ਸਭ ਤੋਂ ਵੱਡੇ ਵਿੱਤੀ ਸੰਕਟ ''ਚੋਂ ਲੰਘਣ ਤੋਂ ਬਾਅਦ ਮੁੜ ਅਸਮਾਨੀ ਚੜ੍ਹੇ ਮੀਟ ਦੇ ਰੇਟ
Monday, May 18, 2020 - 09:01 PM (IST)
ਗੁਰਦਾਸਪੁਰ (ਹਰਮਨ) : ਕੋਰੋਨਾ ਵਾਇਰਸ ਕਾਰਣ ਪੋਲਟਰੀ ਦੇ ਕਾਰੋਬਾਰ ਨੂੰ ਲੱਗੇ ਵੱਡੇ ਧੱਕੇ ਤੋਂ ਬਾਅਦ ਹੁਣ ਮੁਰਗੇ ਅਤੇ ਮੀਟ ਦੇ ਰੇਟ ਮੁੜ ਅਸਮਾਨੀ ਚੜ੍ਹ ਗਏ ਹਨ। ਸਿੱਤਮ ਦੀ ਗੱਲ ਇਹ ਹੈ ਕਿ ਰੇਟਾਂ ਵਿਚ ਹੋਏ ਵਾਧੇ ਦਾ ਬੋਝ ਲੋਕਾਂ ਦੀਆਂ ਜੇਬਾਂ 'ਤੇ ਤਾਂ ਪੈ ਰਿਹਾ ਹੈ ਪਰ ਪਿਛਲੇ 2 ਮਹੀਨਿਆਂ ਦੌਰਾਨ ਵੱਡੇ ਵਿੱਤੀ ਘਾਟੇ ਨਾਲ ਜੂਝ ਰਹੇ ਮੁਰਗੀ ਪਾਲਕ ਅਜੇ ਵੀ ਆਰਥਿਕ ਸੰਕਟ 'ਚੋਂ ਉਭਰ ਨਹੀਂ ਸਕੇ। ਇਸ ਦਾ ਸਭ ਤੋਂ ਵੱਡਾ ਕਾਰਣ ਇਹ ਮੰਨਿਆ ਜਾ ਰਿਹਾ ਹੈ ਕਿ ਮਾਰਚ ਮਹੀਨੇ ਦੌਰਾਨ ਕੋਰੋਨਾ ਦਾ ਕਾਲ ਸ਼ੁਰੂ ਹੋਣ ਤੋਂ ਬਾਅਦ ਕਰੋੜਾਂ ਰੁਪਏ ਦਾ ਘਾਟਾ ਪੈਣ ਕਾਰਣ ਜ਼ਿਆਦਾਤਰ ਮੁਰਗੀ ਪਾਲਕਾਂ ਨੇ ਨਵੇਂ ਚੂਚੇ ਪਾਉਣ ਦਾ ਕੰਮ ਬੰਦ ਕਰ ਦਿੱਤਾ ਸੀ। ਇਸ ਦੇ ਚਲਦਿਆਂ ਹੁਣ ਮੁਰਗਿਆਂ ਦੀ ਪੈਦਾਵਾਰ ਬਹੁਤ ਘੱਟ ਗਈ ਹੈ ਅਤੇ ਡਿਮਾਂਡ 'ਚ ਹੋਏ ਵਾਧੇ ਕਾਰਣ ਰੇਟ ਵਧ ਰਹੇ ਹਨ।
20 ਰੁਪਏ ਪ੍ਰਤੀ ਕਿੱਲੋ ਤੱਕ ਡਿੱਗੇ ਸਨ ਮੁਰਗੇ ਦੇ ਰੇਟ
ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਅਮਿਤ ਸੈਣੀ, ਜੋਧ ਸਿੰਘ, ਸ਼ੈਲਿੰਦਰ ਠਾਕੁਰ, ਸੁਰਿੰਦਰ ਸਿੰਘ ਸਹਿਤ ਕਈ ਮੁਰਗੀ ਪਾਲਕਾਂ ਨੇ ਦੱਸਿਆ ਕਿ ਮਾਰਚ ਮਹੀਨੇ ਕੋਰੋਨਾ ਵਾਇਰਸ ਕਾਰਣ ਫੈਲੀਆਂ ਅਫਵਾਹਾਂ ਦੇ ਮੱਦੇਨਜ਼ਰ ਪੋਲਟਰੀ ਦਾ ਕਾਰੋਬਾਰ ਹੁਣ ਤੱਕ ਦੇ ਸਭ ਤੋਂ ਵੱਡੇ ਵਿੱਤੀ ਸੰਕਟ 'ਚ ਘਿਰਿਆ ਸੀ। ਲੋਕਾਂ ਅੰਦਰ ਫੈਲੇ ਡਰ ਕਾਰਣ ਹਾਲਾਤ ਇਹ ਬਣ ਗਏ ਸਨ ਕਿ ਕਈ ਥਾਈਂ ਸਿਰਫ 20 ਰੁਪਏ ਪ੍ਰਤੀ ਕਿਲੋ ਰੇਟ 'ਤੇ ਹੀ ਮੁਰਗੇ ਵੇਚਣੇ ਪਏ ਸਨ। ਉਨ੍ਹਾਂ ਦੱਸਿਆ ਕਿ ਇਕ ਕਿੱਲੋ ਮੁਰਗਾ ਤਿਆਰ ਕਰਨ ਲਈ ਕਰੀਬ 70 ਰੁਪਏ ਖਰਚ ਆਉਂਦਾ ਹੈ ਪਰ ਰੇਟ ਘੱਟ ਹੋਣ ਕਾਰਣ ਮੁਰਗੀ ਪਾਲਕਾਂ ਨੂੰ ਵੱਡਾ ਵਿੱਤੀ ਨੁਕਸਾਨ ਸਹਿਣ ਕਰਨ ਪਿਆ। ਇਥੋਂ ਤੱਕ ਕਈ-ਕਈ ਪੋਲਟਰੀ ਮਾਲਕਾਂ ਨੇ ਮੁਰਗੇ ਨਾ ਵਿਕਣ ਕਾਰਣ ਬਾਅਦ 'ਚ ਸਾਰੇ ਮੁਰਗੇ ਮੁਫਤ ਹੀ ਵੰਡ ਦਿੱਤੇ ਸਨ ਕਿਉਂਕਿ ਉਨ੍ਹਾਂ ਨੂੰ ਸ਼ੈੱਡਾਂ ਵਿਚ ਰੱਖਣ ਨਾਲ ਉਨ੍ਹਾਂ ਦੀ ਫੀਡ ਸਮੇਤ ਹੋਰ ਕਈ ਖਰਚਿਆਂ ਦਾ ਬੋਝ ਪੈ ਰਿਹਾ ਸੀ।
2 ਮਹੀਨਿਆਂ 'ਚ ਪਿਆ ਕਰੋੜਾਂ ਰੁਪਏ ਦੇ ਘਾਟਾ
ਪੋਲਟਰੀ ਮਾਲਕਾਂ ਨੇ ਦੱਸਿਆ ਕਿ ਗੁਰਦਾਸਪੁਰ ਅਤੇ ਪਠਾਨਕੋਟ 'ਚ 2 ਦਰਜਨ ਦੇ ਕਰੀਬ ਮੁਰਗੀ ਪਾਲਕ ਅਜਿਹੇ ਹਨ ਜੋ ਇਕ ਲੱਖ ਤੋਂ 2 ਲੱਖ ਤੱਕ ਮੁਰਗਿਆਂ ਦਾ ਕਾਰੋਬਾਰ ਕਰਦੇ ਹਨ ਪਰ ਰੇਟ ਘੱਟ ਹੋਣ ਕਾਰਣ ਇਨ੍ਹਾਂ ਮੁਰਗੀ ਪਾਲਕਾਂ ਨੂੰ 2 ਮਹੀਨਿਆਂ 'ਚ ਹੀ ਕਰੀਬ ਕਰੋੜ-ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵੱਡੇ ਨੁਕਸਾਨ ਦੀ ਭਰਪਾਈ ਕਰਨੀ ਹਰ ਕਿਸੇ ਲਈ ਸੰਭਵ ਨਹੀਂ ਹੈ। ਇਸ ਲਈ ਪੋਲਟਰੀ ਮਾਲਕਾਂ ਨੇ ਹੋਰ ਨੁਕਸਾਨ ਨੂੰ ਰੋਕਣ ਲਈ ਪਿਛਲੇ ਮਹੀਨੇ ਨਵੇਂ ਚੂਚੇ ਨਹੀਂ ਪਾਏ। ਇਸ ਦੇ ਨਤੀਜੇ ਵਜੋਂ ਹੁਣ ਜਦੋਂ ਜ਼ਿੰਦਗੀ ਆਮ ਵਾਂਗ ਹੋਣੀ ਸ਼ੁਰੂ ਹੋ ਗਈ ਹੈ ਤਾਂ ਪੋਲਟਰੀ ਫਾਰਮ ਖਾਲੀ ਪਏ ਹਨ ਅਤੇ ਮੀਟ ਦੀ ਮੰਗ ਵੱਧ ਹੋ ਜਾਣ ਕਾਰਣ ਮੁਰਗੇ ਦਾ ਰੇਟ 110 ਰੁਪਏ ਤੱਕ ਪਹੁੰਚ ਗਿਆ ਹੈ ਜਦੋਂ ਕਿ ਮੀਟ ਦਾ ਰੇਟ 200 ਰੁਪਏ ਪ੍ਰਤੀ ਕਿਲੋ ਦੇ ਕਰੀਬ ਹੈ।
ਜੰਮੂ ਕਸ਼ਮੀਰ ਨੂੰ ਵੀ ਸ਼ੁਰੂ ਹੋਈ ਸਪਲਾਈ
ਉਨ੍ਹਾਂ ਦੱਸਿਆ ਕਿ ਭਾਵੇਂ ਪੋਲਟਰੀ ਨਾਲ ਕਰੋਨਾ ਵਾਇਰਸ ਦਾ ਕੋਈ ਸਬੰਧ ਨਹੀਂ ਸੀ ਪਰ ਫਿਰ ਵੀ ਅਫਵਾਹਾਂ ਕਾਰਣ ਸਥਿਤੀ ਇਹ ਬਣ ਗਈ ਸੀ ਕਿ ਪੰਜਾਬ ਦੇ ਨਾਲ-ਨਾਲ ਜੰਮੂ ਕਸ਼ਮੀਰ ਵਿਚ ਵੀ ਮੁਰਗਿਆਂ ਦੀ ਸਪਲਾਈ ਬੰਦ ਹੋ ਗਈ ਸੀ ਪਰ 15 ਅਪ੍ਰੈਲ ਤੋਂ ਮੁੜ ਸ਼ੁਰੂ ਹੋਈ ਸਪਲਾਈ ਕਾਰਣ ਮੰਗ ਵਿਚ ਵੀ ਵਾਧਾ ਹੋਇਆ ਹੈ, ਜਿਸ ਕਾਰਣ ਮੁਰਗੇ ਦੇ ਰੇਟ ਵਧਣੇ ਸ਼ੁਭਾਵਿਕ ਹਨ।