ਮੋਬਾਇਲ ਲੋਕੇਸ਼ਨ ਦੇ ਆਧਾਰ ''ਤੇ ਨਾਬਾਲਗਾ ਦਾ ਦੋਸਤ ਗ੍ਰਿਫਤਾਰ, ਸਾਥੀ ਦੀ ਤਲਾਸ਼ ''ਚ ਛਾਪੇਮਾਰੀ

02/14/2018 5:03:27 AM

ਲੁਧਿਆਣਾ(ਅਨਿਲ)- 9 ਫਰਵਰੀ ਨੂੰ 16 ਸਾਲ ਦੀ ਇਕ ਲੜਕੀ ਦੀ ਸ਼ਿਕਾਇਤ 'ਤੇ 4 ਦੋਸ਼ੀਆਂ ਖਿਲਾਫ ਸਮੂਹਿਕ ਜਬਰ-ਜ਼ਨਾਹ ਦਾ ਪਰਚਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਵਿਚ ਜੁਟੀ ਮੇਹਰਬਾਨ ਡਵੀਜ਼ਨ ਦੀ ਪੁਲਸ ਨੇ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਥਾਣਾ ਮੁਖੀ ਜਰਨੈਲ ਸਿੰਘ ਮੁਤਾਬਕ ਪੁਲਸ ਨੇ ਛਾਣਬੀਣ ਸ਼ੁਰੂ ਕਰਦੇ ਹੋਏ ਪੀੜਤ ਲੜਕੀ ਦਾ ਮੋਬਾਇਲ ਫੋਨ ਚੈੱਕ ਕੀਤਾ, ਜਿਸ ਵਿਚ ਉਸ ਦਾ ਫੇਸਬੁੱਕ ਫ੍ਰੈਂਡ ਜਗਪ੍ਰੀਤ ਜੱਗੂ ਸਾਹਮਣੇ ਆਇਆ। ਉਨ੍ਹਾਂ ਦੱਸਿਆ ਕਿ ਇਕ ਮਹੀਨਾ ਪਹਿਲਾਂ ਪੀੜਤਾ ਦੀ ਫੇਸਬੁੱਕ 'ਤੇ ਜੱਗੂ ਨਾਲ ਜਾਣ-ਪਛਾਣ ਹੋਈ ਸੀ, ਜੋ ਕਿ ਦੋਸਤੀ ਵਿਚ ਬਦਲ ਗਈ। ਇਸ ਤੋਂ ਬਾਅਦ ਘਟਨਾ ਵਾਲੇ ਦਿਨ ਜਗਪ੍ਰੀਤ ਜੱਗੂ ਪੁੱਤਰ ਸੁਖਵਿੰਦਰ ਸਿੰਘ ਨਿਵਾਸੀ ਚਿੱਟੀ ਕਾਲੋਨੀ, ਭੱਟੀਆਂ ਬੇਟ ਅਤੇ ਉਸ ਦਾ ਸਾਥੀ ਪਵਨਦੀਪ ਪੁੱਤਰ ਹਰਜੀਤ ਸਿੰਘ ਨਿਵਾਸੀ ਗੁਰਸਾਗਰ ਵਿਹਾਰ ਕਾਲੋਨੀ ਲੜਕੀ ਨੂੰ ਆਪਣੇ ਮੋਟਰਸਾਈਕਲ 'ਤੇ ਇਕ ਮਕਾਨ ਵਿਚ ਲੈ ਗਏ, ਜਿਥੇ ਦੋਵਾਂ ਨੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ। ਪੁਲਸ ਨੇ ਅੱਜ ਜਗਤਪ੍ਰੀਤ ਜੱਗੂ ਨੂੰ ਮੋਬਾਇਲ ਫੋਨ ਦੀ ਲੋਕੇਸ਼ਨ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ ਹੈ, ਦੂਜਾ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਉਸ ਦੀ ਭਾਲ ਕਰ ਰਹੀ ਹੈ। ਪੀੜਤਾ ਦੇ ਮੋਬਾਇਲ ਨੇ ਦੋਸ਼ੀਆਂ ਤੱਕ ਪਹੁੰਚਾਇਆ-ਥਾਣਾ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਉਕਤ ਨਾਬਾਲਗਾ ਨਾਲ ਸਮੂਹਿਕ ਜਬਰ-ਜ਼ਨਾਹ ਤੋਂ ਬਾਅਦ ਪੁਲਸ ਹਰ ਪਹਿਲੂ ਤੋਂ ਜਾਂਚ 'ਚ ਜੁਟ ਗਈ ਸੀ। ਉਨ੍ਹਾਂ ਦੱਸਿਆ ਕਿ ਪੀੜਤਾ ਦੇ ਮੋਬਾਇਲ ਨੇ ਦੋਸ਼ੀਆਂ ਤੱਕ ਪਹੁੰਚਾਇਆ, ਕਿਉਂਕਿ ਮੋਬਾਇਲ 'ਤੇ ਚੱਲ ਰਹੇ ਫੇਸਬੁੱਕ ਪੇਜ 'ਤੇ ਫੋਕਸ ਕਰਨ 'ਤੇ ਪੁਲਸ ਇਕ ਦੋਸ਼ੀ ਤੱਕ ਪਹੁੰਚੀ।


Related News