ਹਵਸ ਦੀ ਭੁੱਖ ''ਚ ਦਰਿੰਦੇ ਨੇ ਢਾਈ ਸਾਲਾ ਬੱਚੀ ਨਾਲ ਕੀਤੀ ਹੈਵਾਨੀਅਤ, ਭੱਜਦੇ ਹੋਏ ਨੂੰ ਲੋਕਾਂ ਨੇ ਕੀਤਾ ਕਾਬੂ

Monday, Apr 25, 2022 - 08:47 AM (IST)

ਲੁਧਿਆਣਾ (ਜ.ਬ.) : ਹਵਸ ਦੀ ਅੱਗ ’ਚ ਅੰਨ੍ਹੇ ਹੋਏ ਇਕ ਦਰਿੰਦੇ ਵੱਲੋਂ 6 ਸਾਲ ਦੀ ਵੱਡੀ ਭੈਣ ਨੂੰ ਬਿਸਕੁੱਟ ਲਿਆਉਣ ਲਈ ਭੇਜ ਦਿੱਤਾ ਗਿਆ। ਇਸ ਮਗਰੋਂ ਦਰਿੰਦੇ ਨੇ ਉਸ ਦੀ ਢਾਈ ਸਾਲ ਦੀ ਮਾਸੂਮ ਭੈਣ ਨਾਲ ਜਬਰ-ਜ਼ਿਨਾਹ ਕੀਤਾ। ਇਸ ਬਾਰੇ ਪਤਾ ਲੱਗਣ ’ਤੇ ਮੌਕੇ ਤੋਂ ਭੱਜ ਰਹੇ ਦਰਿੰਦੇ ਨੂੰ ਸਥਾਨਕ ਲੋਕਾਂ ਨੇ ਕਾਬੂ ਕਰ ਕੇ ਥਾਣਾ ਸਾਹਨੇਵਾਲ ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਥਾਣਾ ਪੁਲਸ ਨੇ ਉਕਤ ਦਰਿੰਦੇ ਖ਼ਿਲਾਫ਼ ਪੋਕਸੋ ਐਕਟ ਅਤੇ ਜਬਰ-ਜ਼ਿਨਾਹ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਕੀਤੀ ਹੈ। ਚੌਂਕੀ ਕੰਗਣਵਾਲ ਅਧੀਨ ਆਉਂਦੇ ਇਲਾਕੇ ’ਚ ਰਹਿਣ ਵਾਲੀ ਮਾਸੂਮ ਬੱਚੀ ਦੀ ਮਾਂ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਦੱਸਿਆ 23 ਅਪ੍ਰੈਲ ਦੀ ਦੁਪਹਿਰ ਉਹ ਆਪਣੀਆਂ 6 ਸਾਲ, ਢਾਈ ਸਾਲ ਦੀਆਂ ਧੀਆਂ ਅਤੇ 9 ਮਹੀਨੇ ਦੇ ਪੁੱਤਰ ਸਮੇਤ ਕਮਰੇ ’ਚ ਪਈ ਹੋਈ ਸੀ।

ਇਹ ਵੀ ਪੜ੍ਹੋ : ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਇਕ ਹੋਰ ਅਹਿਮ ਐਲਾਨ, ਸੂਬੇ ਦੇ ਟਰਾਂਸਪੋਰਟਰਾਂ ਨੂੰ ਦਿੱਤੀ ਵੱਡੀ ਰਾਹਤ

ਇਸ ਦੌਰਾਨ ਉਸ ਨੇ ਆਪਣੀਆਂ ਦੋਵੇਂ ਧੀਆਂ ਨੂੰ ਛੱਤ ’ਤੇ ਸੁਕਾਉਣ ਲਈ ਪਾਏ ਹੋਏ ਕੱਪੜੇ ਉਤਾਰਨ ਲਈ ਭੇਜ ਦਿੱਤਾ। ਕੁੱਝ ਸਮੇਂ ਬਾਅਦ ਉਸ ਦੀ ਵੱਡੀ 6 ਸਾਲ ਦੀ ਧੀ ਹੇਠਾਂ ਉੱਤਰ ਰਹੀ ਸੀ ਤਾਂ ਮਾਂ ਨੇ ਉਸ ਨੂੰ ਛੋਟੀ ਧੀ ਬਾਰੇ ਪੁੱਛਿਆ, ਜਿਸ ਨੇ ਕਿਹਾ ਕਿ ਛੋਟੀ ਧੀ ਅੰਕਲ ਕੋਲ ਹੈ ਅਤੇ ਅੰਕਲ ਨੇ ਉਸ ਨੂੰ ਬਿਸਕੁੱਟ ਲਿਆਉਣ ਲਈ ਭੇਜਿਆ ਹੈ। ਸ਼ੱਕ ਪੈਣ ’ਤੇ ਜਦੋਂ ਮਾਂ ਨੇ ਛੱਤ ’ਤੇ ਜਾ ਕੇ ਦੇਖਿਆ ਤਾਂ ਛੱਤ ’ਤੇ ਬਣੇ ਹੋਏ ਬਾਥਰੂਮ ’ਚੋਂ ਬੱਚੀ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਮਾਂ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਉਕਤ ਵਿਹੜੇ ’ਚ ਹੀ ਰਹਿਣ ਵਾਲਾ ਦਰਿੰਦਾ ਅਜੀਤ ਕੁਮਾਰ ਪੁੱਤਰ ਸੁਰਿੰਦਰ ਰਾਮ ਬੱਚੀ ਨਾਲ ਜ਼ਬਰਦਸਤੀ ਕਰ ਰਿਹਾ ਸੀ ਅਤੇ ਫਰਸ਼ ’ਤੇ ਖੂਨ ਹੀ ਖੂਨ ਸੀ।

ਇਹ ਵੀ ਪੜ੍ਹੋ : ਪੰਜਾਬ ਨੂੰ ਮਿਲਿਆ ਪਹਿਲਾ 'ਡਰੋਨ ਸਿਖਲਾਈ ਹੱਬ', CM ਭਗਵੰਤ ਮਾਨ ਨੇ ਕੀਤਾ ਉਦਘਾਟਨ

ਮਾਂ ਨੂੰ ਦੇਖ ਕੇ ਦਰਿੰਦਾ ਅਜੀਤ ਉੱਥੋਂ ਭੱਜ ਨਿਕਲਿਆ ਤਾਂ ਮਾਂ ਵੱਲੋਂ ਰੌਲਾ ਪਾਉਣ ’ਤੇ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਥਾਣਾ ਮੁਖੀ ਪਵਨ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਸੋਮਵਾਰ ਨੂੰ ਮੁਲਜ਼ਮ ਅਜੀਤ ਕੁਮਾਰ ਦਾ ਮੈਡੀਕਲ ਅਤੇ ਡੀ. ਐੱਨ. ਏ. ਟੈਸਟ ਕਰਵਾਉਣ ਤੋਂ ਬਾਅਦ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲਸ ਵੱਲੋਂ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News