17 ਦਿਨਾਂ ਤਕ ਨਾਬਾਲਿਗਾ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਵਾਲੇ ਪੁਲਸ ਨੇ ਕੀਤੇ ਕਾਬੂ, ਨੌਕਰੀ ਦੇਣ ਦਾ ਦਿੰਦੇ ਰਹੇ ਝਾਂਸਾ
Friday, May 03, 2024 - 05:46 AM (IST)
ਲੁਧਿਆਣਾ (ਗੌਤਮ)– ਸਿਵਲ ਸਿਟੀ ਦੀ ਰਹਿਣ ਵਾਲੀ 16 ਸਾਲਾ ਨਾਬਾਲਿਗਾ ਨੂੰ ਸਹਾਇਤਾ ਦਾ ਝਾਂਸਾ ਦੇ ਕੇ ਅਗਵਾ ਕਰਕੇ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਮੁਲਜ਼ਮ 17 ਦਿਨਾਂ ਤੱਕ ਨਾਬਾਲਿਗਾ ਨੂੰ ਬੰਦੀ ਬਣਾ ਕੇ ਉਸ ਨਾਲ ਜਬਰ-ਜ਼ਿਨਾਹ ਕਰਦੇ ਰਹੇ। ਆਖਿਰ ਕਿਸੇ ਤਰ੍ਹਾਂ ਨਾਲ ਮੁਲਜ਼ਮਾਂ ਦੇ ਚੁੰਗਲ ’ਚੋਂ ਨਿਕਲ ਕੇ ਨਾਬਾਲਿਗਾ ਵਾਪਸ ਘਰ ਪੁੱਜੀ ਤੇ ਆਪਣੀ ਮਾਂ ਨੂੰ ਸਾਰੀ ਜਾਣਕਾਰੀ ਦਿੱਤੀ। ਪੁਲਸ ਨੇ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕੀਤਾ, ਜਦੋਂ ਮੁਲਜ਼ਮ ਸ਼ਹਿਰ ਛੱਡ ਕੇ ਭੱਜਣ ਦੀ ਫਿਰਾਕ ’ਚ ਸਨ।
ਪੁਲਸ ਨੇ ਮੁਲਜ਼ਮਾਂ ਦੀ ਪਛਾਣ ਮੁੱਲਾਂਪੁਰ ਦੇ ਰਹਿਦ ਵਾਲੇ ਸੁਖਵੀਰ ਸਿੰਘ ਉਰਫ਼ ਸੁੱਖੀ, ਫਿਲੌਰ ਦੇ ਰਹਿਣ ਵਾਲੇ ਸੋਹਨ ਉਰਫ਼ ਸੋਨੂੰ ਤੇ ਢੰਡਾਰੀ ਕਲਾਂ ਦੇ ਰਹਿਣ ਵਾਲੇ ਦੀਪਕ ਕੁਮਾਰ ਦੇ ਰੂਪ ’ਚ ਕੀਤੀ ਹੈ। ਮੁਲਜ਼ਮਾਂ ਖ਼ਿਲਾਫ਼ ਨਾਬਾਲਿਗਾ ਦੀ ਮਾਤਾ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੂੰ ਦਿੱਤੇ ਬਿਆਨ ’ਚ ਨਾਬਾਲਿਗਾ ਦੀ ਮਾਤਾ ਨੇ ਦੱਸਿਆ ਕਿ ਉਸ ਦੀ 16 ਸਾਲਾ ਧੀ 8 ਅਪ੍ਰੈਲ ਨੂੰ ਘਰੋਂ ਨਾਰਾਜ਼ ਹੋ ਕੇ ਚਲੀ ਗਈ ਸੀ, ਜਿਸ ਨੂੰ ਲੈ ਕੇ ਕਾਫ਼ੀ ਭਾਲ ਕੀਤੀ ਗਈ ਸੀ ਤੇ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ ਸੀ। 20 ਅਪ੍ਰੈਲ ਨੂੰ ਉਨ੍ਹਾਂ ਦੀ ਧੀ ਜਦੋਂ ਘਰ ਵਾਪਸ ਆਈ ਤਾਂ ਉਸ ਦੀ ਹਾਲਤ ਕਾਫ਼ੀ ਖ਼ਰਾਬ ਸੀ।
ਇਹ ਖ਼ਬਰ ਵੀ ਪੜ੍ਹੋ : ਚਾਹ ਪੀ ਰਹੇ ਨੌਜਵਾਨ ਮਜ਼ਦੂਰ ’ਤੇ ਡਿੱਗੀਆਂ ਕਣਕ ਦੀਆਂ ਬੋਰੀਆਂ, ਮੌਤ
ਉਸ ਦੀ ਧੀ ਨੇ ਦੱਸਿਆ ਕਿ ਉਹ ਘਰੋਂ ਗੁੱਸੇ ਹੋ ਕੇ ਢੰਡਾਰੀ ਰੇਲਵੇ ਸਟੇਸ਼ਨ ’ਤੇ ਪੁੱਜ ਗਈ ਤੇ ਘਰ ਵਾਪਸ ਜਾਣ ਲਈ ਟਰੇਨ ਦਾ ਇੰਤਜ਼ਾਰ ਕਰ ਰਹੀ ਸੀ। ਇੰਨੀ ਦੇਰ ’ਚ ਹੀ ਉਕਤ ਮੁਲਜ਼ਮ ਸੁਖਵੀਰ ਉਸ ਦੇ ਕੋਲ ਆਇਆ ਤੇ ਰੋਂਦੇ ਹੋਏ ਦੇਖ ਕੇ ਉਸ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਮੁਲਜ਼ਮ ਉਸ ਨੂੰ ਆਪਣੇ ਕਮਰੇ ’ਚ ਲੈ ਗਿਆ ਤੇ ਉਥੇ ਜਾ ਕੇ ਉਸ ਨੇ ਆਪਣੇ ਹੋਰ 2 ਦੋਸਤਾਂ ਨੂੰ ਵੀ ਬੁਲਾ ਲਿਆ, ਜਿਨ੍ਹਾਂ ਨੇ ਜ਼ਬਰਦਸਤੀ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ। ਭਾਵੇਂ ਉਸ ਨੇ ਬਚਾਅ ਲਈ ਰੌਲਾ ਪਾਇਆ ਪਰ ਮੁਲਜ਼ਮ ਉਸ ਨੂੰ ਧਮਕਾਉਂਦੇ ਰਹੇ। ਆਖਿਰ ਮੁਲਜ਼ਮਾਂ ਨੇ ਉਸ ਨੂੰ ਕਈ ਦਿਨਾਂ ਤੱਕ ਬੰਦੀ ਬਣਾ ਕੇ ਰੱਖਿਆ।
ਮੁਲਜ਼ਮ ਆਏ ਦਿਨ ਉਸ ਨੂੰ ਨੌਕਰੀ ’ਤੇ ਲਗਵਾਉਣ ਦਾ ਝਾਂਸਾ ਦੇ ਦਿੰਦੇ ਰਹੇ। ਜਾਂਚ ਅਫ਼ਸਰ ਚੌਕੀ ਇੰਚਾਰਜ ਸੁਖਵਿੰਦਰ ਨੇ ਦੱਸਿਆ ਕਿ ਏ. ਐੱਸ. ਆਈ. ਜਿੰਦਰ ਲਾਲ ਸਿੱਧੂ ਦੀ ਟੀਮ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਦੋਸ਼ੀਆਂ ਦੇ ਭੱਜਣ ਦੀ ਸੂਚਨਾ ਮਿਲੀ, ਜਿਨ੍ਹਾਂ ਨੂੰ ਰੇਡ ਕਰਕੇ ਕਾਬੂ ਕਰ ਲਿਆ ਗਿਆ। ਮੁਲਜ਼ਮਾਂ ਨੂੰ ਕੋਰਟ ’ਚ ਪੇਸ਼ ਕਰਕੇ 2 ਦਿਨਾਂ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਪੀੜਤਾ ਦਾ ਮੈਡੀਕਲ ਕਰਵਾ ਕੇ ਮਾਣਯੋਗ ਕੋਰਟ ’ਚ ਬਿਆਨ ਦਰਜ ਕਰਵਾਏ ਗਏ। ਜਾਂਚ ’ਚ ਪਤਾ ਲੱਗਾ ਕਿ ਮੁਲਜ਼ਮ ਢੰਡਾਰੀ ਕਲਾਂ ਰੇਲਵੇ ਸਟੇਸ਼ਨ ’ਤੇ ਪਾਣੀ ਵੇਚਣ ਦਾ ਧੰਦਾ ਕਰਦੇ ਹਨ। ਮੁਲਜ਼ਮਾਂ ਨੇ ਜਦੋਂ ਪੀੜਤਾ ਨੂੰ ਰੇਲਵੇ ਸਟੇਸ਼ਨ ’ਤੇ ਰੋਂਦੇ ਦੇਖਿਆ ਤਾਂ ਸਹਾਇਤਾ ਦਾ ਝਾਂਸਾ ਦੇ ਕੇ ਆਪਣੇ ਚੁੰਗਲ ’ਚ ਫਸਾ ਲਿਆ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।