ਨੂੰਹ ਨੂੰ ਨਸ਼ੀਲਾ ਦੁੱਧ ਪਿਲਾ ਕੇ ਕੀਤਾ ਜਬਰ-ਜ਼ਨਾਹ

Sunday, Sep 17, 2017 - 07:51 AM (IST)

ਰਾਜਪੁਰਾ  -  (ਮਸਤਾਨਾ) - ਸਥਾਨਕ ਇਕ ਵਿਅਕਤੀ ਨੇ ਆਪਣੇ ਗੋਦ ਲਏ ਲੜਕੇ ਦੀ ਪਤਨੀ ਨੂੰ ਆਪਣੀ ਭੈਣ ਦੀ ਮਿਲੀਭੁਗਤ ਨਾਲ ਦੁੱਧ 'ਚ ਕੋਈ ਨਸ਼ੀਲੀ ਚੀਜ਼ ਪਿਲਾ ਬੇਹੋਸ਼ ਕਰ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਥਾਣਾ ਸਿਟੀ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਉਕਤ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।  ਜਾਣਕਾਰੀ ਅਨੁਸਾਰ ਪਿੰਡ ਮਦਨਪੁਰ ਵਾਸੀ 22 ਸਾਲਾ ਵਿਆਹੁਤਾ ਜਿਸ ਦਾ ਪਤੀ ਵਿਦੇਸ਼ 'ਚ ਰਹਿ ਰਿਹਾ ਹੈ, ਨੇ ਥਾਣਾ ਸਿਟੀ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਪਤੀ ਨੂੰ ਚਾਚੇ-ਸਹੁਰੇ ਨੇ ਗੋਦ ਲਿਆ ਹੋਇਆ ਹੈ ਤੇ ਉਹ ਅੱਜਕਲ ਉਨ੍ਹਾਂ ਦੇ ਘਰ ਵਿਚ ਰਹਿ ਰਹੀ ਹੈ। ਉਨ੍ਹਾਂ ਦੇ ਨਾਲ ਹੀ ਮੇਰੀ ਭੂਆ-ਸੱਸ ਬੰਸੋ ਵੀ ਰਹਿ ਰਹੀ ਹੈ।
ਬੀਤੇ ਦਿਨ ਬੰਸੋ ਨੇ ਮੈਨੂੰ ਧੋਖੇ ਨਾਲ ਦੁੱਧ ਵਿਚ ਕੋਈ ਨਸ਼ੀਲੀ ਚੀਜ਼ ਮਿਲਾ ਕੇ ਪਿਲਾ ਦਿੱਤੀ, ਜਿਸ ਕਾਰਨ ਮੈਂ ਬੇਹੋਸ਼ ਹੋ ਗਈ। ਬੇਹੋਸ਼ੀ ਦੀ ਹਾਲਤ ਵਿਚ ਉਸ ਦੇ ਚਾਚਾ-ਸਹੁਰਾ ਗੁਲਜ਼ਾਰ ਸਿੰਘ ਨੇ ਉਸ ਨਾਲ ਜਬਰ-ਜ਼ਨਾਹ ਕੀਤਾ।  ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਉਸ ਦੇ ਚਾਚਾ-ਸਹੁਰਾ ਗੁਲਜ਼ਾਰ ਸਿੰਘ ਤੇ ਭੂਆ-ਸੱਸ ਬੰਸੋ ਖਿਲਾਫ ਧਾਰਾ 376, 328, 120-ਬੀ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਦੋਂ ਥਾਣਾ ਮੁਖੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ਅਨੁਸਾਰ ਦੋਸ਼ੀ ਅਤੇ ਦੋਸ਼ਣ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਦੋਵਾਂ ਨੂੰ ਕਾਬੂ ਕਰ ਲਿਆ ਜਾਵੇਗਾ।


Related News