ਪੰਜਵੀਂ ਜਮਾਤ ਦੀ ਵਿਦਿਅਾਰਥਣ ਨਾਲ ਜਬਰ-ਜ਼ਨਾਹ ਕਰਨ ਵਾਲਾ ਗ੍ਰਿਫਤਾਰ
Tuesday, Jul 31, 2018 - 05:15 AM (IST)

ਫਿਲੌਰ(ਭਾਖਡ਼ੀ)- ਪੰਜਵੀਂ ਕਲਾਸ ’ਚ ਪਡ਼੍ਹਨ ਵਾਲੀ 10 ਸਾਲਾ ਬੱਚੀ ਨਾਲ 40 ਸਾਲਾ ਵਿਅਕਤੀ, ਜੋ ਆਪ ਚਾਰ ਬੱਚਿਆਂ ਦਾ ਬਾਪ ਹੈ, ਵਲੋਂ ਜਬਰ-ਜ਼ਨਾਹ ਕਰਨ ਦੀ ਖ਼ਬਰ ਹੈ। ਮੁਲਜ਼ਮ ਨੂੰ ਬਚਾਉਣ ਲਈ ਅਸਰ-ਰਸੂਖ ਵਾਲੇ ਲੋਕਾਂ ਨੇ ਲਡ਼ਕੀ ਦੇ ਪਰਿਵਾਰ ਵਾਲਿਆਂ ’ਤੇ ਮੂੰਹ ਬੰਦ ਰੱਖਣ ਲਈ ਦਬਾਅ ਬਣਾਇਆ ਪਰ ਪੀਡ਼ਤ ਬੱਚੀ ਨੇ ਮਿਸਾਲ ਪੇਸ਼ ਕਰਦਿਅਾਂ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਜੇਕਰ ਉਹ ਪੁਲਸ ਕੋਲ ਨਹੀਂ ਜਾ ਸਕਦੇ ਤਾਂ ਉਹ ਦੋਸ਼ੀ ਨੂੰ ਫਡ਼ਵਾਉਣ ਲਈ ਖੁਦ ਜਾ ਕੇ ਪੁਲਸ ਨੂੰ ਸ਼ਿਕਾਇਤ ਦੇਵੇਗੀ, ਜਿਸ ਤੋਂ ਬਾਅਦ ਮੁਕੱਦਮਾ ਦਰਜ ਹੋ ਸਕਿਆ।
ਬੱਚੀ ਦੇ ਨਾਲ ਕਿਵੇਂ ਹੋਇਆ ਹਾਦਸਾ?
ਫਿਲੌਰ ਇਲਾਕੇ ਦੇ ਇਕ ਪਿੰਡ ਦੀ ਰਹਿਣ ਵਾਲੀ 10 ਸਾਲਾ ਪੀਡ਼ਤ ਬੱਚੀ, ਜੋ ਕਿ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿਚ ਪੰਜਵੀਂ ਕਲਾਸ ਵਿਚ ਪਡ਼੍ਹਦੀ ਹੈ ਤੇ ਉਸ ਦਾ ਪਿਤਾ ਡਰਾਈਵਰੀ ਕਰਦਾ ਹੈ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਉਨ੍ਹਾਂ ਦੀ ਮਾਤਾ ਵੀ ਲੁਧਿਆਣਾ ਦੀ ਇਕ ਫੈਕਟਰੀ ਵਿਚ ਰੋਜ਼ਾਨਾ ਕੰਮ ’ਤੇ ਜਾਂਦੀ ਹੈ। ਬੀਤੀ 24 ਜੁਲਾਈ ਨੂੰ ਸਵੇਰੇ 7 ਵਜੇ ਲਡ਼ਕੀ ਜਦੋਂ ਸਕੂਲ ਪੁੱਜੀ ਤਾਂ ਸਕੂਲ ਦੇ ਗੇਟ ’ਤੇ ਤਾਲਾ ਲੱਗਾ ਹੋਇਆ ਸੀ, ਜਿਸ ਦੀ ਚਾਬੀ ਸਕੂਲ ਵਿਚ ਖਾਣਾ ਬਣਾਉਣ ਵਾਲੀ ਉਰਮਿਲਾ ਦੇਵੀ ਦੇ ਘਰ ਪਈ ਹੁੰਦੀ ਹੈ। ਲਡ਼ਕੀ ਉੱਥੇ ਚਾਬੀ ਲੈਣ ਚਲੀ ਗਈ ਤਾਂ ਘਰ ਵਿਚ ਉਸ ਦਾ ਪਤੀ ਦਿਨੇਸ਼ ਸੋਨੀ, ਜੋ ਕਿ ਖੁਦ ਚਾਰ ਬੱਚਿਆਂ ਦਾ ਪਿਤਾ ਹੈ, ਚਾਹ ਪੀ ਰਿਹਾ ਸੀ। ਮੌਕਾ ਪਾ ਕੇ ਉਹ ਪੀਡ਼ਤ ਬੱਚੀ ਨੂੰ ਸਕੂਲ ਦੀ ਚਾਬੀ ਦੇਣ ਲਈ ਘਰ ਦੇ ਅੰਦਰ ਕਮਰੇ ਵਿਚ ਲੈ ਗਿਆ, ਜਿੱਥੇ ਉਸ ਨੇ ਬੱਚੀ ਨਾਲ ਜਬਰ-ਜ਼ਨਾਹ ਕੀਤਾ ਅਤੇ ਬੱਚੀ ਨੂੰ ਮੂੰਹ ਬੰਦ ਰੱਖਣ ਲਈ ਧਮਕਾਇਆ। ਸ਼ਾਮ ਨੂੰ ਜਦੋਂ ਲਡ਼ਕੀ ਦੀ ਮਾਂ ਕੰਮ ਤੋਂ ਘਰ ਪਰਤੀ ਤਾਂ ਪੀਡ਼ਤ ਬੱਚੀ ਨੇ ਮਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਨੂੰ ਸੁਣ ਕੇ ਮਾਂ ਦੇ ਪੈਰਾਂ ਹੋਠੋਂ ਜ਼ਮੀਨ ਖਿਸਕ ਗਈ। ਮਾਂ ਨੇ ਤੁਰੰਤ ਘਟਨਾ ਦੀ ਜਾਣਕਾਰੀ ਪਿੰਡ ਦੇ ਮੁੱਖ ਲੋਕਾਂ ਨੂੰ ਦਿੰਦੇ ਹੋਏ ਨਿਆਂ ਦੀ ਗੁਹਾਰ ਲਾਈ ਤਾਂ ਪੀਡ਼ਤ ਬੱਚੀ ਦੇ ਮਾਤਾ-ਪਿਤਾ ’ਤੇ ਉਲਟਾ ਉਨ੍ਹਾਂ ਹੀ ਪ੍ਰਭਾਵਸ਼ਾਲੀ ਲੋਕਾਂ ਨੇ ਮੁਲਜ਼ਮ ਦਾ ਪੱਖ ਲੈਂਦੇ ਹੋਏ ਮੂੰਹ ਬੰਦ ਰੱਖਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੀਆਂ ਚਾਰ ਲਡ਼ਕੀਆਂ ਹਨ। ਜੇਕਰ ਉਹ ਪੁਲਸ ਕੋਲ ਗਏ ਤਾਂ ਉਨ੍ਹਾਂ ਦੀਆਂ ਲਡ਼ਕੀਆਂ ਦੇ ਨਾਲ ਅੱਗੇ ਜਾ ਕੇ ਕੋਈ ਵਿਆਹ ਨਹੀਂ ਕਰੇਗਾ। ਉਹ ਮੁਲਜ਼ਮ ਤੋਂ ਸਜ਼ਾ ਵਜੋਂ ਉਨ੍ਹਾਂ ਨੂੰ ਪੈਸੇ ਦਿਵਾ ਦਿੰਦੇ ਹਨ, ਜਿਨ੍ਹਾਂ ਦੇ ਪ੍ਰਭਾਵ ਵਿਚ ਆ ਕੇ ਮਾਂ-ਬਾਪ ਨੇ ਵੀ ਮੂੰਹ ਬੰਦ ਰੱਖਣਾ ਹੀ ਮੁਨਾਸਿਬ ਸਮਝਿਆ। ਪੀਡ਼ਤ ਬੱਚੀ ਨੂੰ ਇਹ ਗੱਲ ਗਵਾਰਾ ਨਾ ਹੋਈ ਅਤੇ ਉਸ ਨੇ ਦੋਸ਼ੀ ਨੂੰ ਸਜ਼ਾ ਦਿਵਾਉਣ ਲਈ ਆਪਣੇ ਮਾਂ-ਬਾਪ ’ਤੇ ਵਾਰ-ਵਾਰ ਦਬਾਅ ਬਣਾਇਆ।
ਪੀਡ਼ਤ ਬੱਚੀ ਨੇ ਕਿਵੇਂ ਪੇਸ਼ ਕੀਤੀ ਮਿਸਾਲ
ਪੀਡ਼ਤ ਬੱਚੀ ਨੂੰ ਜਦੋਂ ਲੱਗਾ ਕਿ ਉਸ ਨੂੰ ਨਿਆਂ ਦਿਵਾਉਣ ਲਈ ਹਰ ਕਿਸੇ ਨੇ ਦਰਵਾਜ਼ੇ ਬੰਦ ਕਰ ਲਏ ਹਨ ਅਤੇ ਉਸ ਦੇ ਆਪਣੇ ਹੀ ਮਾਤਾ-ਪਿਤਾ ਵੀ ਡਰ ਕੇ ਚੁੱਪ ਕਰ ਕੇ ਬੈਠ ਗਏ ਹਨ ਤਾਂ ਲਡ਼ਕੀ ਨੇ ਰੋਜ਼ਾਨਾ ਆਪਣੀ ਮਾਂ ’ਤੇ ਪੁਲਸ ਕੋਲ ਜਾਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਘਟਨਾ ਦੇ 6 ਦਿਨ ਬੀਤ ਜਾਣ ਤੋਂ ਬਾਅਦ ਬੀਤੇ ਦਿਨ ਬੱਚੀ ਨੇ ਆਪਣੀ ਮਾਂ ਨੂੰ ਸਾਫ ਕਹਿ ਦਿੱਤਾ ਕਿ ਜੇਕਰ ਉਹ ਪੁਲਸ ਕੋਲ ਨਹੀਂ ਜਾ ਸਕਦੇ ਤਾਂ ਉਹ ਖੁਦ ਚਲੀ ਜਾਵੇਗੀ। ਮਾਂ ਨੇ ਇਹ ਗੱਲ ਰਾਤ ਨੂੰ ਕੰਮ ਤੋਂ ਪਰਤੇ ਆਪਣੇ ਪਤੀ ਨੂੰ ਦੱਸੀ, ਜਿਸ ’ਤੇ ਉਹ ਸਵੇਰੇ ਆਪਣੀ ਬੱਚੀ ਨੂੰ ਲੈ ਕੇ ਪੁਲਸ ਥਾਣੇ ਪੁੱਜੇ। ਇਥੇ ਲਡ਼ਕੀ ਨੇ ਆਪਣੇ ਨਾਲ ਵਾਪਰੇ ਹਾਦਸੇ ਦੀ ਪੂਰੀ ਜਾਣਕਾਰੀ ਪੁਲਸ ਕੋਲ ਪੁੱਛਣ ’ਤੇ ਮੀਡੀਆ ਨੂੰ ਵੀ ਦਿੱਤੀ, ਜਿਸ ’ਤੇ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਦੋਸ਼ੀ ਦਿਨੇਸ਼ ਸੋਨੀ ਨੂੰ ਗ੍ਰਿਫਤਾਰ ਕਰ ਲਿਆ। ਪੀਡ਼ਤ ਲਡ਼ਕੀ ਦੇ ਬੁਲੰਦ ਹੌਸਲਿਆਂ ਦੀ ਪੁਲਸ ਥਾਣੇ ਵਿਚ ਹਰ ਕੋਈ ਚਰਚਾ ਕਰ ਰਿਹਾ ਸੀ। ®ਜਦੋਂਕਿ ਦੂਜੇ ਪਾਸੇ ਪੀਡ਼ਤ ਪਰਿਵਾਰ ਨੂੰ ਰੋਕਣ ਲਈ ਕੁੱਝ ਅਸਰ-ਰਸੂਖ ਵਾਲੇ ਲੋਕ ਪੁਲਸ ਥਾਣੇ ਵਿਚ ਪੁੱਜ ਗਏ, ਜਿੱਥੇ ਪੀਡ਼ਤਾ ਦੀ ਮਾਂ ਨੇ ਸਭ ਦੇ ਸਾਹਮਣੇ ਕਿਹਾ ਕਿ ਉਹ ਤਾਂ ਚੁੱਪ ਹੋ ਕੇ ਬੈਠ ਗਏ ਸਨ ਪਰ ਉਸ ਦੀ 10 ਸਾਲਾ ਬੇਟੀ ਚੁੱਪ ਬੈਠਣ ਨੂੰ ਤਿਆਰ ਨਹੀਂ ਅਤੇ ਖੁਦ ਪੁਲਸ ਦੇ ਕੋਲ ਮੀਡੀਆ ਨੂੰ ਵੀ ਜਾਣਕਾਰੀ ਦੇ ਰਹੀ ਹੈ।
ਸਕੂਲ ਅਧਿਆਪਕਾ ਨੇ ਵੀ ਖਾਮੋਸ਼ ਰਹਿਣ ਦੀ ਦਿੱਤੀ ਸੀ ਸਲਾਹ
ਹੈਰਾਨੀ ਦੀ ਗੱਲ ਹੈ ਕਿ ਜਿਸ ਸਕੂਲ ਵਿਚ ਬੱਚਿਆਂ ਨੂੰ ਸਿੱਖਿਆ ਦੇ ਕੇ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖਡ਼੍ਹੇ ਹੋਣ ਲਈ ਆਤਮਨਿਰਭਰ ਬਣਾਇਆ ਜਾਂਦਾ ਹੈ, ਉਕਤ ਘਟਨਾ ਵਿਚ ਉਸ ਸਕੂਲ ਦੀ ਅਧਿਆਪਕਾ ਦਾ ਰੋਲ ਵੀ ਬਿਲਕੁਲ ਨਾਕਾਰਾਤਮਕ ਰਿਹਾ। ਪੀਡ਼ਤ ਬੱਚੀ ਆਪਣੀ ਮਾਂ ਦੇ ਨਾਲ ਸਕੂਲ ਅਧਿਆਪਕਾ ਕੋਲ ਵੀ ਪੁੱਜੀ ਸੀ। ਪੂਰੀ ਘਟਨਾ ਸੁਣ ਕੇ ਅਧਿਆਪਕਾ ਨੇ ਵੀ ਉਨ੍ਹਾਂ ਨੂੰ ਉਹੀ ਸਲਾਹ ਦਿੱਤੀ, ਜੋ ਪਿੰਡ ਦੇ ਲੋਕ ਦੇ ਰਹੇ ਸਨ। ਜੇਕਰ ਅਧਿਆਪਕਾ ਉਸੇ ਦਿਨ ਮਾਂ ਨੂੰ ਪ੍ਰੇਰਿਤ ਕਰ ਕੇ ਇਹ ਜਾਣਕਾਰੀ ਪੁਲਸ ਨੂੰ ਦੇ ਦਿੰਦੀ ਤਾਂ ਰੇਪ ਦੀ ਸ਼ਿਕਾਰ ਮਾਸੂਮ ਲਡ਼ਕੀ ਨੂੰ ਨਿਆਂ ਲੈਣ ਲਈ 6 ਦਿਨ ਤੱਕ ਘਰ ਵਿਚ ਨਾ ਬੈਠਣਾ ਪੈਂਦਾ।