ਮਹਿਲਾ ਨਾਲ ਸਮੂਹਿਕ ਜਬਰ-ਜ਼ਨਾਹ ਦਾ ਮਾਮਲਾ : ਘਟਨਾ ਦੇ ਕਰੀਬ 1 ਸਾਲ ਬਾਅਦ ਕੀਤੀ ਸ਼ਿਕਾਇਤ

09/14/2017 9:08:07 AM

ਲੁਧਿਆਣਾ (ਮਹੇਸ਼)-5 ਬੱਚਿਆਂ ਦੀ 35 ਸਾਲਾ ਮਹਿਲਾ ਨਾਲ ਸਮੂਹਿਕ ਜਬਰ-ਜ਼ਨਾਹ ਕੀਤੇ ਜਾਣ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਪੀੜਤ ਨੇ ਘਟਨਾ ਤੋਂ ਕਰੀਬ ਇਕ ਸਾਲ ਬਾਅਦ ਪੁਲਸ ਕੋਲ ਇਸ ਦੀ ਸ਼ਿਕਾਇਤ ਕੀਤੀ, ਜਿਸ ਵਿਚ ਉਸ ਦੀ ਬਰਾਦਰੀ ਦੇ 4 ਲੋਕਾਂ ਵਿਰੁੱਧ ਉਸ ਨੂੰ ਇਕ ਫਾਰਮ ਹਾਊਸ ਵਿਚ ਲਿਜਾ ਕੇ ਸਮੂਹਿਕ ਜਬਰ-ਜ਼ਨਾਹ ਕਰਨ ਦਾ ਦੋਸ਼ ਹੈ। ਇਸ ਸਬੰਧ ਵਿਚ ਪੁਲਸ ਕਮਿਸ਼ਨਰ ਦੇ ਆਦੇਸ਼ 'ਤੇ ਮੰਗਲਵਾਰ ਨੂੰ ਕੇਸ ਦਰਜ ਕੀਤਾ ਹੈ, ਜਦ ਕਿ ਪੁਲਸ ਮਾਮਲੇ ਨੂੰ ਸ਼ੱਕੀ ਦੱਸ ਰਹੀ ਹੈ। ਰੋਜ਼ ਗਾਰਡਨ ਨੇੜੇ ਰਹਿਣ ਵਾਲੀ ਪੀੜਤ ਨੇ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਕਿਹਾ ਹੈ ਕਿ ਉਹ 5 ਬੱਚਿਆਂ ਦੀ ਮਾਂ ਅਤੇ ਘਰੇਲੂ ਔਰਤ ਹੈ। ਉਸ ਦੇ ਪਤੀ ਦੀ ਰਾਮ ਕਿੱਕਰ ਚੌਹਾਨ ਤੇ ਸੰਜੇ ਕੁਮਾਰ ਨਾਲ ਦੋਸਤੀ ਸੀ, ਜੋ ਕਿ ਅਕਸਰ ਉਸ ਦੇ ਘਰ ਆਉਂਦੇ ਜਾਂਦੇ ਸਨ। 7 ਅਗਸਤ 2015 ਨੂੰ ਜਦੋਂ ਉਸ ਦੀ ਤਬੀਅਤ ਖਰਾਬ ਸੀ, ਬੱਚੇ ਸਕੂਲ ਗਏ ਹੋਏ ਸਨ ਅਤੇ ਪਤੀ ਕੰਮ 'ਤੇ ਸੀ। ਕਰੀਬ 11 ਵਜੇ ਸੰਜੇ ਉਸ ਦੇ ਘਰ ਆਇਆ, ਜਿਸ ਨੇ ਉਸ ਨੂੰ ਡਾਕਟਰ ਤੋਂ ਦਵਾਈ ਦਿਵਾਉਣ ਦੀ ਗੱਲ ਕੀਤੀ। ਉਸ 'ਤੇ ਵਿਸ਼ਵਾਸ ਕਰ ਕੇ ਉਹ ਉਸ ਨਾਲ ਜਾਣ ਲਈ ਤਿਆਰ ਹੋ ਗਈ।
ਉਸ ਦਾ ਦੋਸ਼ ਹੈ ਕਿ ਸੰਜੇ ਦੀ ਨੀਅਤ ਖਰਾਬ ਸੀ। ਉਹ ਉਸ ਨੂੰ ਡਾਕਟਰ ਕੋਲ ਲਿਜਾਣ ਦੇ ਬਹਾਨੇ ਹੈਬੋਵਾਲ ਪਾਸੀ ਦੇ ਫਾਰਮ ਹਾਊਸ ਵਿਚ ਲੈ ਗਿਆ, ਜਿੱਥੇ ਰਾਮ ਕਿੱਕਰ ਚੌਹਾਨ ਤੋਂ ਇਲਾਵਾ ਅਮੋਦ ਕੁਮਾਰ ਤੇ ਪ੍ਰਭੂ ਯਾਦਵ ਪਹਿਲਾਂ ਹੀ ਮੌਜੂਦ ਸਨ। ਪ੍ਰਭੂ ਯਾਦਵ ਜੋ ਕਿ ਠੇਕੇਦਾਰ ਸੀ। ਉਹ ਉਸ ਫਾਰਮ ਹਾਊਸ ਵਿਚ ਕੰਮ ਕਰ ਰਿਹਾ ਸੀ। ਸੰਜੇ ਨੇ ਉਸ ਨੂੰ ਕਿਹਾ ਕਿ ਉਸ ਨੂੰ ਇਥੇ ਬਹੁਤ ਜ਼ਰੂਰੀ ਕੰਮ ਹੈ। ਕੰਮ ਨਿਪਟਾਉਣ ਤੋਂ ਬਾਅਦ ਉਹ ਉਸ ਨੂੰ ਡਾਕਟਰ ਕੋਲ ਲੈ ਕੇ ਜਾਵੇਗਾ। ਇਸ ਤੋਂ ਬਾਅਦ ਸੰਜੇ ਨੇ ਉਸ ਨੂੰ ਫਾਰਮ ਦੇ ਇਕ ਕਮਰੇ ਵਿਚ ਬਿਠਾ ਦਿੱਤਾ।
ਪੀੜਤ ਦਾ ਦੋਸ਼ ਹੈ ਕਿ ਕੁਝ ਸਮੇਂ ਬਾਅਦ ਰਾਮ ਕਿੱਕਰ ਚੌਹਾਨ ਤੇ ਅਮੋਦ ਉਥੇ ਆ ਗਏ। ਉਨ੍ਹਾਂ ਨੇ ਕਥਿਤ ਤੌਰ 'ਤੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਚੌਹਾਨ ਨੇ ਉਸ ਨੂੰ ਧਮਕਾਇਆ ਕਿ ਜੇਕਰ ਉਸ ਨੇ ਉਨ੍ਹਾਂ ਦੀ ਇੱਛਾ ਪੂਰੀ ਨਾ ਕੀਤੀ ਤਾਂ ਉਹ ਉਸ ਨੂੰ ਸਮਾਜ ਵਿਚ ਬਦਨਾਮ ਕਰ ਦੇਣਗੇ। ਚੌਹਾਨ ਖੁਦ ਨੂੰ ਆਪਣੇ ਇਲਾਕੇ ਦਾ ਬਹੁਤ ਵੱਡਾ ਨੇਤਾ ਦੱਸ ਰਿਹਾ ਸੀ। ਉਸ ਨੂੰ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।
ਜਿਸ ਤੋਂ ਬਾਅਦ ਚੌਹਾਨ, ਸੰਜੇ ਤੇ ਅਮੋਦ ਨੇ ਉਸ ਨਾਲ ਕਥਿਤ ਤੌਰ ਤੇ ਸਮੂਹਿਕ ਜਬਰ-ਜ਼ਨਾਹ ਕੀਤਾ। ਮੋਬਾਇਲ 'ਤੇ ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ ਗਈ। ਦੋਸ਼ੀਆਂ ਦੇ ਤਾਕਤਵਰ ਅਤੇ ਸਮਾਜ ਵਿਚ ਬਦਨਾਮੀ ਦੇ ਡਰੋਂ ਉਸ ਨੇ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ।
ਇਸ ਤੋਂ ਬਾਅਦ ਦੋਸ਼ੀਆਂ ਨੇ ਦੁਬਾਰਾ ਸਬੰਧ ਬਣਾਉਣ ਲਈ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਫਿਰ ਉਸ ਨੂੰ ਧਮਕਾਇਆ ਗਿਆ ਕਿ ਜੇਕਰ ਉਸ ਨੇ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਉਹ ਉਸ ਨੂੰ ਉਸਦੇ ਪਰਿਵਾਰ ਨੂੰ ਕਿਸੇ ਝੂਠੇ ਮਾਮਲੇ ਵਿਚ ਫਸਾ ਦੇਣਗੇ। ਦੋਸ਼ੀਆਂ ਦੀਆਂ ਹਰਕਤਾਂ ਤੋਂ ਤੰਗ ਆ ਕੇ ਉਸ ਨੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ, ਜਿਸ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਪੁਲਸ ਸਾਹਮਣੇ ਪੇਸ਼ ਹੋ ਕੇ 23 ਸਤੰਬਰ 2016 ਨੂੰ ਇਸਦੀ ਸ਼ਿਕਾਇਤ ਦਿੱਤੀ। ਦੱਸਿਆ ਜਾਂਦਾ ਹੈ ਕਿ ਇਸ ਦੇ ਬਾਅਦ ਪੀੜਤਾ ਨੇ ਕੇਸ ਦਰਜ ਕਰਵਾਉਣ ਲਈ ਕਈ ਵਾਰ ਸ਼ਿਕਾਇਤ ਦਿੱਤੀ, ਜਿਨ੍ਹਾਂ 'ਚੋਂ ਇਕ ਸ਼ਿਕਾਇਤ ਦੀ ਜਾਂਚ ਦਾ ਜ਼ਿੰਮਾ ਵੂਮੈਨ ਸੈੱਲ ਨੂੰ ਦਿੱਤਾ ਗਿਆ, ਜਿਸ ਨੇ ਜਾਂਚ ਦੇ ਬਾਅਦ ਮਾਮਲੇ ਨੂੰ ਸ਼ੱਕੀ ਦੱਸਦੇ ਹੋਏ ਰਿਪੋਰਟ ਦਿੱਤੀ ਕਿ ਖੁਫੀਆ ਅਤੇ ਪਬਲਿਕ ਤੌਰ 'ਤੇ ਕੀਤੀ ਗਈ ਤਫਤੀਸ਼ 'ਚ ਇਹ ਗੱਲ ਸਾਹਮਣੇ ਆਈ ਕਿ ਰਾਮ ਕਿੱਕਰ, ਅਮੋਦ, ਸੰਜੇ ਤੇ ਪ੍ਰਭੂ ਕਰੀਬ ਇਕ ਦਹਾਕਾ ਪਹਿਲਾਂ ਪੀੜਤਾ ਦੇ ਪਤੀ ਕੋਲ ਕੰਮ ਕਰਦੇ ਸਨ ਅਤੇ ਮਜ਼ਦੂਰਾਂ ਦੇ ਇਕ ਸੰਘ ਦੇ ਮੈਂਬਰ ਸਨ। ਇਸ ਦੌਰਾਨ ਇਨ੍ਹਾਂ ਦਾ ਪਾਰਟੀ ਫੰਡ ਨੂੰ ਲੈ ਕੇ ਸੰਘ ਦੇ ਪ੍ਰਧਾਨ ਨਾਲ ਵਿਵਾਦ ਹੋ ਗਿਆ। ਇਨ੍ਹਾਂ ਨੇ ਉਸ ਦੇ ਖਿਲਾਫ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਜਿਸ 'ਤੇ ਪ੍ਰਧਾਨ ਨੇ ਇਨ੍ਹਾਂ ਨੂੰ ਯੂਨੀਅਨ ਤੋਂ ਕੱਢ ਦਿੱਤਾ ਅਤੇ ਇਨ੍ਹਾਂ ਨਾਲ ਕਥਿਤ ਤੌਰ 'ਤੇ ਖਹਿਬਾਜ਼ੀ ਰੱਖਣ ਲੱਗੀ। ਪ੍ਰਧਾਨ ਨੇ ਪੀੜਤਾ ਨੂੰ ਇਨ੍ਹਾਂ ਦੇ ਖਿਲਾਫ ਕਥਿਤ ਉਕਸਾਇਆ ਅਤੇ ਉਸਨੇ ਇਨ੍ਹਾਂ ਖਿਲਾਫ ਦਰਖਾਸਤਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੀੜਤਾ ਨੇ ਘਟਨਾ ਸਥਾਨ ਨੂੰ ਲੈ ਕੇ ਪੁਲਸ ਸਾਹਮਣੇ ਕਈ ਵਾਰ ਆਪਣੇ ਬਿਆਨ ਬਦਲੇ। ਨਾ ਹੀ ਉਹ ਕੋਈ ਅਜਿਹਾ ਸਬੂਤ ਪੇਸ਼ ਕਰ ਸਕੀ, ਜਿਸ ਨਾਲ ਸਾਬਤ ਹੁੰਦਾ ਹੋਵੇ ਕਿ ਉਸ ਨਾਲ ਦੋਸ਼ੀਆਂ ਨੇ ਜਬਰ-ਜ਼ਨਾਹ ਕੀਤਾ ਹੈ। ਉਹ ਉਸ ਸਮੇਂ ਪੁਲਸ ਸਟੇਸ਼ਨ ਜਾਂ ਅਧਿਕਾਰੀਆਂ ਸਾਹਮਣੇ ਪੇਸ਼ ਹੋ ਕੇ ਸ਼ਿਕਾਇਤ ਕਰ ਸਕਦੀ ਸੀ ਪਰ ਉਸ ਨੇ ਘਟਨਾ ਦੇ 1 ਸਾਲ 2 ਮਹੀਨੇ ਬਾਅਦ ਇਸਦੀ ਸ਼ਿਕਾਇਤ ਕੀਤੀ, ਜਿਸ ਵਿਚ ਅਧਿਕਾਰੀਆਂ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਮਾਮਲੇ ਵਿਚ ਕੋਈ ਸੱਚਾਈ ਸਾਹਮਣੇ ਨਹੀਂ ਆਈ ਹੈ ਪਰ ਇਸ ਦੇ ਬਾਵਜੂਦ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਕੇਸ ਦਰਜ ਕਰਵਾ ਕੇ ਹੈਬੋਵਾਲ ਥਾਣਾ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੂੰ ਪੂਰੇ ਮਾਮਲੇ ਦੀ ਨਵੇਂ ਸਿਰੇ ਤੋਂ ਪੜਤਾਲ ਸ਼ੁਰੂ ਕਰ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।


Related News