ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ੀ ਨੂੰ 20 ਸਾਲ ਦੀ ਕੈਦ
Thursday, Apr 20, 2023 - 12:04 PM (IST)

ਚੰਡੀਗੜ੍ਹ (ਸੁਸ਼ੀਲ) : ਇੱਥੇ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਹੱਲੋਮਾਜਰਾ ਨਿਵਾਸੀ ਰਾਕੇਸ਼ ਕੁਮਾਰ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ’ਤੇ 22 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਦਰਜ ਮਾਮਲਾ ਦਸੰਬਰ 2020 ਦਾ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਦੀ ਸਭ ਤੋਂ ਛੋਟੀ ਧੀ, ਜੋ ਕਿ 16 ਸਾਲ ਦੀ ਹੈ, 9ਵੀਂ 'ਚ ਪੜ੍ਹਦੀ ਸੀ। ਉਹ ਕੱਪੜੇ ਖਰੀਦਣ ਲਈ ਮਾਰਕਿਟ ਗਈ ਸੀ ਪਰ ਵਾਪਸ ਨਹੀਂ ਆਈ।
ਉਨ੍ਹਾਂ ਨੇ ਕਾਫ਼ੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਸ਼ਿਕਾਇਤਕਰਤਾ ਨੇ ਸੈਕਟਰ-31 ਥਾਣਾ ਪੁਲਸ ਨੂੰ ਦੱਸਿਆ ਕਿ ਉਸ ਦੀ ਨਾਬਾਲਗ ਧੀ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਪੁਲਸ ਨੇ ਜਾਂਚ ਵਿਚ ਪਾਇਆ ਕਿ ਨਾਬਾਲਗਾ ਨੂੰ ਹੱਲੋਮਾਜਰਾ ਨਿਵਾਸੀ ਰਾਕੇਸ਼ ਕੁਮਾਰ ਗੋਰਖਪੁਰ ਲੈ ਗਿਆ ਹੈ।
ਪੁਲਸ ਨੇ ਗੋਰਖਪੁਰ ਵਿਚ ਛਾਪੇਮਾਰੀ ਕਰ ਕੇ ਨਾਬਾਲਗ ਕੁੜੀ ਨੂੰ ਬਰਾਮਦ ਕਰ ਕੇ ਮੁਲਜ਼ਮ ਰਾਜੇਸ਼ ਨੂੰ ਦਬੋਚ ਲਿਆ। ਪੁਲਸ ਨੇ ਮੈਡੀਕਲ ਕਰਵਾਇਆ ਤਾਂ ਲੜਕੀ ਗਰਭਵਤੀ ਪਾਈ ਗਈ। ਥਾਣਾ ਪੁਲਸ ਨੇ ਜਬਰ-ਜ਼ਨਾਹ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਰਾਜੇਸ਼ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਸੀ। ਅਦਾਲਤ ਨੇ ਮੁਲਜ਼ਮ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਸੀ।