ਨਾਬਾਲਗਾ ਨਾਲ ਜਬਰ-ਜ਼ਨਾਹ ਦੇ ਮੁਲਜ਼ਮ ਨੂੰ 10 ਸਾਲ ਦੀ ਕੈਦ
Thursday, Feb 08, 2018 - 07:40 AM (IST)

ਮੋਹਾਲੀ (ਕੁਲਦੀਪ) - ਇਥੋਂ ਦੀ ਇਕ ਅਦਾਲਤ ਨੇ ਕਰੀਬ ਇਕ ਸਾਲ ਪਹਿਲਾਂ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਅਤੇ 5 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ । ਦੋਸ਼ੀ ਦਾ ਨਾਮ ਆਜ਼ਾਦ ਅਲੀ ਦੱਸਿਆ ਜਾਂਦਾ ਹੈ, ਜੋ ਕਿ ਪਿੰਡ ਬੜਮਾਜਰਾ ਵਿਚ ਰਹਿੰਦਾ ਹੈ । ਦੋਸ਼ੀ ਨੂੰ ਇਹ ਸਜ਼ਾ ਜ਼ਿਲਾ ਅਤੇ ਸੈਸ਼ਨਜ਼ ਜੱਜ ਦੀ ਅਦਾਲਤ ਵਲੋਂ ਸੁਣਾਈ ਗਈ ਹੈ ।
ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਬਲੌਂਗੀ ਦੀ ਰਹਿਣ ਵਾਲੀ ਇਕ ਨਾਬਾਲਗਾ ਨੂੰ ਬੜਮਾਜਰਾ ਨਿਵਾਸੀ ਆਜ਼ਾਦ ਅਲੀ ਸਾਲ 2016 ਵਿਚ ਵਿਆਹ ਦਾ ਝਾਂਸਾ ਦੇ ਕੇ ਉਸ ਸਮੇਂ ਆਪਣੇ ਨਾਲ ਲੈ ਗਿਆ ਸੀ ਜਦੋਂ ਲੜਕੀ ਆਪਣੇ ਘਰੋਂ ਸਬਜ਼ੀ ਲੈਣ ਲਈ ਬਾਜ਼ਾਰ ਗਈ ਹੋਈ ਸੀ । ਲੜਕੀ ਦੇ ਦੇਰ ਸ਼ਾਮ ਤਕ ਘਰ ਨਾ ਆਉਣ 'ਤੇ ਉਸਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ । ਕਰੀਬ 15 ਦਿਨਾਂ ਬਾਅਦ ਜਦੋਂ ਲੜਕੀ ਘਰ ਵਾਪਸ ਆਈ ਤਾਂ ਉਸ ਨੇ ਆਪਣੇ ਪੇਰੈਂਟਸ ਨੂੰ ਦੱਸਿਆ ਕਿ ਆਜ਼ਾਦ ਅਲੀ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ ਅਤੇ ਕਈ ਦਿਨਾਂ ਤਕ ਉਸ ਦੇ ਨਾਲ ਜਬਰ-ਜ਼ਨਾਹ ਕਰਦਾ ਰਿਹਾ । ਪੁਲਸ ਸਟੇਸ਼ਨ ਬਲੌਂਗੀ ਵਿਚ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਆਜ਼ਾਦ ਅਲੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਸੀ । ਇਸ ਕੇਸ ਦੀ ਸੁਣਵਾਈ ਮੋਹਾਲੀ ਦੀ ਅਦਾਲਤ ਵਿਚ ਚੱਲ ਰਹੀ ਸੀ । ਮੁਲਜ਼ਮ ਇਸ ਸਮੇਂ ਜ਼ਮਾਨਤ 'ਤੇ ਚੱਲ ਰਿਹਾ ਸੀ, ਅੱਜ ਅਦਾਲਤ ਵਿਚ ਕੇਸ ਦੀ ਸੁਣਵਾਈ ਦੌਰਾਨ ਮੁਲਜ਼ਮ ਨੂੰ ਸਜ਼ਾ ਸੁਣਾਈ ਗਈ ਅਤੇ ਉਸ ਨੂੰ ਬਖਸ਼ੀਖਾਨੇ ਵਿਚ ਬੰਦ ਕਰਵਾ ਦਿੱਤਾ ਗਿਆ, ਜਿਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ ।