ਬੱਚੀਆਂ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੇ ਫੈਸਲੇ ਦੀ ਹਰ ਪਾਸੇ ਸ਼ਲਾਘਾ

Friday, Jun 29, 2018 - 12:46 AM (IST)

ਬੱਚੀਆਂ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੇ ਫੈਸਲੇ ਦੀ ਹਰ ਪਾਸੇ ਸ਼ਲਾਘਾ

ਜਲਾਲਾਬਾਦ(ਗੋਇਲ)-ਪੰਜਾਬ ਸਰਕਾਰ ਵੱਲੋਂ ਕੈਬਨਿਟ ਮੀਟਿੰਗ ’ਚ ਜਬਰ-ਜ਼ਨਾਹ ਨੂੰ ਰੋਕਣ ਲਈ ਵੱਡਾ ਫੈਸਲਾ ਕੀਤਾ ਗਿਆ ਹੈ। ਇਸ ਦੌਰਾਨ 12 ਸਾਲ ਤੋਂ ਘੱਟ ਉਮਰ ਦੀ ਲਡ਼ਕੀ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਤੇ 16 ਸਾਲ ਦੀ ਉਮਰ ਦੀ ਲਡ਼ਕੀ ਨਾਲ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀ ਨੂੰ ਉਮਰ ਕੈਦ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਫੈਸਲੇ ਦਾ ਹਰ ਵਰਗ ਨੇ ਸਵਾਗਤ ਤੇ ਸ਼ਲਾਘਾ ਕੀਤੀ ਹੈ। ਇਸ ਸਬੰਧੀ ‘ਜਗ ਬਾਣੀ’ ਵੱਲੋਂ ਬੱਚੀਆਂ ਨਾਲ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਵਿਸ਼ੇਸ਼ ਮੁੰਹਿਮ  ਚਲਾਈ ਗਈ ਸੀ। ‘ਜਗ ਬਾਣੀ’ ਨੇ ਜਲਾਲਾਬਾਦ ਦੇ ਲੋਕਾਂ ਨਾਲ ਸਰਕਾਰ ਦੇ ਫੈਸਲੇ ਸਬੰਧੀ ਗੱਲਬਾਤ ਕਰਦੇ ਹੋਏ ਉਨ੍ਹਾਂ ਦੀ ਰਾਇ ਹਾਸਲ ਕੀਤੀ।
ਸਰਕਾਰ ਦਾ ਸਹੀ ਫੈਸਲਾ : ਹਰਸ਼ ਬਾਲਾ ਜਿੰਦਲ
ਜਲਾਲਾਬਾਦ ਵਾਸੀ ਜਾਗਰੂਕ ਔਰਤ ਸ਼੍ਰੀਮਤੀ ਹਰਸ਼ ਬਾਲਾ ਜਿੰਦਲ ਨੇ ਕਿਹਾ ਕਿ ਸਰਕਾਰ ਵੱਲੋਂ ਜਬਰ-ਜ਼ਨਾਹ ਨੂੰ ਰੋਕਣ ਲਈ ਬਿਲਕੁਲ ਸਹੀ ਫੈਸਲਾ ਲਿਆ ਗਿਆ ਹੈ। ਸਰਕਾਰ ਦੇ ਸਖਤ ਰਵੱਈਏ ਤੇ ਸਖਤ ਕਾਨੂੰਨ ਨਾਲ ਅਜਿਹੇ ਤੱਤਾਂ ’ਚ ਡਰ ਪੈਦਾ ਹੋਵੇਗਾ ਤੇ ਅਜਿਹੀਆਂ ਘਟਨਾਵਾਂ ’ਤੇ ਰੋਕ ਲੱਗੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਲੈ ਲਿਆ ਹੈ ਪਰ ਇਸ ਨੂੰ ਗੰਭੀਰਤਾ ਨਾਲ ਲਾਗੂ ਵੀ ਕੀਤਾ ਜਾਣਾ ਚਾਹੀਦਾ ਹੈ।
ਲੋਕਾਂ ’ਚ ਪੈਦਾ ਹੋਵੇਗਾ ਡਰ : ਸੀਮਾ ਦਾਹੂਜਾ
 ਸਮਾਜ ਸੇਵੀ ਸੀਮਾ ਦਾਹੂਜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੈਬਨਿਟ ਵੱਲੋਂ ਬੱਚੀਆਂ ਨਾਲ ਜਬਰ-ਜ਼ਨਾਹ ਦੇ ਦੋਸ਼ੀਆਂ ਸਬੰਧੀ ਲਏ ਗਏ ਸਖਤ ਫੈਸਲੇ ਨਾਲ ਲੋਕਾਂ ’ਚ ਡਰ ਪੈਦਾ ਹੋਵੇਗਾ, ਜਿਸ ਕਾਰਨ ਸੂਬੇ ’ਚ ਅਜਿਹੀਅਾਂ ਘਟਨਾਵਾਂ ’ਤੇ ਰੋਕ ਲੱਗੇਗੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ’ਚ ਜਬਰ-ਜ਼ਨਾਹ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਮੌਜੂਦਾ ਸਮੇਂ ਵਿਚ ਅਜਿਹਾ ਸਖਤ ਕਾਨੂੰਨ ਬਣਾਉਣ ਦੀ ਜ਼ਰੂਰਤ ਸੀ, ਜੋ ਕਿ ਸਰਕਾਰ ਵੱਲੋਂ ਬਣਾ ਕੇ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ।
ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇ ਫੈਸਲਾ : ਵਿਨੋਦ ਕੁਮਾਰੀ ਜਿੰਦਲ
 ਇਲਾਕੇ ਦੀਅਾਂ ਵੱਖ-ਵੱਖ ਜਥੇਬੰਦੀਆਂ ਨਾਲ ਸ਼੍ਰੀਮਤੀ ਵਿਨੋਦ ਕੁਮਾਰੀ ਜਿੰਦਲ ਨੇ ਕਿਹਾ ਕਿ ਸਰਕਾਰ ਵੱਲੋਂ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦਾ ਫੈਸਲਾ ਬਿਲਕੁਲ ਸ਼ਲਾਘਾਯੋਗ ਹੈ ਪਰ ਇਸ ਫੈਸਲੇ ਨੂੰ ਜਲਦ ਤੋਂ ਜਲਦ ਜ਼ਮੀਨੀ ਪੱਧਰ ’ਤੇ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦਾ ਤਦ ਹੀ ਫਾਇਦਾ ਹੈ ਜਦ ਇਸ ਨੂੰ ਜਲਦ ਤੋਂ ਜਲਦ ਕਾਨੂੰਨ ਦਾ ਰੂਪ ਦੇ ਦਿੱਤਾ ਜਾਵੇ।


Related News