ਨਾਬਾਲਗ ਧੀ ਦੀ ਇੱਜ਼ਤ ''ਤੇ ਆਣ ਪਈ ਤਾਂ ਛਲਕਿਆ ਜਬਰ-ਜ਼ਿਨਾਹ ਪੀੜਤਾ ਦਾ ਦਰਦ, ਟੁੱਟਿਆ ਸਬਰ ਦਾ ਬੰਨ੍ਹ
Tuesday, Nov 23, 2021 - 11:02 AM (IST)
ਲੁਧਿਆਣਾ (ਖੁਰਾਣਾ) : ਥਾਣਾ ਮੋਤੀ ਨਗਰ ਦੇ ਸ਼ੇਰਪੁਰ ਇਲਾਕੇ ਵਿਚ ਮੈਡੀਕਲ ਸਟੋਰ ਦੇ ਸੰਚਾਲਕ ਦੀ ਕਥਿਤ ਧੱਕੇਸ਼ਾਹੀ ਦਾ ਸ਼ਿਕਾਰ ਹੋਈ ਜਬਰ-ਜ਼ਿਨਾਹ ਪੀੜਤਾ ਪਰਵਾਸੀ ਜਨਾਨੀ ਦਾ ਦਰਦ ਇਕ ਵਾਰ ਫਿਰ ਤੋਂ ਛਲਕ ਉੱਠਿਆ ਹੈ। ਪੀੜਤ ਜਨਾਨੀ ਨੇ ਦੋਸ਼ ਲਾਇਆ ਹੈ ਕਿ ਜਦੋਂ ਕਥਿਤ ਮੁਲਜ਼ਮ ਨੇ ਉਸ ਦੀ 12 ਸਾਲ ਦੀ ਨਾਬਾਲਗ ਧੀ ਦੀ ਇੱਜ਼ਤ ਨਾਲ ਖੇਡਣ ਦੀ ਸਾਜ਼ਿਸ਼ ਰਚੀ ਤਾਂ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਸ ਨੇ ਮੁਲਜ਼ਮ ਨੂੰ ਸਬਕ ਸਿਖਾਉਣ ਦੀ ਨੀਅਤ ਨਾਲ ਕਾਨੂੰਨ ਦਾ ਦਰਵਾਜ਼ਾ ਖੜਕਾਉਣ ਦੀ ਧਾਰ ਲਈ। ਪੀੜਤਾ ਨੇ ਦੱਸਿਆ ਕਿ ਉਸ ਨੇ ਮੁਲਜ਼ਮ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਕਰਨ ਲਈ ਕਿਸੇ ਤਰ੍ਹਾਂ ਨਾਲ ਹੌਂਸਲਾ ਬਣਾਇਆ ਪਰ ਇੱਥੇ ਵੀ ਸ਼ਿਕਾਇਤ ਕਰਨ ਤੋਂ ਬਾਅਦ ਉਸ ਨੂੰ ਥਾਣਾ ਮੋਤੀ ਨਗਰ ਵਿਚ 3 ਦਿਨਾਂ ਤੱਕ ਕਈ ਚੱਕਰ ਕੱਟਣੇ ਪਏ ਪਰ ਨਤੀਜਾ ਜ਼ੀਰੋ ਰਿਹਾ।
ਇਹ ਵੀ ਪੜ੍ਹੋ : ਇੱਕੋ ਗੱਡੀ ’ਚ ਸਵਾਰ ਹੋ ਕੇ ਚੰਨੀ-ਸਿੱਧੂ ਪਹੁੰਚੇ ਦਿੱਲੀ ਦਰਬਾਰ
ਪੁਲਸ ਨੇ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਜਗ੍ਹਾ ਉਲਟਾ ਉਸ ’ਤੇ ਹੀ ਕਈ ਤਰ੍ਹਾਂ ਦੇ ਸਵਾਲ ਦਾਗਦੇ ਹੋਏ ਮੁਲਜ਼ਮ ਨਾਲ ਸਮਝੌਤਾ ਕਰਨ ਲਈ ਦਬਾਅ ਬਣਾਇਆ। ਅਖ਼ੀਰ ਮਾਮਲਾ ਮੀਡੀਆ ਵਿਚ ਸੁਰਖੀਆ ਬਣਨ ਤੋਂ ਬਾਅਦ ਜਲਦਬਾਜ਼ੀ ਵਿਚ ਪੁਲਸ ਵੱਲੋਂ ਮੁਲਜ਼ਮ ਖ਼ਿਲਾਫ਼਼ ਮਾਮਲਾ ਤਾਂ ਦਰਜ ਕਰ ਲਿਆ ਗਿਆ ਪਰ ਇੱਥੇ ਵੀ 72 ਘੰਟੇ ਬੀਤ ਜਾਣ ਤੋਂ ਬਾਅਦ ਪੁਲਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ਵਿਚ ਨਾ-ਕਾਮਯਾਬ ਸਾਬਿਤ ਹੋਈ ਹੈ। ਪੀੜਤਾ ਨੇ ਦੋਸ਼ ਲਗਾਏ ਹਨ ਕਿ ਉਸ ਦੀ ਸ਼ਿਕਾਇਤ ਤੋਂ ਬਾਅਦ ਵੀ ਮੁਲਜ਼ਮ ਲਗਾਤਾਰ ਥਾਣਾ ਮੋਤੀ ਨਗਰ ਦੇ ਚੱਕਰ ਲਗਾਉਂਦਾ ਰਿਹਾ ਪਰ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰਨਾ ਤਾਂ ਦੂਰ, ਉਸ ਤੋਂ ਪੁੱਛਗਿੱਛ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ।
ਉਸ ਨੇ ਪੰਜਾਬ ਸਰਕਾਰ ਸਮੇਤ ਮਹਿਲਾ ਕਮਿਸ਼ਨ ਅਤੇ ਚੇਅਰਪਰਸਨ ਪੰਜਾਬ ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਤੋਂ ਇਨਸਾਫ਼ ਦੀ ਗੁਹਾਰ ਲਾਉਂਦੇ ਹੋਏ ਮੁਲਜ਼ਮ ਦੀ ਗ੍ਰਿਫ਼ਤਾਰੀ ਅਤੇ ਇਨਸਾਫ਼ ਲਈ ਮੰਗ ਕੀਤੀ ਹੈ। ਉੱਥੇ ਇਸ ਮਾਮਲੇ ’ਚ ਵਾਲਮੀਕਿ ਸਮਾਜ ਦੇ ਨੇਤਾ ਨਿੱਕੂ ਭਾਰਤੀ ਔਰਤ ਦੇ ਸਮਰਥਨ ਵਿਚ ਉਤਰਦੇ ਹੋਏ ਕਿਹਾ ਕਿ ਜਨਾਨੀ ਨੂੰ ਇਨਸਾਫ਼ ਦਿਵਾਉਣ ਲਈ ਆਪਣੇ ਖ਼ਰਚ ’ਤੇ ਕਾਨੂੰਨੀ ਲੜਾਈ ਲੜਨਗੇ। ਉਧਰ ਥਾਣਾ ਮੋਤੀ ਨਗਰ ਦੇ ਐੱਸ. ਐੱਚ. ਓ. ਵਿਜੇ ਕੁਮਾਰ ਨੇ ਕਿਹਾ ਕਿ ਪੀੜਤ ਜਨਾਨੀ ਦਾ ਉਨ੍ਹਾਂ ਦੀ ਟੀਮ ਵੱਲੋਂ ਮੈਡੀਕਲ ਕਰਵਾਇਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : CM ਚੰਨੀ ਦੇ ਐਲਾਨ ਮਗਰੋਂ ਵੀ ਸਸਤੀ ਨਹੀਂ ਹੋਈ 'ਬਿਜਲੀ', ਪੁਰਾਣੀਆਂ ਦਰਾਂ 'ਤੇ ਆ ਰਹੇ ਬਿੱਲ
ਉਨ੍ਹਾਂ ਨੇ ਪੀੜਤਾ ਵੱਲੋਂ ਪੁਲਸ ਮੁਲਾਜ਼ਮ ਅਤੇ ਜਾਂਚ ਅਧਿਕਾਰੀ ਸੁਲੱਖਣ ਸਿੰਘ ਖ਼ਿਲਾਫ਼ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਪੁਲਸ ਪੂਰੀ ਈਮਾਨਦਾਰੀ ਨਾਲ ਆਪਣਾ ਕੰਮ ਕਰ ਰਹੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਕੇ ਉਸ ਦੇ ਗੁਨਾਹ ਦੀ ਸਜ਼ਾ ਦਿੱਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ