ਜਨਾਨੀ ਨਾਲ ਹਵਸ ਮਿਟਾਉਣ ਮਗਰੋਂ ਸੜਕ ਕੰਢੇ ਸੁੱਟ ਗਏ ਸੀ ਦੋਸ਼ੀ, ਚੜ੍ਹੇ ਪੁਲਸ ਦੇ ਅੜਿੱਕੇ

12/04/2020 11:57:33 AM

ਲੁਧਿਆਣਾ (ਤਰੁਣ) : ਕਰੀਬ 10 ਦਿਨ ਪਹਿਲਾਂ ਸਹੁਰੇ ਤੋਂ ਪੇਕੇ ਵੱਲ ਜਾ ਰਹੀ ਦਿਮਾਗੀ ਤੌਰ 'ਤੇ ਕਮਜ਼ੋਰ ਜਨਾਨੀ ਰਾਹ ਭਟਕ ਗਈ, ਜਿਸ ਦਾ ਫ਼ਾਇਦਾ ਇਕ ਆਟੋ ਚਾਲਕ ਨੇ ਚੁੱਕਿਆ। ਜਨਾਨੀ ਦੀ ਹਾਲਤ ਦੇਖ ਕੇ ਮੁਲਜ਼ਮ ਉਸ ਨੂੰ ਦੋਸਤ ਦੇ ਕਮਰੇ ’ਚ ਲੈ ਗਿਆ, ਜਿੱਥੇ ਰਾਤ ਨੂੰ ਉਸ ਨੇ ਦੋਸਤ ਨਾਲ ਮਿਲ ਕੇ ਪੀੜਤ ਜਨਾਨੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਸ ਦੀਆਂ 6 ਟੀਮਾਂ ਨੇ 4 ਦਿਨ ਦੀ ਸਖ਼ਤ ਮਿਹਨਤ ਕੀਤੀ ਅਤੇ ਮੁਲਜ਼ਮਾਂ ਨੂੰ ਦਬੋਚ ਲਿਆ। ਪੁਲਸ ਨੇ ਦੋਸ਼ੀ ਦਾ ਆਟੋ ਵੀ ਬਰਾਮਦ ਕੀਤਾ ਹੈ। ਉਕਤ ਖ਼ੁਲਾਸਾ ਪੱਤਰਕਾਰ ਸਮਾਗਮ 'ਚ ਪੁਲਸ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਿਆ ਹੈ। ਮੁਲਜ਼ਮਾਂ ਦੀ ਪਛਾਣ ਆਟੋ ਚਾਲਕ ਰਿਸ਼ੀ ਰਾਜ ਵਾਸੀ ਭਗਤ ਸਿੰਘ ਕਾਲੋਨੀ ਅਤੇ ਗੁਰਮੀਤ ਸਿੰਘ ਵਾਸੀ ਸ਼ੇਰਪੁਰ ਵਜੋਂ ਹੋਈ ਹੈ। ਪੱਤਰਕਾਰ ਸਮਾਗਮ ਨੂੰ ਸੰਬੋਧਨ ਕਰਦਿਆਂ ਏ. ਡੀ. ਸੀ. ਪੀ. ਦੀਪਕ ਪਾਰਿਕ ਨੇ ਦੱਸਿਆ ਕਿ 23 ਨਵੰਬਰ ਨੂੰ ਜਨਾਨੀ ਸਹੁਰੇ ਘਰ ਤੋਂ ਪੇਕੇ ਵੱਲ ਜਾ ਰਹੀ ਸੀ। ਦਿਮਾਗੀ ਰੂਪ ਤੋਂ ਕਮਜ਼ੋਰ ਹੋਣ ਕਾਰਨ ਉਹ ਰਸਤਾ ਭਟਕ ਗਈ ਅਤੇ ਕਾਫੀ ਦੇਰ ਤੱਕ ਕਾਰਾਬਾਰਾ ਚੌਂਕ, ਸਮਰਾਲਾ ਚੌਂਕ, ਸ਼ੇਰਪੁਰ ਚੌਂਕ, ਚੀਮਾ ਚੌਂਕ, ਫੀਲਡਗੰਜ ਆਦਿ ਇਲਾਕਿਆਂ ਤੋਂ ਘੁੰਮਦੇ ਹੋਏ ਜਲੰਧਰ ਬਾਈਪਾਸ ਚੌਂਕ ਪੁੱਜੀ, ਜਿੱਥੇ ਮੁਲਜ਼ਮ ਨੇ ਉਸ ਨੂੰ ਆਟੋ ’ਚ ਬਿਠਾਇਆ ਅਤੇ ਕਰੀਬ 1 ਘੰਟੇ ਤੱਕ ਪੀੜਤਾ ਨੂੰ ਲੈ ਕੇ ਘੁੰਮਦਾ ਰਿਹਾ। ਪੀੜਤਾ ਦੀ ਹਾਲਤ ਤੋਂ ਜਾਣਕਾਰ ਹੋਣ ਦੇ ਬਾਵਜੂਦ ਮੁਲਜ਼ਮ ਉਸ ਨੂੰ ਆਪਣੇ ਦੋਸਤ ਦੇ ਕਮਰੇ ’ਚ ਲੈ ਗਿਆ, ਜੋ ਕਿ ਪਿੰਡ ਗੰਨਾ ਫਿਲੌਰ 'ਚ ਹੈ, ਜਿੱਥੇ ਰਾਤ ਨੂੰ ਦੋਵਾਂ ਦੋਸ਼ੀਆਂ ਨੇ ਪੀੜਤਾ ਨਾਲ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ।
ਹਵਸ ਮਿਟਾਉਣ ਤੋਂ ਬਾਅਦ ਸਵੇਰ ਸੜਕ ਕੰਢੇ ਛੱਡਿਆ
ਦੋਸ਼ੀਆਂ ਨੇ ਰਾਤ ਨੂੰ ਪੀੜਤਾ ਨਾਲ ਹਵਸ ਮਿਟਾਈ ਅਤੇ ਸਵੇਰ ਪੌਣੇ 6 ਵਜੇ ਸਲੇਮ ਟਾਬਰੀ ਦੇ ਕੋਲ ਛੱਡ ਦਿੱਤਾ। ਇਕ ਵਿਅਕਤੀ ਨੇ ਪੀੜਤਾ ਤੋਂ ਪਤੀ ਦਾ ਮੋਬਾਇਲ ਨੰਬਰ ਲਿਆ ਅਤੇ ਕਾਲ ਕੀਤੀ, ਜਿਸ ਤੋਂ ਬਾਅਦ ਪਤੀ ਨੇ ਪੀੜਤਾ ਦੇ ਪਿਤਾ ਨੂੰ ਦੱਸਿਆ ਅਤੇ ਦੋਵੇਂ ਸਲੇਮ ਟਾਬਰੀ ਪੁੱਜੇ, ਜਿੱਥੇ ਪੀੜਤਾ ਨੇ ਦੱਸਿਆ ਕਿ ਉਸ ਨੂੰ ਇਕ ਆਟੋ ਵਾਲਾ ਆਪਣੇ ਨਾਲ ਇਕ ਕਮਰੇ 'ਚ ਲੈ ਗਿਆ ਅਤੇ ਰਾਤ ਨੂੰ ਉਸ ਦੇ ਨਾਲ ਗਲਤ ਕੰਮ ਕੀਤਾ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ।
4 ਘੰਟੇ ਸ਼ਹਿਰ ’ਚ ਘੁੰਮਦੀ ਰਹੀ ਪੀੜਤਾ
ਦਿਮਾਗੀ ਤੌਰ ’ਤੇ ਕਮਜ਼ੋਰ ਪੀੜਤ ਜਨਾਨੀ ਦੀ ਉਮਰ ਕਰੀਬ 30 ਸਾਲ ਹੈ, ਜੋ ਕਿ ਰਸਤਾ ਭਟਕ ਗਈ ਅਤੇ ਕਰੀਬ 4 ਘੰਟੇ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਘੁੰਮਦੀ ਰਹੀ। ਰਾਤ ਕਰੀਬ ਸਾਢੇ 9 ਵਜੇ ਦੋਸ਼ੀ ਆਟੋ ਚਾਲਕ ਰਿਸ਼ੀ ਰਾਜ ਨੇ ਪੀੜਤਾ ਨੂੰ ਬਿਠਾਇਆ ਅਤੇ 1 ਘੰਟੇ ਤੱਕ ਆਟੋ 'ਚ ਪੀੜਤਾ ਦੇ ਨਾਲ ਘੁੰਮਦਾ ਰਿਹਾ ਅਤੇ ਉਸੇ ਰਾਤ 11 ਵਜੇ ਦੋਸਤ ਦੇ ਕਮਰੇ 'ਚ ਪੀੜਤਾ ਨੂੰ ਲੈ ਕੇ ਪੁੱਜਾ।
ਪੁਲਸ ਨੇ ਕੀਤੀ ਸਖ਼ਤ ਮੁਸ਼ੱਕਤ
ਏ. ਡੀ. ਸੀ. ਪੀ. ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਸ ਨੇ ਕਈ ਦਿਨਾਂ ਤੱਕ ਸਖ਼ਤ ਮੁਸ਼ੱਕਤ ਕੀਤੀ ਹੈ। ਦਿਨ-ਰਾਤ ਇਕ ਕਰਨ ਕਰਕੇ ਮੁਲਜ਼ਮ ਪੁਲਸ ਦੀ ਗ੍ਰਿਫ਼ਤ 'ਚ ਹਨ। ਸ਼ਹਿਰ ਦੇ ਕਈ ਇਲਾਕੇ ਛਾਣ ਮਾਰੇ ਤਾਂ ਜਾ ਕੇ ਦੋਸ਼ੀਆਂ ਦਾ ਸੁਰਾਗ ਹੱਥ ਲੱਗਾ।


 


Babita

Content Editor

Related News