ਪਹਿਲਾਂ ਕੀਤੀ ਦੋਸਤੀ, ਫਿਰ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ

Thursday, Mar 03, 2022 - 01:30 PM (IST)

ਪਹਿਲਾਂ ਕੀਤੀ ਦੋਸਤੀ, ਫਿਰ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ

ਖਰੜ (ਰਣਬੀਰ) : ਆਪਣੀ ਮਹਿਲਾ ਦੋਸਤ ਨੂੰ ਬਲੈਕਮੇਲ ਕਰ ਕੇ ਉਸ ਨਾਲ ਜਬਰ-ਜ਼ਿਨਹ ਕਰਨ ਦੇ ਦੋਸ਼ ਤਹਿਤ ਸਿਟੀ ਪੁਲਸ ਨੇ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਇਸ ਤੋਂ ਪਹਿਲਾਂ ਵੀ ਆਪਣੀ ਇਸੇ ਦੋਸਤ ਨੂੰ ਪਰੇਸ਼ਾਨ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਹੈ। ਪੁਲਸ ਨੇ ਮੁੜ ਮਾਮਲਾ ਦਰਜ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਇਸ ਸਬੰਧੀ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੀ ਰਹਿਣ ਵਾਲੀ ਪਹਿਲਾਂ ਤੋਂ ਹੀ ਵਿਆਹੀ ਲੜਕੀ, ਜਿਸ ਦਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ, ਮੁਤਾਬਕ ਉਹ ਸੰਗਰੂਰ ਦੇ ਰਹਿਣ ਵਾਲੇ ਨੌਜਵਾਨ ਅੰਮ੍ਰਿਤਪਾਲ ਸਿੰਘ ਨਾਲ ਰਿਸ਼ਤੇ ’ਚ ਸੀ ਪਰ ਅੰਮ੍ਰਿਤਪਾਲ ਦਾ ਵਿਆਹ ਹੋਣ ਪਿੱਛੋਂ ਦੋਵੇਂ ਵੱਖ ਹੋ ਗਏ।

ਬਾਵਜੂਦ ਉਕਤ ਨੌਜਵਾਨ ਉਸਦਾ ਹਰ ਥਾਂ ਪਿੱਛਾ ਕਰਦਾ ਹੋਇਆ , ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਦਾ ਆ ਰਿਹਾ ਸੀ, ਜਿਸ ਦੀ ਸ਼ਿਕਾਇਤ ’ਤੇ ਥਾਣਾ ਮਟੌਰ ਮੋਹਾਲੀ ਪੁਲਸ ਵੱਲੋਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ ’ਚ ਲਿਆ ਗਿਆ ਸੀ ਪਰ ਇਸ ਪਿੱਛੋਂ ਵੀ ਉਕਤ ਨੌਜਵਾਨ ਨੇ ਆਪਣੀ ਦੋਸਤ ਰਹੀ ਲੜਕੀ ਨੂੰ ਉਸੇ ਤਰ੍ਹਾਂ ਤੰਗ ਕਰਨਾ ਜਾਰੀ ਰੱਖਿਆ ਅਤੇ ਉਸ ਦੀਆਂ ਫੋਟੋਆਂ ਵਾਇਰਲ ਕਰਨ ਤੋਂ ਇਲਾਵਾ ਉਸਦੀ ਬੱਚੀ ਦੀ ਪਾਰਕ ਅੰਦਰ ਖੇਡਦੀ ਦੀ ਫੋਟੋ ਖਿੱਚ ਕੇ ਉਸ ਦੇ ਸਮੇਤ ਪਿਸਤੌਲ ਨਾਲ ਧਮਕੀ ਵਾਲੇ ਸਟੇਟਸ ਪਾ ਕੇ ਡਰਾਉਣਾ ਸ਼ੁਰੂ ਕਰ ਦਿੱਤਾ।

ਮੁਲਜ਼ਮ ਕੋਲ ਕੁੜੀ ਦੀਆਂ ਇਤਰਾਜ਼ਯੋਗ ਫੋਟੋਆਂ ਸਨ। ਉਸ ਨੇ ਉਨ੍ਹਾਂ ਤਸਵੀਰਾਂ ਨੂੰ ਡਲੀਟ ਕਰਨ ਦੇ ਬਹਾਨੇ ਕੁੜੀ ਨੂੰ ਖਰੜ ਆਪਣੇ ਕੋਲ ਬੁਲਾ ਲਿਆ। ਆਪਣੇ ਫਲੈਟ ਅੰਦਰ ਲੈ ਜਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਉਹ ਉਸ ਨੂੰ ਆਪਣੀ ਕਾਰ ’ਚ ਬਿਠਾ ਕੇ ਮੁੜ ਨੇੜੇ ਦੀ ਇਕ ਮਾਰਕਿਟ ਵਿਚ ਛੱਡ ਕੇ ਫ਼ਰਾਰ ਹੋ ਗਿਆ, ਜਿਸ ਦੀ ਸ਼ਿਕਾਇਤ ਲੜਕੀ ਵੱਲੋਂ ਪੁਲਸ ਨੂੰ ਦਿੱਤੀ ਗਈ, ਜਿਸ ਦੀ ਪੂਰੀ ਜਾਂਚ ਉਪਰੰਤ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਕਾਬੂ ਕਰ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।
 


author

Babita

Content Editor

Related News