸੀ ਅਤੇ ਚੀਫ ਜਸਟਿਸ ਨੂੰ ਵਿਸ਼ੇਸ਼ ਰੂਪ ਤੋਂ ਸੱਦਾ ਦਿੱਤਾ ਗਿਆ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਜਨਰਲ ਨੇ 19 ਦਸੰਬਰ ਨੂੰ ਚੀਫ ਜਸਟਿਸ ਦਾ ਸ਼ੋਕਸਭਾ 'ਚ ਸ਼ਾਮਲ ਹੋਣਾ ਯਕੀਨੀ ਵੀ ਕੀਤਾ ਸੀ ਪਰ ਉਸ ਸਮੇਂ ਵੀ ਚੀਫ ਜਸਟਿਸ ਨਹੀਂ ਆਏ ਸਨ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦਿਆਲ ਪ੍ਰਤਾਪ ਸਿੰਘ ਰੰਧਾਵਾ ਅਤੇ ਮਾਨਦ ਸਕੱਤਰ ਰੋਹਿਤ ਸੂਦ ਨੇ ਕਿਹਾ ਕਿ ਚੀਫ ਜਸਟਿਸ ਦਾ ਬਾਰ ਐਸੋਸੀਏਸ਼ਨ ਦੇ ਪ੍ਰੋਗਰਾਮਾਂ 'ਚ ਨਾ ਆਉਣਾ ਬਾਰ ਅਤੇ ਬੈਂਚ ਵਿਚਕਾਰ ਸਬੰਧਾਂ 'ਚ ਖਟਾਈ ਪੈਦਾ ਕਰਨ ਵਰਗਾ ਹੈ।


Anuradha

Edited By Anuradha